DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਤੇ ਯੂਏਈ ਆਪੋ-ਆਪਣੀਆਂ ਕਰੰਸੀਆਂ ਵਿੱਚ ਵਪਾਰ ਕਰਨ ਲਈ ਸਹਿਮਤ ਹੋਏ

ਭਾਰਤੀ ਰਿਜ਼ਰਵ ਬੈਂਕ ਤੇ ਯੂਏਈ ਦੇ ਸੈਂਟਰਲ ਬੈਂਕ ਨੇ ਦੋ ਸਮਝੌਤਿਆਂ ’ਤੇ ਕੀਤੇ ਦਸਤਖ਼ਤ
  • fb
  • twitter
  • whatsapp
  • whatsapp
featured-img featured-img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਏੲੀ ਦੇ ਸ਼ਹਿਜ਼ਾਦੇ ਸ਼ੇਖ਼ ਖਾਲਿਦ ਬਿਨ ਮੁਹੰਮਦ ਬਿਨ ਜ਼ਾਏਦ ਅਲ ਨਾਹਯਾਨ ਨੂੰ ਮਿਲਦੇ ਹੋਏ। -ਫੋਟੋ: ਪੀਟੀਆੲੀ
Advertisement

ਅਬੂ ਧਾਬੀ, 15 ਜੁਲਾਈ

ਭਾਰਤ ਅਤੇ ਯੂਏਈ ਆਪੋ-ਆਪਣੇ ਮੁਲਕਾਂ ਦੀਆਂ ਕਰੰਸੀਆਂ ’ਚ ਵਪਾਰ ਕਰਨ ਅਤੇ ਭਾਰਤੀ ਯੂਨੀਫਾਈਡ ਪੇਮੈਂਟਸ ਇੰਟਰਫੇਸ ਨੂੰ ਖਾੜੀ ਮੁਲਕ ਦੇ ਇੰਸਟੈਂਟ ਪੇਮੈਂਟ ਪਲੈਟਫਾਮ ਨਾਲ ਜੋੜਨ ਲਈ ਸਹਿਮਤ ਹੋ ਗਏ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੌਰੇ ਮਗਰੋਂ ਇਥੇ ਪੁੱਜਣ ’ਤੇ ਯੂਏਈ ਦੇ ਰਾਸ਼ਟਰਪਤੀ ਸ਼ੇਖ਼ ਮੁਹੰਮਦ ਬਿਨ ਜ਼ਾਏਦ ਅਲ ਨਾਹਯਾਨ ਨਾਲ ਵਿਆਪਕ ਚਰਚਾ ਕੀਤੀ। ਯੂਏਈ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਮਗਰੋਂ ਆਪਣੇ ਬਿਆਨ ’ਚ ਮੋਦੀ ਨੇ ਕਿਹਾ ਕਿ ਪਿਛਲੇ ਸਾਲ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ’ਤੇ ਦਸਤਖ਼ਤ ਮਗਰੋਂ ਭਾਰਤ-ਯੂਏਈ ਵਪਾਰ ’ਚ 20 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਆਪੋ-ਆਪਣੀਆਂ ਕਰੰਸੀਆਂ ’ਚ ਵਪਾਰ ਸਬੰਧੀ ਸਮਝੌਤੇ ਨਾਲ ਦੋਵੇਂ ਮੁਲਕਾਂ ਵਿਚਕਾਰ ਮਜ਼ਬੂਤ ਆਰਥਿਕ ਸਹਿਯੋਗ ਅਤੇ ਦੁਵੱਲੇ ਵਿਸ਼ਵਾਸ ਦਾ ਪਤਾ ਲੱਗਦਾ ਹੈ। ਦੋਵੇਂ ਮੁਲਕਾਂ ਦੇ ਕੇਂਦਰੀ ਬੈਂਕਾਂ ਵਿਚਾਲੇ ਸਮਝੌਤੇ ਬਾਰੇ ਗੱਲਬਾਤ ਕਰਦਿਆਂ ਮੋਦੀ ਨੇ ਕਿਹਾ ਕਿ ਇਸ ਨਾਲ ਕੌਮਾਂਤਰੀ ਵਿੱਤੀ ਲੈਣ-ਦੇਣ ਸੁਖਾਲਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਏਈ ’ਚ ਸੀਓਪੀ-28 ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ ਅਤੇ ਉਨ੍ਹਾਂ ਇਸ ਸਾਲ ਹੋਣ ਵਾਲੀ ਕਾਨਫਰੰਸ ’ਚ ਹਿੱਸਾ ਲੈਣ ਦਾ ਮਨ ਬਣਾ ਲਿਆ ਹੈ। ਮੋਦੀ ਦਾ ਇਥੇ ਰਾਸ਼ਟਰਪਤੀ ਭਵਨ ‘ਕਸਰ ਅਲ ਵਤਨ’ ’ਚ ਰਵਾਇਤੀ ਸਵਾਗਤ ਕੀਤਾ ਗਿਆ ਜਿਥੇ ਯੂਏਈ ਦੇ ਰਾਸ਼ਟਰਪਤੀ ਨੇ ਉਨ੍ਹਾਂ ਦੀ ਅਗਵਾਈ ਕੀਤੀ। ਪ੍ਰਧਾਨ ਮੰਤਰੀ ਨੇ ਜਵਾਨਾਂ ਤੋਂ ਸਲਾਮੀ ਵੀ ਲਈ। ਇਸ ਦੌਰਾਨ ਬੱਚੇ ਤਿਰੰਗਾ ਲਹਿਰਾਉਂਦੇ ਦਿਖਾਈ ਦਿੱਤੇ। ਸਰਕਾਰੀ ਬਿਆਨ ਮੁਤਾਬਕ ਭਾਰਤੀ ਰਿਜ਼ਰਵ ਬੈਂਕ ਅਤੇ ਯੂਏਈ ਦੇ ਸੈਂਟਰਲ ਬੈਂਕ ਨੇ ਸਥਾਨਕ ਕਰੰਸੀਆਂ ਭਾਰਤੀ ਰੁਪਏ ਅਤੇ ਯੂਏਈ ਦੇ ਦਿਰਹਾਮ ਦੀ ਸਰਹੱਦ ਪਾਰ ਲੈਣ-ਦੇਣ ਅਤੇ ਪੇਮੈਂਟ ਨੂੰ ਇਕ-ਦੂਜੇ ਮੁਲਕ ਨਾਲ ਜੋੜਨ ’ਚ ਸਹਿਯੋਗ ਲਈ ਦੋ ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਸਮਝੌਤਿਆਂ ’ਤੇ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਅਤੇ ਯੂਏਈ ਸੈਂਟਰਲ ਬੈਂਕ ਦੇ ਗਵਰਨਰ ਖਾਲਿਦ ਮੁਹੰਮਦ ਬਲਾਮਾ ਨੇ ਮੋਦੀ ਅਤੇ ਜ਼ਾਯਦ ਦੀ ਹਾਜ਼ਰੀ ’ਚ ਦਸਤਖ਼ਤ ਕੀਤੇ।

