ਇੰਡੀਆ ਗੱਠਜੋੜ ਦੇ ਆਗੂਆਂ ਵੱਲੋਂ ਐੱਸਆਈਆਰ ਖ਼ਿਲਾਫ਼ ਮੁਜ਼ਾਹਰਾ
ਕਾਂਗਰਸ ਦੀ ਸੰਸਦੀ ਪਾਰਟੀ ਦੀ ਮੁਖੀ ਸੋਨੀਆ ਗਾਂਧੀ ਸਮੇਤ ਇੰਡੀਆ ਗੱਠਜੋੜ ’ਚ ਸ਼ਾਮਲ ਪਾਰਟੀਆਂ ਦੇ ਕਈ ਸੰਸਦ ਮੈਂਬਰਾਂ ਨੇ ਅੱਜ ਬਿਹਾਰ ’ਚ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਵਿਆਪਕ ਸੁਧਾਈ (ਐੱਸਆਈਆਰ) ਖ਼ਿਲਾਫ਼ ਸੰਸਦ ਭਵਨ ਕੰਪਲੈਕਸ ’ਚ ਰੋਸ ਮੁਜ਼ਾਹਰਾ ਕੀਤਾ। ਬਿਹਾਰ ’ਚ ਐੱਸਆਈਆਰ ਖ਼ਿਲਾਫ਼ ਬੈਨਰ ਤੇ ਪੋਸਟਰ ਲੈ ਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਸਮਾਜਵਾਦੀ ਪਾਰਟੀ ਦੇ ਧਰਮੇਂਦਰ ਯਾਦਵ, ਟੀਐੱਮਸੀ ਦੀ ਸਾਗਰਿਕਾ ਘੋਸ਼ ਤੋਂ ਇਲਾਵਾ ਹੋਰ ਵਿਰੋਧੀ ਸੰਸਦ ਮੈਂਬਰਾਂ ਨੇ ਸੰਸਦ ਭਵਨ ਦੇ ਮਕਰ ਦੁਆਰ ’ਤੇ ਮੁਜ਼ਾਹਰਾ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਐੱਸਆਈਆਰ ਵਾਪਸ ਲੈਣ ਦੀ ਮੰਗ ਕੀਤੀ। ਇਹ ਉਨ੍ਹਾਂ ਦੇ ਮੁਜ਼ਾਹਰੇ ਦਾ 12ਵਾਂ ਦਿਨ ਸੀ। ਸਿਰਫ਼ ਲੰਘੇ ਸੋਮਵਾਰ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦੇ ਦੇਹਾਂਤ ਕਾਰਨ ਵਿਰੋਧੀ ਧਿਰ ਨੇ ਮੁਜ਼ਾਹਰਾ ਨਹੀਂ ਕੀਤਾ ਸੀ। ਮੁਜ਼ਹਰਾਕਾਰੀ ਸੰਸਦ ਮੈਂਬਰਾਂ ਨੇ ਐੱਸਆਈਆਰ ਖ਼ਿਲਾਫ਼ ਇੱਕ ਵੱਡਾ ਬੈਨਰ ਫੜਿਆ ਹੋਇਆ ਸੀ। ਚੋਣ ਕਮਿਸ਼ਨ ਤੇ ਸਰਕਾਰ ਵਿਚਾਲੇ ਮਿਲੀਭਗਤ ਦਾ ਦੋਸ਼ ਲਾਉਂਦਿਆਂ ਕਾਂਗਰਸ, ਟੀਐੱਮਸੀ ਤੇ ਖੱਬੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਰੋਸ ਮੁਜ਼ਾਹਰੇ ’ਚ ਹਿੱਸਾ ਲਿਆ। ਵਿਰੋਧੀ ਧਿਰ ਸੰਸਦ ਦੇ ਦੋਵਾਂ ਸਦਨਾਂ ’ਚ ਐੱਸਆਈਆਰ ਖ਼ਿਲਾਫ਼ ਲਗਾਤਾਰ ਹੰਗਾਮਾ ਕਰ ਰਿਹਾ ਹੈ ਅਤੇ ਦੋਸ਼ ਲਗਾ ਰਿਹਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਕਵਾਇਦ ਦਾ ਮਕਸਦ ਬਿਹਾਰ ’ਚ ‘ਵੋਟਰਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ’ ਤੋਂ ਵਾਂਝਾ ਕਰਨਾ ਹੈ। ਵਿਰੋਧੀ ਧਿਰ ਦੋਵਾਂ ਸਦਨਾਂ ’ਚ ਇਸ ਮੁੱਦੇ ’ਤੇ ਚਰਚਾ ਦੀ ਮੰਗ ਕਰ ਰਹੀ ਹੈ। ਬਿਹਾਰ ’ਚ ਐੱਸਆਈਆਰ ਦੇ ਮੁੱਦੇ ਨੂੰ ਲੈ ਕੇ ਸੰਸਦ ’ਚ ਜਮੂਦ ਬਣਿਆ ਹੋਇਆ ਹੈ।