DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੰਡੀਆ ਗੱਠਜੋੜ ਦੀ ਰੈਲੀ ਸੰਵਿਧਾਨ ਤੇ ਜਮਹੂਰੀਅਤ ਨੂੰ ਬਚਾਉਣ ਲਈ: ਕਾਂਗਰਸ

ਨਵੀਂ ਦਿੱਲੀ, 30 ਮਾਰਚ ਕਾਂਗਰਸ ਨੇ ਅੱਜ ਆਖਿਆ ਕਿ ਵਿਰੋਧੀ ਗੱਠਜੋੜ ‘ਇੰਡੀਆ’ ਦੀ ਇੱਥੇ ਰਾਮਲੀਲਾ ਮੈਦਾਨ ’ਚ ਹੋਣ ਵਾਲੀ ‘ਲੋਕਤੰਤਰ ਬਚਾਓ ਰੈਲੀ’ ਕਿਸੇ ਇੱਕ ਵਿਅਕਤੀ ਨੂੰ ਬਚਾਉਣ ਲਈ ਨਹੀਂ ਬਲਕਿ ਸੰਵਿਧਾਨ ਤੇ ਜਮਹੂਰੀਅਤ ਨੂੰ ਬਚਾਉਣ ਲਈ ਹੈ। ਵਿਰੋਧੀ ਪਾਰਟੀ ਨੇ...
  • fb
  • twitter
  • whatsapp
  • whatsapp
featured-img featured-img
‘ਆਪ’ ਆਗੂ ਗੋਪਾਲ ਰਾਏ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 30 ਮਾਰਚ

ਕਾਂਗਰਸ ਨੇ ਅੱਜ ਆਖਿਆ ਕਿ ਵਿਰੋਧੀ ਗੱਠਜੋੜ ‘ਇੰਡੀਆ’ ਦੀ ਇੱਥੇ ਰਾਮਲੀਲਾ ਮੈਦਾਨ ’ਚ ਹੋਣ ਵਾਲੀ ‘ਲੋਕਤੰਤਰ ਬਚਾਓ ਰੈਲੀ’ ਕਿਸੇ ਇੱਕ ਵਿਅਕਤੀ ਨੂੰ ਬਚਾਉਣ ਲਈ ਨਹੀਂ ਬਲਕਿ ਸੰਵਿਧਾਨ ਤੇ ਜਮਹੂਰੀਅਤ ਨੂੰ ਬਚਾਉਣ ਲਈ ਹੈ। ਵਿਰੋਧੀ ਪਾਰਟੀ ਨੇ ਕਿਹਾ ਕਿ ਭਲਕੇ ਐਤਵਾਰ ਨੂੰ ਲੋਕ ਕਲਿਆਣ ਮਾਰਗ (ਜਿਸ ’ਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਹੈ) ’ਤੇ ਕੱਢੀ ਜਾਣ ਵਾਲੀ ਰੈਲੀ ਰਾਹੀਂ ‘‘ਸੁਨੇਹਾ’’ ਦਿੱਤਾ ਜਾਵੇਗਾ ਕਿ ਭਾਜਪਾ ਦੀ ਸਰਕਾਰ ਦੀ ‘ਮਿਆਦ ਪੁੱਗ’ ਚੁੱਕੀ ਹੈ। ਰੈਲੀ ’ਚ ਮਹਿੰਗਾਈ, ਬੇਰੁਜ਼ਗਾਰੀ, ਜਬਰੀ ਵਸੂਲੀ, ਟੈਕਸ ਅਤਿਵਾਦ, ਆਰਥਿਕ ਨਾਬਰਾਬਰੀ, ਸਮਾਜਿਕ ਧਰੁਵੀਕਰਨ ਅਤੇ ਕਿਸਾਨਾਂ ਖਿਲਾਫ਼ ਅਨਿਆਂ ਆਦਿ ਦੇ ਮੁੱਦੇ ਉਠਾਏ ਜਾਣਗੇ।

