ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ-ਆਸਿਆਨ ਸਮੂਹ ਦਰਮਿਆਨ ਰਣਨੀਤਕ ਭਾਈਵਾਲੀ ਬੇਯਕੀਨੀਆਂ ਵਿਚਾਲੇ ਆਲਮੀ ਸਥਿਰਤਾ ਤੇ ਵਿਕਾਸ ਲਈ ਮਜ਼ਬੂਤ ਆਧਾਰ ਵਜੋਂ ਉਭਰ ਰਹੀ ਹੈ। ਸਾਲ 2026 ਭਾਰਤ-ਆਸਿਆਨ ਸਮੁੰਦਰੀ ਸਹਿਯੋਗ ਦਾ ਸਾਲ ਹੋਵੇਗਾ। ਉਨ੍ਹਾਂ ਭਾਰਤ-ਆਸਿਆਨ ਸਾਲਾਨਾ ਸਿਖਰ ਸੰਮੇਲਨ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਮੂਹ ਨਵੀਂ ਦਿੱਲੀ ਦੀ ‘ਐਕਟ ਈਸਟ’ ਨੀਤੀ ਦਾ ਅਹਿਮ ਥੰਮ੍ਹ ਹੈ। ਉਨ੍ਹਾਂ ਹਿੰਦ-ਪ੍ਰਸ਼ਾਂਤ ਖੇਤਰ ’ਚ ਸਮੂਹ ਦੀ ਕੇਂਦਰੀ ਭੂਮਿਕਾ ਪ੍ਰਤੀ ਨਵੀਂ ਦਿੱਲੀ ਦੀ ਹਮਾਇਤ ਦੀ ਪੁਸ਼ਟੀ ਵੀ ਕੀਤੀ।
ਆਸਿਆਨ ਨੂੰ ਇਸ ਖਿੱਤੇ ਦੇ ਸਭ ਤੋਂ ਪ੍ਰਭਾਵਸ਼ਾਲੀ ਸਮੂਹਾਂ ’ਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਭਾਰਤ, ਅਮਰੀਕਾ, ਚੀਨ, ਜਪਾਨ ਤੇ ਆਸਟਰੇਲੀਆ ਸਮੇਤ ਕਈ ਹੋਰ ਮੁਲਕ ਇਸ ਸਮੂਹ ਦੇ ਭਾਈਵਾਲ ਹਨ। ਮਲੇਸ਼ੀਆ ਇਸ ਸਾਲ ਕੁਆਲਾਲੰਪੁਰ ’ਚ ਸਮੂਹ ਦੇ ਸਾਲਾਨਾ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਆਸਿਆਨ-ਭਾਰਤ ਵਸਤਾਂ ਵਪਾਰ ਸਮਝੌਤੇ (ਏ ਆਈ ਟੀ ਆਈ ਜੀ ਏ) ’ਚ ਕੁਝ ਅਸਲ ਪ੍ਰਗਤੀ ਹੋਈ ਹੈ ਅਤੇ ਸਮੂਹ ਇਸ ਨੂੰ ਇਸ ਸਾਲ ਨੇਪਰੇ ਚਾੜ੍ਹਨਾ ਚਾਹੁੰਦਾ ਹੈ।
ਪ੍ਰਧਾਨ ਮੰਤਰੀ ਨੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਭਾਰਤ ਨੇ ਹਮੇਸ਼ਾ ‘ਆਸਿਆਨ ਕੇਂਦਰਿਤ’ ਅਤੇ ਹਿੰਦ-ਪ੍ਰਸ਼ਾਂਤ ਖੇਤਰ ’ਤੇ ਆਸਿਆਨ ਦੇ ਨਜ਼ਰੀਏ ਦੀ ਪੂਰੀ ਹਮਾਇਤ ਕੀਤੀ ਹੈ। ਬੇਯਕੀਨੀ ਦੇ ਇਸ ਦੌਰ ਵਿੱਚ ਵੀ ਭਾਰਤ-ਆਸਿਆਨ ਵਿਆਪਕ ਰਣਨੀਤਕ ਭਾਈਵਾਲੀ ਨੇ ਲਗਾਤਾਰ ਪ੍ਰਗਤੀ ਕੀਤੀ ਹੈ। ਸਾਡੀ ਮਜ਼ਬੂਤ ਭਾਈਵਾਲੀ ਆਲਮੀ ਸਥਿਰਤਾ ਤੇ ਵਿਕਾਸ ਲਈ ਮਜ਼ਬੂਤ ਆਧਾਰ ਵਜੋਂ ਉਭਰ ਰਹੀ ਹੈ। ਭਾਰਤ ਹਰ ਸੰਕਟ ਵਿੱਚ ਆਪਣੇ ਆਸਿਆਨ ਦੋਸਤਾਂ ਨਾਲ ਡੱਟ ਕੇ ਖੜ੍ਹਾ ਰਿਹਾ ਹੈ ਅਤੇ ਸਮੁੰਦਰੀ ਸੁਰੱਖਿਆ ਤੇ ਨੀਲੇ ਅਰਥਚਾਰੇ ਦੇ ਖੇਤਰ ’ਚ ਦੁਵੱਲਾ ਸਹਿਯੋਗ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਦੇ ਮੱਦੇਨਜ਼ਰ ਅਸੀਂ 2026 ਨੂੰ ਆਸਿਆਨ-ਭਾਰਤ ਸਮੁੰਦਰੀ ਸਹਿਯੋਗ ਦਾ ਸਾਲ ਐਲਾਨ ਰਹੇ ਹਾਂ।’’ ਉਨ੍ਹਾਂ ਅੱਗੇ ਕਿਹਾ, ‘‘ਅਸੀਂ ਸਿੱਖਿਆ, ਸੈਰ-ਸਪਾਟਾ, ਵਿਗਿਆਨ ਤੇ ਤਕਨੀਕ, ਸਿਹਤ, ਹਰਿਤ ਊਰਜਾ ਅਤੇ ਸਾਈਬਰ ਸੁਰੱਖਿਆ ਦੇ ਖੇਤਰਾਂ ’ਚ ਸਹਿਯੋਗ ਵੀ ਤੇਜ਼ੀ ਨਾਲ ਅੱਗੇ ਵਧਾ ਰਹੇ ਹਾਂ। ਅਸੀਂ ਆਪਣੀ ਸਾਂਝੀ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਕਰਨ ਅਤੇ ਲੋਕਾਂ ਵਿਚਾਲੇ ਸਬੰਧ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਦੇ ਰਹਾਂਗੇ।’’ ਉਨ੍ਹਾਂ ਕਿਹਾ, ‘‘ਭਾਰਤ ਤੇ ਆਸਿਆਨ ਮਿਲ ਕੇ ਦੁਨੀਆ ਦੀ ਤਕਰੀਬਨ ਇੱਕ ਚੌਥਾਈ ਆਬਾਦੀ ਦੀ ਨੁਮਾਇੰਦਗੀ ਕਰਦੇ ਹਨ। ਅਸੀਂ ਨਾ ਸਿਰਫ਼ ਭੂਗੋਲਿਕ ਪੱਖੋਂ ਬਰਾਬਰ ਹਾਂ ਸਗੋਂ ਡੂੰਘੇ ਇਤਿਹਾਸਕ ਸਬੰਧਾਂ ਤੇ ਸਾਂਝੀਆਂ ਕਦਰਾਂ-ਕੀਮਤਾਂ ’ਚ ਵੀ ਬੱਝੇ ਹੋਏ ਹਾਂ। ਅਸੀਂ ਆਲਮੀ ਦੱਖਣ (ਗਲੋਬਲ ਸਾਊਥ) ’ਚ ਸਾਥੀ ਹਾਂ। ਅਸੀਂ ਨਾ ਸਿਰਫ ਕਾਰੋਬਾਰੀ ਭਾਈਵਾਲ ਹਾਂ ਸਗੋਂ ਸੱਭਿਆਚਾਰਕ ਭਾਈਵਾਲ ਵੀ ਹਾਂ। ਆਸਿਆਨ ਭਾਰਤ ਦੀ ‘ਐਕਟ ਈਸਟ’ ਨੀਤੀ ਦਾ ਆਧਾਰ ਹੈ।
ਬ੍ਰਾਜ਼ੀਲ ’ਤੇ ਟੈਰਿਫ ਘਟਾ ਸਕਦੇ ਹਾਂ: ਟਰੰਪ
ਕੁਆਲਾਲੰਪੁਰ: ਅਮਰੀਕਾ ਦੇ ਰਾਸ਼ਟਰਪਤੀ ਨੇ ਅੱਜ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਈ ਇਨਾਸੀਓ ਲੂਲਾ ਡਾ ਸਿਲਵਾ ਨਾਲ ਮੀਟਿੰਗ ਕੀਤੀ ਜੋ ਸਿਖਰ ਸੰਮੇਲਨ ’ਚ ਸ਼ਾਮਲ ਹੋਏ ਹਨ। ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਜੋ ਟਰੰਪ ਦੇ ਕਰੀਬੀ ਰਹੇ, ’ਤੇ ਮੁਕੱਦਮਾ ਚਲਾਉਣ ਕਾਰਨ ਦੋਵਾਂ ਆਗੂਆਂ ਵਿਚਾਲੇ ਵਖਰੇਵੇਂ ਰਹੇ ਹਨ। ਅੱਜ ਬ੍ਰਾਜ਼ੀਲ ਦੇ ਰਾਸ਼ਟਰਪਤੀ ਨਾਲ ਮੀਟਿੰਗ ਦੌਰਾਨ ਟਰੰਪ ਨੇ ਕਿਹਾ ਕਿ ਉਹ ਬ੍ਰਾਜ਼ੀਲ ’ਤੇ ਟੈਕਸ ਘਟਾ ਸਕਦੇ ਹਨ ਜੋ ਉਨ੍ਹਾਂ ਬੋਲਸੋਨਾਰੋ ਪ੍ਰਤੀ ਨਰਮੀ ਵਰਤਣ ਲਈ ਲਾਗੂ ਕੀਤਾ ਸੀ। ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਸਾਨੂੰ ਦੋਵਾਂ ਮੁਲਕਾਂ ਲਈ ਕੁਝ ਸਮਝੌਤੇ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ।’’ ਟਰੰਪ ਜਿੱਥੇ ਲੂਲਾ ਪ੍ਰਤੀ ਗਰਮਜੋਸ਼ੀ ਦਿਖਾ ਰਹੇ ਸਨ ਉੱਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੋਂ ਉਨ੍ਹਾਂ ਦੂਰੀ ਬਣਾਈ ਰੱਖੀ। ਰਾਸ਼ਟਰਪਤੀ ਟਰੰਪ ਕੈਨੇਡਾ ਤੋਂ ਖਫ਼ਾ ਹਨ ਕਿਉਂਕਿ ਇਕ ਟੈਨੀਵਿਜ਼ਨ ਇਸ਼ਤਿਹਾਰ ’ਚ ਉਨ੍ਹਾਂ ਦੀਆਂ ਵਪਾਰ ਨੀਤੀਆਂ ਦਾ ਵਿਰੋਧ ਕੀਤਾ ਗਿਆ ਸੀ। -ਏਪੀ
ਪੂਰਬੀ ਤਿਮੋਰ ਆਸਿਆਨ ਦਾ ਨਵਾਂ ਮੈਂਬਰ ਬਣਿਆ
ਕੁਆਲਾਲੰਪੁਰ: ਦੱਖਣੀ ਪੂਰਬ ਏਸ਼ਿਆਈ ਮੁਲਕਾਂ ਦੇ ਸੰਗਠਨ (ਆਸਿਆਨ) ਦਾ 1990 ਦੇ ਦਹਾਕੇ ਮਗਰੋਂ ਪਹਿਲੀ ਵਾਰ ਵਾਧਾ ਕਰਦਿਆਂ ਅੱਜ ਪੂਰਬੀ ਤਿਮੋਰ ਨੂੰ ਇਸ ’ਚ ਰਸਮੀ ਤੌਰ ’ਤੇ ਸ਼ਾਮਲ ਕੀਤਾ ਗਿਆ ਹੈ। ਇਸੇ ਵਿਚਾਲੇ ਕੰਬੋਡੀਆ ਤੇ ਥਾਈਲੈਂਡ ਦੇ ਸਰਹੱਦੀ ਟਕਰਾਅ ਖਤਮ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਮਦਦ ਨਾਲ ਇਸ ਸਾਲ ਹੋਈ ਜੰਗਬੰਦੀ ਦੀ ਮਿਆਦ ਵਧਾਉਣ ’ਤੇ ਅੱਜ ਸਹਿਮਤੀ ਜ਼ਾਹਿਰ ਕੀਤੀ ਹੈ। ਪੂਰਬੀ ਤਿਮੋਰ ਨੂੰ ਆਸਿਆਨ ’ਚ ਸ਼ਾਮਲ ਕੀਤੇ ਜਾਣ ਮਗਰੋਂ ਇਸ ਦੇ ਪ੍ਰਧਾਨ ਮੰਤਰੀ ਸ਼ਨਾਨਾ ਗੁਸਮਾਓ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਸੰਗਠਨ ਦਾ ਲਾਹੇਵੰਦ ਮੈਂਬਰ ਸਾਬਤ ਹੋਵੇਗਾ। ਪੂਰਬੀ ਤਿਮੋਰ ਨੂੰ ਤਿਮੋਰ ਲੈਸਤੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕੁਆਲਾਲੰਪੁਰ ਦੇ ਸਮਾਗਮ ’ਚ ਮੰਚ ’ਤੇ ਹੋਰ ਦਸ ਝੰਡਿਆਂ ਨਾਲ ਪੂਰਬੀ ਤਿਮੋਰ ਦਾ ਝੰਡਾ ਵੀ ਸ਼ਾਮਲ ਕੀਤਾ ਗਿਆ ਜਿਸ ਮਗਰੋਂ ਪ੍ਰਧਾਨ ਮੰਤਰੀ ਗੁਸਮਾਓ ਨੇ ਹੋਰਨਾਂ ਆਗੂਆਂ ਨੂੰ ਕਿਹਾ, ‘‘ਅੱਜ ਇਤਿਹਾਸ ਰਚਿਆ ਗਿਆ ਹੈ। ਤਿਮੋਰ ਲੈਸਤੇ ਦੇ ਲੋਕਾਂ ਲਈ ਇਹ ਨਾ ਸਿਰਫ਼ ਸੁਫਨਾ ਸੱਚ ਹੋਣ ਜਿਹਾ ਹੈ ਸਗੋਂ ਸਾਡੀ ਯਾਤਰਾ ਦੀ ਠੋਸ ਪੁਸ਼ਟੀ ਵੀ ਹੈ।’’ ਇਸ ਸਮਾਗਮ ਨਾਲ ਆਸਿਆਨ ਦੇ ਸਾਲਾਨਾ ਸਿਖਰ ਸੰਮੇਲਨ ਦਾ ਉਦਘਾਟਨ ਹੋਇਆ ਜਿਸ ਮਗਰੋਂ ਚੀਨ, ਜਪਾਨ, ਭਾਰਤ, ਆਸਟਰੇਲੀਆ, ਰੂਸ, ਦੱਖਣੀ ਕੋਰੀਆ ਤੇ ਅਮਰੀਕਾ ਸਮੇਤ ਪ੍ਰਮੁੱਖ ਭਾਈਵਾਲਾਂ ਵਿਚਾਲੇ ਉੱਚ ਪੱਧਰੀ ਮੀਟਿੰਗਾਂ ਹੋਈਆਂ।
ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅੱਜ ਇੱਥੇ ਪਹੁੰਚਣ ਮਗਰੋਂ ਕੰਬੋਡੀਆ ਤੇ ਥਾਈਲੈਂਡ ਵਿਚਾਲੇ ਜੰਗਬੰਦੀ ਦੀ ਮਿਆਦ ’ਚ ਵਾਧੇ ਸਬੰਧੀ ਸਮਝੌਤੇ ’ਤੇ ਦਸਤਖ਼ਤ ਕਰਾਏ ਜਾਣ ਲਈ ਰੱਖੇ ਸਮਾਗਮ ’ਚ ਸ਼ਾਮਲ ਹੋਏ। ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਮੈਨੇਟ ਅਤੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਚਰਨਵਿਰਾਕੁਲ ਵੱਲੋਂ ਸਮਝੌਤੇ ’ਤੇ ਦਸਤਖ਼ਤ ਕੀਤੇ ਜਾਣ ਤੋਂ ਪਹਿਲਾਂ ਸ੍ਰੀ ਟਰੰਪ ਨੇ ਕਿਹਾ, ‘‘ਕਈ ਲੋਕ ਮਾਰੇ ਗਏ ਅਤੇ ਇਸ ਮਗਰੋਂ ਅਸੀਂ ਤੁਰੰਤ ਜੰਗ ਰੁਕਵਾ ਦਿੱਤੀ।’’ ਇਸ ਸਮਝੌਤੇ ਤਹਿਤ ਥਾਈਲੈਂਡ 15 ਕੰਬੋਡਿਆਈ ਸੈਨਿਕਾਂ ਨੂੰ ਰਿਹਾਅ ਕਰੇਗਾ ਅਤੇ ਦੋਵੇਂ ਦੇਸ਼ ਸਰਹੱਦ ਤੋਂ ਭਾਰੀ ਹਥਿਆਰ ਵੀ ਹਟਾਉਣਗੇ। ਟਰੰਪ ਨੇ ਇਸ ਨੂੰ ‘ਅਹਿਮ ਦਿਨ’ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਦੋਵਾਂ ਮੁਲਕਾਂ ਨਾਲ ਆਰਥਿਕ ਸਮਝੌਤਿਆਂ ’ਤੇ ਦਸਤਖ਼ਤ ਕਰ ਰਹੇ ਹਨ ਅਤੇ ਮਲੇਸ਼ੀਆ ਨਾਲ ਵੀ ਵਪਾਰ ਸਮਝੌਤੇ ’ਤੇ ਦਸਤਖ਼ਤ ਕਰਨਗੇ। ਸੰਮੇਲਨ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਜਪਾਨ ਦੀ ਨਵੀਂ ਬਣੀ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਸਮੇਤ 12 ਤੋਂ ਵੱਧ ਮੁਲਕਾਂ ਦੇ ਨੁਮਾਇੰਦੇ ਸ਼ਿਰਕਤ ਕਰ ਰਹੇ ਹਨ। -ਏਪੀ

