ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ’ਤੇ 25 ਫੀਸਦ ਟੈਰਿਫ ਲਗਾਉਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਕਿ ਭਾਰਤ ਰੂਸ ਨਾਲ ਕੀ ਕਰਦਾ ਹੈ। ਟਰੰਪ ਨੇ ਕਿਹਾ, ‘ਭਾਰਤ ਨਾਲ ਬਹੁਤ ਘੱਟ ਕਾਰੋਬਾਰ ਕੀਤਾ ਹੈ, ਉਨ੍ਹਾਂ ਦੇ ਟੈਰਿਫ ਬਹੁਤ ਜ਼ਿਆਦਾ ਹਨ, ਦੁਨੀਆ ਵਿੱਚ ਸਭ ਤੋਂ ਉੱਚੇ।’
ਅਮਰੀਕੀ ਸਦਰ ਨੇ ਕਿਹਾ ਕਿ ਅਮਰੀਕਾ ਨੇ ਭਾਰਤ ਨਾਲ ਬਹੁਤ ਘੱਟ ਕਾਰੋਬਾਰ ਕੀਤਾ ਹੈ ਅਤੇ ਰੂਸ ਤੇ ਅਮਰੀਕਾ ਇਕੱਠੇ ਲਗਪਗ ਕੋਈ ਕਾਰੋਬਾਰ ਨਹੀਂ ਕਰਦੇ। ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਮੈਨੂੰ ਕੋਈ ਪ੍ਰਵਾਹ ਨਹੀਂ ਕਿ ਭਾਰਤ, ਰੂਸ ਨਾਲ ਕੀ ਕਰਦਾ ਹੈ। ਮੈਨੂੰ ਇਸ ਦੀ ਵੀ ਕੋਈ ਪ੍ਰਵਾਹ ਨਹੀਂ ਕਿ ਉਹ ਇਕੱਠੇ ਆਪਣੇ ਬੇਜਾਨ ਅਰਥਚਾਰਿਆਂ ਨੂੰ ਕਿਵੇਂ ਡੇਗ ਸਕਦੇ ਹਨ। ਅਸੀਂ ਭਾਰਤ ਨਾਲ ਬਹੁਤ ਘੱਟ ਕਾਰੋਬਾਰ ਕੀਤਾ ਹੈ, ਉਨ੍ਹਾਂ ਦੇ ਟੈਰਿਫ ਦੁਨੀਆ ਵਿੱਚ ਸਭ ਤੋਂ ਉੱਚੇ ਹਨ। ਰੂਸ ਅਤੇ ਅਮਰੀਕਾ ਇਕੱਠੇ ਲਗਭਗ ਕੋਈ ਕਾਰੋਬਾਰ ਨਹੀਂ ਕਰਦੇ। ਆਓ, ਇਸ ਨੂੰ ਇਸੇ ਤਰ੍ਹਾਂ ਰੱਖੀਏ ਅਤੇ ਰੂਸ ਦੇ ਨਾਕਾਮ ਸਾਬਕਾ ਰਾਸ਼ਟਰਪਤੀ ਦਮਿੱਤਰੀ ਮੈਦਵੇਦੇਵ, ਜੋ ਖ਼ੁਦ ਨੂੰ ਅਜੇ ਵੀ ਰਾਸ਼ਟਰਪਤੀ ਸਮਝਦੇ ਹਨ, ਨੂੰ ਆਪਣੀਆਂ ਗੱਲਾਂ ’ਤੇ ਧਿਆਨ ਦੇਣ ਲਈ ਕਹੀਏ। ਉਹ ਬਹੁਤ ਖਤਰਨਾਕ ਖੇਤਰ ਵਿੱਚ ਦਾਖਲ ਹੋ ਰਿਹਾ ਹੈ!’’ ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਵਾਸ਼ਿੰਗਟਨ ਵੱਲੋਂ ਭਾਰਤ ਨਾਲ ਵਪਾਰ ਵਾਰਤਾ ਜਾਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ’ਚ ਸਭ ਤੋਂ ਵੱਧ ਟੈਰਿਫ ਲਾਉਣ ਵਾਲਾ ਦੇਸ਼ ਹੈ। ਭਾਰਤ ਦਾ ਟੈਰਿਫ 175 ਫੀਸਦ ਜਾਂ ਉਸ ਤੋਂ ਵੀ ਵੱਧ ਹੈ। ਟਰੰਪ ਨੇ ਕਿਹਾ ਕਿ ਹਾਲਾਂਕਿ ਭਾਰਤ, ਅਮਰੀਕਾ ਦਾ ਮਿੱਤਰ ਹੈ। ਉਨ੍ਹਾਂ ਕਿਹਾ, ‘ਅਸੀਂ ਪਿਛਲੇ ਕੁਝ ਸਾਲਾਂ ’ਚ ਉਨ੍ਹਾਂ ਨਾਲ ਮੁਕਾਬਲਤਨ ਘੱਟ ਵਪਾਰ ਕੀਤਾ ਹੈ ਕਿਉਂਕਿ ਉਨ੍ਹਾਂ (ਭਾਰਤ) ਦੇ ਟੈਰਿਫ ਬਹੁਤ ਜ਼ਿਆਦਾ ਹਨ, ਦੁਨੀਆ ’ਚ ਸਭ ਤੋਂ ਜ਼ਿਆਦਾ ਅਤੇ ਉਨ੍ਹਾਂ ਕੋਲ ਕਿਸੇ ਵੀ ਦੇਸ਼ ਦੇ ਮੁਕਾਬਲੇ ਸਭ ਤੋਂ ਸਖ਼ਤ ਗ਼ੈਰ-ਮੁਦਰਾ ਆਧਾਰਿਤ ਵਪਾਰ ਅੜਿੱਕੇ ਹਨ।’ ਉਨ੍ਹਾਂ ਕਿਹਾ ਕਿ ਭਾਰਤ ਨੇ ਹਮੇਸ਼ਾ ਰੂਸ ਤੋਂ ਵੱਡੀ ਮਾਤਰਾ ’ਚ ਫੌਜੀ ਉਪਕਰਨ ਤੇ ਊਰਜਾ ਉਤਪਾਦ ਖਰੀਦੇ ਹਨ ਅਤੇ ਉਹ ਵੀ ਅਜਿਹੇ ਸਮੇਂ ਜਦੋਂ ਹਰ ਕੋਈ ਚਾਹੁੰਦਾ ਹੈ ਕਿ ਰੂਸ, ਯੂਕਰੇਨ ’ਚ ਕਤਲੇਆਮ ਬੰਦ ਕਰੇ।
ਟਰੰਪ ਵੱਲੋਂ ਪਾਕਿ ਨਾਲ ਵਪਾਰਕ ਸਮਝੌਤੇ ਦਾ ਐਲਾਨ
ਨਿਊ ਯਾਰਕ/ਵਾਸ਼ਿੰਗਟਨ: ਅਮਰੀਕੀ ਸਦਰ ਡੋਨਲਡ ਟਰੰਪ ਨੇ ਪਾਕਿਸਤਾਨ ਨਾਲ ਵਪਾਰਕ ਸਮਝੌਤੇ ’ਤੇ ਸਹੀ ਪਾਉਣ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਅਮਰੀਕਾ ‘ਵੱਡੇ ਤੇਲ ਭੰਡਾਰ’ ਵਿਕਸਿਤ ਕਰਨ ਲਈ ਪਾਕਿਸਤਾਨ ਨਾਲ ਕੰਮ ਕਰੇਗਾ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੋਇਆ ਕਿ ਟਰੰਪ, ਪਾਕਿਸਤਾਨ ਵਿੱਚ ਕਿਹੜੇ ਵੱਡੇ ਤੇਲ ਭੰਡਾਰਾਂ ਬਾਰੇ ਗੱਲ ਕਰ ਰਹੇ ਸਨ।