Advertisement

ਇੱਥੇ ਪ੍ਰੈੱਸ ਕਾਨਫਰੰਸ ’ਚ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ਇਲਾਵਾ ਕਈ ਹੋਰ ਸੀਨੀਅਰ ਨੇਤਾ ਰੈਲੀ ਨੂੰ ਸੰਬੋਧਨ ਕਰਨਗੇ। ਰਮੇਸ਼ ਨੇ ਆਖਿਆ, ‘‘ਇਹ ਇੱਕ ਵਿਅਕਤੀ ਵਿਸ਼ੇਸ਼ ਦੀ ਰੈਲੀ ਨਹੀਂ ਹੈ। ਇਸੇ ਕਰ ਕੇ ਇਸ ਨੂੰ ਲੋਕਤੰਤਰ ਬਚਾਓ ਰੈਲੀ ਕਿਹਾ ਜਾ ਰਿਹਾ ਹੈ। ਇਹ ਇੱਕ ਪਾਰਟੀ ਦੀ ਰੈਲੀ ਨਹੀਂ ਹੈ, ਇਸ ਵਿੱਚ ਲਗਪਗ 27-28 ਪਾਰਟੀਆਂ ਸ਼ਾਮਲ ਹਨ। ਇੰਡੀਆ ਜਨ ਬੰਧਨ ’ਚ ਸ਼ਾਮਲ ਸਾਰੇ ਦਲ ਰੈਲੀ ’ਚ ਹਿੱਸਾ ਲੈਣਗੇ।’’ ਰਮੇਸ਼ ਨੇ ਦੱਸਿਆ ਕਿ ਰੈਲੀ ਵਿੱਚ ਝਾਰਖੰਡ ਦੇ ਮੁੱਖ ਮੰਤਰੀ ਚੰਪਈ ਸੋਰੇਨ, ਐੱਨਸੀਪੀ (ਐੱਸਪੀ) ਮੁਖੀ ਸ਼ਰਦ ਪਵਾਰ, ਆਰਜੇਡੀ ਨੇਤਾ ਤੇਜਸਵੀ ਯਾਦਵ, ਸੀਪੀਆਈ (ਐੱਮ) ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸੀਪੀਆਈ ਨੇਤਾ ਡੀ. ਰਾਜਾ, ਪੀਡੀਪੀ ਮੁਖੀ ਮੁਫ਼ਤੀ ਮਹਿਬੂਬਾ, ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ, ਡੀਐੱਮਕੇ ਵੱਲੋਂ ਤਿਰੁਚੀ ਸਿਵਾ, ਟੀਐੱਮਸੀ ਦੇ ਡੈਰੇਕ ਓ-ਬ੍ਰਾਇਨ ਸਣੇ ਕਈ ਹੋਰ ਨੇਤਾ ਸ਼ਾਮਲ ਹੋਣਗੇ। ਇਸੇ ਦੌਰਾਨ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਪੁਸ਼ਟੀ ਕੀਤੀ ਕਿ ਪਾਰਟੀ ਪ੍ਰਧਾਨ ਫਾਰੂਕ ਅਬਦੁੱਲਾ 31 ਮਾਰਚ ਨੂੰ ਇੰਡੀਆ ਗੱਠਜੋੜ ਦੀ ਰੈਲੀ ’ਚ ਸ਼ਾਮਲ ਹੋਣਗੇ।

ਨਵੀਂ ਦਿੱਲੀ ਵਿੱਚ ਇੰਡੀਆ ਗੱਠਜੋੜ ਦੀ ਰੈਲੀ ਦੀਆਂ ਤਿਆਰੀਆਂ ਕਰਦੇ ਹੋਏ ਕਾਮੇ। -ਫੋਟੋ: ਮੁਕੇਸ਼ ਅਗਰਵਾਲ

ਕਾਂਗਰਸੀ ਨੇਤਾ ਰਮੇਸ਼ ਦੀ ਇਹ ਟਿੱਪਣੀ ਇਸ ਪੱਖ ਤੋਂ ਅਹਿਮ ਹੈ ਕਿ ਆਮ ਆਦਮੀ ਪਾਰਟੀ (ਆਪ) ਨੇਤਾ ਇਸ ਰੈਲੀ ਨੂੰ ਈਡੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਖ਼ਿਲਾਫ਼ ਰੈਲੀ ਵਜੋਂ ਪੇਸ਼ ਕਰ ਰਹੇ ਹਨ। ਰਮੇਸ਼ ਨੇ ਆਖਿਆ ਕਿ ਇੰਡੀਅਨ ਨੈਸ਼ਨਲ ਡਿਵੈੱਲਪਮੈਂਟਲ ਇਨਕੂਲਸਿਵ ਅਲਾਇੰਸ (ਇੰਡੀਆ) ਨੇ ਮੁੰਬਈ ’ਚ 17 ਮਾਰਚ ਨੂੰ ਚੋਣ ਬਿਗਲ ਵਜਾਇਆ ਸੀ ਅਤੇ ਇਹ ਰੈਲੀ ਗੱਠਜੋੜ ਵੱਲੋਂ ਦੂਜਾ ਚੋਣ ਬਿਗਲ ਹੋਵੇਗੀ। ਇਹ ਰੈਲੀ ਗੱਠਜੋੜ ਦੀ ਇੱਕਜੁਟਤਾ ਦਾ ਸੁਨੇਹਾ ਦੇਵੇਗੀ।