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਏਦ ਅਲ ਨਾਹਯਾਨ ਗੱਲਬਾਤ ਕਰਦੇ ਹੋਏ। -ਫੋਟੋ: ਏਐੱਨਆਈ

ਆਰਬੀਆਈ ਨੇ ਇਕ ਬਿਆਨ ’ਚ ਕਿਹਾ ਕਿ ਸਮਝੌਤੇ ’ਚ ਸਾਰੇ ਚਾਲੂ ਖ਼ਾਤਾ ਲੈਣ-ਦੇਣ ਅਤੇ ਮਨਜ਼ੂਰਸ਼ੁਦਾ ਕੈਪੀਟਲ ਖ਼ਾਤਾ ਲੈਣ-ਦੇਣ ਸ਼ਾਮਲ ਹਨ। ‘ਭੁਗਤਾਨ ਅਤੇ ਮੈਸੇਜਿੰਗ ਪ੍ਰਣਾਲੀਆਂ’ ਬਾਰੇ ਸਮਝੌਤੇ ਦੇ ਸਬੰਧ ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਦੋ ਕੇਂਦਰੀ ਬੈਂਕਾਂ ਨੇ ਆਪਣੇ ਫਾਸਟ ਪੇਮੈਂਟ ਸਿਸਟਮ, ਭਾਰਤ ਦੇ ਯੂਨੀਫਾਈਡ ਪੇਮੈਂਟ ਇੰਟਰਫੇਸ ਨੂੰ ਯੂਏਈ ਦੇ ਤਤਕਾਲ ਭੁਗਤਾਨ ਪਲੈਟਫਾਰਮ ਨਾਲ ਜੋੜਨ ਲਈ ਸਹਿਯੋਗ ਕਰਨ ’ਤੇ ਸਹਿਮਤੀ ਦਿੱਤੀ ਹੈ। ਉਨ੍ਹਾਂ ਦੋਵੇਂ ਮੁਲਕਾਂ ਵਿਚਕਾਰ ਵਿੱਤੀ ਮੈਸੇਜਿੰਗ ਸਿਸਟਮ ਨੂੰ ਜੋੜਨ ’ਚ ਸਹਿਯੋਗ ’ਤੇ ਵੀ ਸਹਿਮਤੀ ਜਤਾਈ ਹੈ। ਕੇਂਦਰੀ ਸਿੱਖਿਆ ਮੰਤਰਾਲੇ ਅਤੇ ਅਬੂ ਧਾਬੀ ਦੇ ਸਿੱਖਿਆ ਤੇ ਗਿਆਨ ਵਿਭਾਗ ਨੇ ਖਾੜੀ ਮੁਲਕ ’ਚ ਆਈਆਈਟੀ ਦਿੱਲੀ ਕੈਂਪਸ ਸਥਾਪਤ ਕਰਨ ਲਈ ਵੀ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਬਾਅਦ ’ਚ ਵਿਸ਼ੇਸ਼ ਦਾਅਵਤ ’ਚ ਮੋਦੀ ਨੂੰ ਸ਼ਾਕਾਹਾਰੀ ਭੋਜਨ ਪਰੋਸਿਆ ਗਿਆ ਜਿਸ ਮਗਰੋਂ ਪ੍ਰਧਾਨ ਮੰਤਰੀ ਵਤਨ ਲਈ ਰਵਾਨਾ ਹੋ ਗਏ। ਦੇਰ ਰਾਤ ਪ੍ਰਧਾਨ ਮੰਤਰੀ ਦਿੱਲੀ ਪਹੁੰਚ ਗਏ ਸਨ। -ਪੀਟੀਆਈ