ਅਮਰੀਕੀ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ਹੋ ਸਕਦਾ ਹੈ ਕਿ ਕਿਸੇ ਸਮੇਂ ਪਾਕਿਸਤਾਨ, ਭਾਰਤ ਨੂੰ ਤੇਲ ਵੇਚਣ ਲੱਗ ਜਾਵੇ। ਉਨ੍ਹਾਂ ‘ਟਰੁੱਥ ਸੋਸ਼ਲ’ ਉੱਤੇ ਬੁੱਧਵਾਰ ਨੂੰ ਪਾਈ ਪੋਸਟ ’ਚ ਕਿਹਾ, ‘ਅਸੀਂ ਹੁਣੇ-ਹੁਣੇ ਪਾਕਿਸਤਾਨ ਨਾਲ ਸਮਝੌਤਾ ਕੀਤਾ ਹੈ, ਜਿਸ ਤਹਿਤ ਅਮਰੀਕਾ, ਪਾਕਿਸਤਾਨ ਦੇ ਵਿਸ਼ਾਲ ਤੇਲ ਭੰਡਾਰ ਨੂੰ ਵਿਕਸਿਤ ਕਰਨ ਲਈ ਮਿਲ ਕੇ ਕੰਮ ਕਰੇਗਾ। ਅਸੀਂ ਉਸ ਤੇਲ ਕੰਪਨੀ ਨੂੰ ਚੁਣਨ ਦੀ ਪ੍ਰਕਿਰਿਆ ਸ਼ੁਰੂ ਕਰ ਚੁੱਕੇ ਹਾਂ ਜੋ ਇਸ ਭਾਈਵਾਲੀ ਦੀ ਅਗਵਾਈ ਕਰੇਗੀ। ਕੌਣ ਜਾਣਦੈ, ਕਿਸੇ ਦਿਨ ਉਹ ਭਾਰਤ ਨੂੰ ਤੇਲ ਵੇਚਣ ਲੱਗ ਜਾਣ।’
ਪਾਕਿਸਤਾਨ ਕਾਫ਼ੀ ਸਮੇਂ ਤੋਂ ਆਪਣੇ ਤੱਟ ਨੇੜੇ ਵੱਡੇ ਤੇਲ ਭੰਡਾਰ ਹੋਣ ਦੇ ਦਾਅਵੇ ਕਰਦਾ ਰਿਹਾ ਹੈ ਪਰ ਇਨ੍ਹਾਂ ਦਾ ਪਤਾ ਲਾਉਣ ਲਈ ਕੰਮ ਨਹੀਂ ਹੋਇਆ। ਫਿਲਹਾਲ ਇਸ ਵੱਲੋਂ ਆਪਣੀਆਂ ਊਰਜਾ ਲੋੜਾਂ ਪੂਰੀਆਂ ਕਰਨ ਲਈ ਮੱਧ ਪੂਰਬੀ ਮੁਲਕਾਂ ਤੋਂ ਤੇਲ ਦਰਾਮਦ ਕੀਤਾ ਜਾਂਦਾ ਹੈ।
ਇਤਿਹਾਸਕ ਸਮਝੌਤੇ ਲਈ ਟਰੰਪ ਦਾ ਸ਼ੁਕਰੀਆ: ਸ਼ਰੀਫ਼
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਸੋਸ਼ਲ ਮੀਡੀਆ ’ਤੇ ਅੱਜ ਇਸ ਇਤਿਹਾਸਕ ਵਪਾਰਕ ਸਮਝੌਤੇ ਲਈ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਕੀਤਾ ਤੇ ਆਸ ਪ੍ਰਗਟਾਈ ਕਿ ਇਸ ਨਾਲ ਦੋਵਾਂ ਮੁਲਕਾਂ ’ਚ ਸਹਿਯੋਗ ਵਧੇਗਾ। ‘ਰੇਡੀਓ ਪਾਕਿਸਤਾਨ’ ਮੁਤਾਬਕ ਇਹ ਸਮਝੌਤਾ ਪਾਕਿਸਤਾਨ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ, ਅਮਰੀਕਾ ਦੇ ਵਪਾਰ ਮੰਤਰੀ ਹਾਵਰਡ ਲੁਟਨਿਕ ਤੇ ਅਮਰੀਕਾ ਦੇ ਵਪਾਰ ਪ੍ਰਤੀਨਿਧ ਰਾਜਦੂਤ ਜੈਮੀਸਨ ਗ੍ਰੀਰ ’ਚ ਹੋਈ ਮੁਲਾਕਾਤ ਦੌਰਾਨ ਕੀਤਾ ਗਿਆ।-ਪੀਟੀਆਈ
ਅਮਰੀਕਾ ਨੇ ਛੇ ਭਾਰਤੀ ਕੰਪਨੀਆਂ ’ਤੇ ਪਾਬੰਦੀਆਂ ਲਾਈਆਂ
ਨਿਊਯਾਰਕ/ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਇਰਾਨੀ ਮੂਲ ਦੇ ਪੈਟਰੋਕੈਮੀਕਲ ਉਤਪਾਦਾਂ ਦੀ ‘ਅਹਿਮ’ ਵਿਕਰੀ ਤੇ ਖਰੀਦ ਲਈ ਛੇ ਭਾਰਤੀ ਕੰਪਨੀਆਂ ’ਤੇ ਪਾਬੰਦੀ ਲਾਈ ਹੈ। ਭਾਰਤ ਦੀਆਂ ਜਿਹੜੀਆਂ ਕੰਪਨੀਆਂ ’ਤੇ ਪਾਬੰਦੀ ਲਾਈ ਗਈ ਹੈ ਉਨ੍ਹਾਂ ਵਿੱਚ ਕੰਚਨ ਪੋਲੀਮਰਜ਼, ਅਲਕੈਮੀਕਲਜ਼ ਸੌਲਿਊਸ਼ਨਜ਼, ਰਮਨੀਕਲਾਲ ਐੱਸ. ਗੋਸਾਲੀਆ ਐਂਡ ਕੰਪਨੀ, ਜੁਪੀਟਰ ਡਾਈ ਚੈਮ ਪ੍ਰਾਈਵੇਟ ਲਿਮਿਟਡ, ਕੰਪਨੀਆਂ ਗਲੋਬਲ ਇੰਡਸਟੀਜ਼ ਕੈਮੀਕਲਜ਼ ਲਿਮਿਟਡ ਤੇ ਪਰਸਿਸਟੈਂਟ ਪੈਟਰੋਕੈਮ ਪ੍ਰਾਈਵੇਟ ਲਿਮਿਟਡ ਸ਼ਾਮਲ ਹਨ।
ਅਮਰੀਕੀ ਵਿਦੇਸ਼ ਵਿਭਾਗ ਨੇ ਬੀਤੇ ਦਿਨ ਕਿਹਾ, ‘ਇਰਾਨੀ ਸਰਕਾਰ ਆਪਣੀਆਂ ਅਸਥਿਰਤਾ ਵਾਲੀਆਂ ਗਤੀਵਿਧੀਆਂ ਲਈ ਧਨ ਜੁਟਾਉਣ ਲਈ ਪੱਛਮੀ ਏਸ਼ੀਆ ’ਚ ਸੰਘਰਸ਼ ਨੂੰ ਹੁਲਾਰਾ ਦੇ ਰਹੀ ਹੈ। ਅਮਰੀਕਾ ਅਜਿਹੇ ਮਾਲੀਏ ਨੂੰ ਰੋਕਣ ਲਈ ਕਦਮ ਚੁੱਕ ਰਿਹਾ ਹੈ ਜਿਸ ਦੀ ਵਰਤੋਂ ਇਹ ਸਰਕਾਰ ਵਿਦੇਸ਼ਾਂ ’ਚ ਅਤਿਵਾਦ ਨੂੰ ਹਮਾਇਤ ਦੇਣ ਅਤੇ ਆਪਣੇ ਹੀ ਲੋਕਾਂ ਨੂੰ ਦਬਾਉਣ ਲਈ ਕਰਦੀ ਹੈ।’ ਉਸ ਨੇ ਇਰਾਨੀ ਪੈਟਰੋਲੀਅਮ, ਪੈਟਰੋਲੀਅਮ ਉਤਪਾਦਾਂ ਜਾਂ ਪੈਟਰੋਕੈਮੀਕਲ ਵਪਾਰ ’ਚ ਸ਼ਾਮਲ 20 ਆਲਮੀ ਸੰਸਥਾਵਾਂ ’ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ। ਵਿਦੇਸ਼ ਵਿਭਾਗ ਨੇ ਕਿਹਾ ਕਿ ਭਾਰਤ, ਸੰਯੁਕਤ ਅਰਬ ਅਮੀਰਾਤ, ਤੁਰਕੀ ਤੇ ਇੰਡੋਨੇਸ਼ੀਆ ਦੀਆਂ ਕਈ ਕੰਪਨੀਆਂ ’ਤੇ ਇਰਾਨੀ ਮੂਲ ਦੇ ਪੈਟਰੋਕੈਮੀਕਲ ਉਤਪਾਦਾਂ ਦੀ ਅਹਿਮ ਵਿਕਰੀ ਤੇ ਖਰੀਦ ਲਈ ਪਾਬੰਦੀ ਲਾਈ ਜਾ ਰਹੀ ਹੈ। ਵਿਭਾਗ ਨੇ ਆਪਣੇ ਬਿਆਨ ’ਚ ਕਿਹਾ, ‘ਜਿਵੇਂ ਕਿ ਰਾਸ਼ਟਰਪਤੀ ਟਰੰਪ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਕੋਈ ਵੀ ਦੇਸ਼ ਜਾਂ ਵਿਅਕਤੀ ਜੋ ਇਰਾਨੀ ਤੇਲ ਜਾਂ ਪੈਟਰੋਕੈਮੀਕਲ ਉਤਪਾਦ ਖਰੀਦਦਾ ਹੈ, ਉਹ ਅਮਰੀਕੀ ਪਾਬੰਦੀਆਂ ਦੇ ਖਤਰੇ ਦਾ ਸਾਹਮਣਾ ਕਰੇਗਾ ਅਤੇ ਅਮਰੀਕਾ ਨਾਲ ਵਪਾਰ ਨਹੀਂ ਕਰ ਸਕੇਗਾ।’ ਇਰਾਨ ਦੇ ਪੈਟਰੋਕੈਮੀਕਲ ਵਪਾਰ ਨੂੰ ਨਿਸ਼ਾਨਾ ਬਣਾਉਂਦਿਆਂ ਅਮਰੀਕਾ ਨੇ ਕਈ ਦੇਸ਼ਾਂ ਦੀਆਂ 13 ਕੰਪਨੀਆਂ ’ਤੇ ਪਾਬੰਦੀ ਲਾਈ ਹੈ। ਇਸ ਤੋਂ ਇਲਾਵਾ ਅਮਰੀਕੀ ਵਿੱਤ ਵਿਭਾਗ ਨੇ ਸੰਯੁਕਤ ਅਰਬ ਅਮੀਰਾਤ ਸਥਿਤ ਭਾਰਤੀ ਨਾਗਰਿਕ ਪੰਕਜ ਨਾਗਜੀਭਾਈ ਪਟੇਲ ਸਮੇਤ 50 ਤੋਂ ਵੱਧ ਵਿਅਕਤੀਆਂ ਤੇ ਸੰਸਥਾਵਾਂ ਨੂੰ ਪਾਬੰਦੀ ਲਈ ਨਾਮਜ਼ਦ ਕੀਤਾ ਹੈ, ਜੋ ਇਰਾਨ ਦੇ ਸਰਵਉੱਚ ਆਗੂ ਅਯਾਤੁੱਲਾ ਅਲੀ ਖਾਮੇਨੀ ਦੇ ਸਿਖਰਲੇ ਸਿਆਸੀ ਸਲਾਹਕਾਰ ਅਲੀ ਸ਼ਮਖਾਨੀ ਦੇ ਪੁੱਤਰ ਮੁਹੰਮਦ ਹੁਸੈਨ ਸ਼ਮਖਾਨੀ ਦੇ ਕੰਟਰੋਲ ਹੇਠਲੇ ਸ਼ਿਪਿੰਗ ਕਾਰੋਬਾਰ ਦਾ ਹਿੱਸਾ ਹਨ।