ਪੰਜ ਸਾਲਾਂ ਦੇ ਵਕਫ਼ੇ ਬਾਅਦ ਭਾਰਤ ਵੱਲੋਂ ਚੀਨੀ ਨਾਗਰਿਕਾਂ ਲਈ ਵਿਜ਼ਟਰ ਵੀਜ਼ਾ ਸ਼ੁਰੂ ਕਰਨ ਦਾ ਐਲਾਨ
ਬੀਜਿੰਗ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਚੀਨੀ ਨਾਗਰਿਕ ਵੀਰਵਾਰ ਤੋਂ ਵਿਜ਼ਟਰ ਵੀਜ਼ਿਆਂ ਲਈ ਅਪਲਾਈ ਕਰ ਸਕਦੇ ਹਨ। ਇੱਕ ਨੋਟੀਫਿਕੇਸ਼ਨ ਵਿੱਚ ਇਸ ਨੇ ਵੀਜ਼ਿਆਂ ਲਈ ਅਰਜ਼ੀ ਦੇਣ ਦੀਆਂ ਲੋੜੀਂਦੀਆਂ ਪ੍ਰਕਿਰਿਆਵਾਂ ਦੇ ਨਾਲ-ਨਾਲ ਬੀਜਿੰਗ, ਸ਼ੰਘਾਈ ਅਤੇ ਗੁਆਂਗਜ਼ੂ ਵਿੱਚ ਸੰਬੰਧਤ ਭਾਰਤੀ ਵੀਜ਼ਾ ਅਰਜ਼ੀ ਕੇਂਦਰਾਂ ਵਿੱਚ ਜਮ੍ਹਾਂ ਕਰਵਾਏ ਜਾਣ ਵਾਲੇ ਦਸਤਾਵੇਜ਼ਾਂ ਬਾਰੇ ਵੀ ਦੱਸਿਆ।
ਭਾਰਤੀ ਦੂਤਾਵਾਸ ਵੱਲੋਂ ਵਿਜ਼ਟਰ ਵੀਜ਼ੇ ਮੁੜ ਸ਼ੁਰੂ ਕਰਨ ਦਾ ਫੈਸਲਾ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਬੀਜਿੰਗ ਵਿੱਚ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਵਿਆਪਕ ਗੱਲਬਾਤ ਕਰਨ ਤੋਂ ਲਗਭਗ ਡੇਢ ਹਫ਼ਤੇ ਬਾਅਦ ਆਇਆ ਹੈ। ਜੈਸ਼ੰਕਰ ਮੁੱਖ ਤੌਰ ’ਤੇ ਸ਼ੰਘਾਈ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੇ ਸੰਮੇਲਨ ਵਿੱਚ ਸ਼ਾਮਲ ਹੋਣ ਲਈ 14-15 ਜੁਲਾਈ ਨੂੰ ਚੀਨ ਗਏ ਸਨ।
ਵਿਦੇਸ਼ ਮੰਤਰੀ ਨੇ ਚੀਨੀ ਉਪ-ਰਾਸ਼ਟਰਪਤੀ ਹਾਨ ਜ਼ੇਂਗ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਦੁਵੱਲੇ ਸਬੰਧਾਂ ਦਾ ਲਗਾਤਾਰ ਸਧਾਰਣਕਰਨ ਆਪਸੀ ਲਾਭਕਾਰੀ ਨਤੀਜਿਆਂ ਵੱਲ ਲੈ ਜਾ ਸਕਦਾ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤ ਅਤੇ ਚੀਨ ਨੇ ਦੁਵੱਲੇ ਸਬੰਧਾਂ ਨੂੰ ਸੁਧਾਰਨ ਲਈ ਕਈ ਕਦਮ ਚੁੱਕੇ ਹਨ।