ਵਿਕਸਿਤ ਮੁਲਕਾਂ ਨੂੰ ਵਾਤਾਵਰਣ ਫੰਡ ਜਾਰੀ ਕਰਨ ’ਤੇ ਦਿੱਤਾ ਜ਼ੋਰ

ਅਬੂਧਾਬੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਏਦ ਅਲ ਨਾਹਯਾਨ ਨੇ ਅੱਜ ਕਿਹਾ ਕਿ ਵਾਤਾਵਰਣ ਤਬਦੀਲੀ ਦੇ ਅਸਰ ਨੂੰ ਘਟਾਉਣ ਤੇ ਇਸ ਨਾਲ ਨਜਿੱਠਣ ਲਈ ਵਿਕਸਿਤ ਦੇਸ਼ਾਂ ਨੂੰ ਸੌ ਅਰਬ ਅਮਰੀਕੀ ਡਾਲਰ ਦੀ ਵੰਡ ਯੋਜਨਾ ਨੂੰ ਪੂਰਾ ਕਰਨ ਦੀ ਤੁਰੰਤ ਲੋੜ ਹੈ। ਦੋਵਾਂ ਆਗੂਆਂ ਵਿਚਾਲੇ ਗੱਲਬਾਤ ਤੋਂ ਬਾਅਦ ਜਲਵਾਯੂ ਤਬਦੀਲੀ ਬਾਰੇ ਜਾਰੀ ਸਾਂਝੇ ਬਿਆਨ ’ਚ ਭਾਰਤ ਤੇ ਯੂਏਈ ਨੇ ਪੈਰਿਸ ਸਮਝੌਤੇ ਦੇ ਟੀਚੇ ਹਾਸਲ ਕਰਨ ਲਈ ਸਮੂਹਿਕ ਕਾਰਵਾਈ ਦੀ ਲੋੜ ’ਤੇ ਜ਼ੋਰ ਦਿੱਤਾ। -ਪੀਟੀਆਈ

ਰਾਸ਼ਟਰਪਤੀ ਨਾਹਯਾਨ ਤੋਂ ਭਰਾਵਾਂ ਵਰਗਾ ਪਿਆਰ ਮਿਲਿਆ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਸੱਭਿਆਚਾਰ ਅਤੇ ਆਰਥਿਕ ਸਬੰਧਾਂ ਨੂੰ ਹੱਲਾਸ਼ੇਰੀ ਦੇਣ ਸਮੇਤ ਭਾਰਤ-ਯੂਏਈ ਦੇ ਵਿਆਪਕ ਰਿਸ਼ਤਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਸ਼ੇਖ਼ ਮੁਹੰਮਦ ਬਿਨ ਜ਼ਾਏਦ ਅਲ ਨਾਹਯਾਨ ਤੋਂ ਹਮੇਸ਼ਾ ਇਕ ਭਰਾ ਵਰਗਾ ਪਿਆਰ ਮਿਲਿਆ ਹੈ। ਉਨ੍ਹਾਂ ਯੂਏਈ ਦੇ ਰਾਸ਼ਟਰਪਤੀ ਨੂੰ ਕਿਹਾ,‘‘ਜਿਸ ਢੰਗ ਨਾਲ ਸਾਡੇ ਦੋਵੇਂ ਮੁਲਕਾਂ ਦੇ ਸਬੰਧਾਂ ’ਚ ਵਿਸਥਾਰ ਹੋਇਆ ਹੈ, ਉਸ ’ਚ ਤੁਸੀਂ ਵੱਡਾ ਯੋਗਦਾਨ ਪਾਇਆ ਹੈ। ਭਾਰਤ ’ਚ ਹਰੇਕ ਵਿਅਕਤੀ ਤੁਹਾਨੂੰ ਆਪਣੇ ਸੱਚੇ ਦੋਸਤ ਵਜੋਂ ਦੇਖਦਾ ਹੈ।’’

Advertisement
×