ਰਮੇਸ਼ ਮੁਤਾਬਕ ਰੈਲੀ ਵਿੱਚ ਵਿਰੋਧੀ ਨੇਤਾਵਾਂ ਵੱਲੋਂ ਵਧਦੀਆਂ ਕੀਮਤਾਂ, 45 ਸਾਲਾਂ ’ਚ ਸਭ ਤੋਂ ਵੱਧ ਬੇਰੁਜ਼ਗਾਰੀ, ਆਰਥਿਕ ਨਾਬਰਾਬਰੀ, ਸਮਾਜਿਕ ਧਰੁਵੀਕਰਨ ਅਤੇ ਕਿਸਾਨਾਂ ਖਿਲਾਫ਼ ਅਨਿਆਂ ਆਦਿ ਮੁੱਦੇ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੁੱਦਾ ‘‘ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਰਾਹੀਂ’’ ਵਿਰੋਧੀ ਨੇਤਾਵਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਵਿਰੋਧ ਕਰਨਾ ਹੋਵੇਗਾ। ਰਮੇਸ਼ ਨੇ ਦੋਸ਼ ਲਾਇਆ ਕਿ ਵਿਰੋਧੀ ਪਾਰਟੀਆਂ ਨੂੰ ਰਾਜਨੀਤਕ ਤੌਰ ’ਤੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਤਹਿਤ ਦੋ ਮੁੱਖ ਮੰਤਰੀਆਂ ਤੇ ਕਈ ਮੰਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਆਖਿਆ, ‘‘ਇਹ ਉਸ ਮਾਨਸਿਕਤਾ ਨੂੰ ਦਰਸਾਉਂਦਾ ਹੈ ਕਿ ਪ੍ਰਧਾਨ ਮੰਤਰੀ ਵਿਰੋਧੀ ਪਾਰਟੀਆਂ ਨੂੰ ਸਿਆਸੀ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਕਰਨਾ ਚਾਹੁੰਦੇ ਹਨ।’’ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਚੋਣ ਬਾਂਡ ਰਾਹੀਂ ‘‘ਜਬਰੀ ਵਸੂਲੀ’’ ਅਤੇ ‘‘ਟੈਕਸ ਅਤਿਵਾਦ’’ ਰਾਹੀਂ ਕਾਂਗਰਸ ਨੂੰ ਨਿਸ਼ਾਨਾ ਬਣਾਏ ਜਾਣ ਦੇ ਮੁੱਦੇ ਵੀ ਚੁੱਕੇ ਜਾਣਗੇ।

ਉਨ੍ਹਾਂ ਕਿਹਾ ਕਿ ਚੋਣ ਬਾਂਡ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਕਰਾਰ ਦਿੱਤੇ ਗਏ ਹਨ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਏਆਈਸੀਸੀ ਦਿੱਲੀ ਦੇ ਇੰਚਾਰਜ ਦੀਪਕ ਬਾਰੀਆ ਨੇ ਕਿਹਾ ਕਿ ਰੈਲੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰ ਕੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਜਾਵੇਗਾ। ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਕਿਹਾ ਕਿ ਇਹ ਰੈਲੀ ਦੇਸ਼ ਦੇ ਲੋਕਾਂ ਵੱਲੋਂ ਭਾਜਪਾ ’ਤੇ ਫੈਸਲਾਕੁਨ ਅਤੇ ਅੰਤਿਮ ਸਿਆਸੀ ਹਮਲੇ ਦੀ ਸ਼ੁਰੂਆਤ ਕਰੇਗੀ। -ਪੀਟੀਆਈ

Advertisement
×