‘ਇੰਡੀਆ’ ਗੱਠਜੋੜ ਨੂੰ ਬਾਹਰਲੀਆਂ ਪਾਰਟੀਆਂ ਤੋਂ ਵੀ ਮਿਲ ਰਿਹੈ ਸਮਰਥਨ: ਰੈੱਡੀ
ਉਪ ਰਾਸ਼ਟਰਪਤੀ ਦੇ ਅਹੁਦੇ ਲਈ ‘ਇੰਡੀਆ’ ਗੱਠੋਜੋੜ ਦੇ ਉਮੀਦਵਾਰ ਬੀ. ਸੁਦਰਸ਼ਨ ਰੈੱਡੀ ਨੇ ਦਾਅਵਾ ਕੀਤਾ ਕਿ ਗੱਠਜੋੜ ਤੋਂ ਇਲਾਵਾ ਹੋਰ ਸਿਆਸੀਆਂ ਪਾਰਟੀਆਂ ਵੀ ਉਨ੍ਹਾਂ ਦੇ ਸਮਰਥਨ ਵਿੱਚ ਅੱਗੇ ਆ ਰਹੀਆਂ ਹਨ। ਰੈੱਡੀ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਆਂ ਤੋਂ ਉੱਪਰ ਉੱਠ ਕੇ ‘ਯੋਗਤਾ ਅਤੇ ਸਿਧਾਂਤ’ ਦੇ ਆਧਾਰ ’ਤੇ ਉਨ੍ਹਾਂ ਦੀ ਉਮੀਦਵਾਰੀ ’ਤੇ ਵਿਚਾਰ ਕਰਨ।
ਸਮਾਜਵਾਦੀ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਸਪਾ ਮੁਖੀ ਅਖਿਲੇਸ਼ ਯਾਦਵ ਅਤੇ ਕਾਂਗਰਸ ਆਗੂਆਂ ਦੀ ਮੌਜੂਦਗੀ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਵਿਰੋਧੀ ਧਿਰ ਨੇ ਮੇਰੇ ’ਤੇ ਭਰੋਸਾ ਕੀਤਾ ਹੈ ਅਤੇ ਮੈਨੂੰ ਉਮੀਦਵਾਰ ਚੁਣਿਆ ਹੈ। ਮੈਂ ਬਹੁਤ ਧੰਨਵਾਦੀ ਹਾਂ ਕਿ ਸਿਰਫ਼ ‘ਇੰਡੀਆ’ ਗੱਠਜੋੜ ਹੀ ਨਹੀਂ, ਸਗੋਂ ਗੱਠਜੋੜ ਤੋਂ ਬਾਹਰੀ ਪਾਰਟੀਆਂ ਵੀ ਮਦਦ ਲਈ ਅੱਗੇ ਆ ਰਹੀਆਂ ਹਨ। ਪਰ ਮੇਰੇ ਦੋਸਤ ਅਖਿਲੇਸ਼ ਯਾਦਵ ਤੋਂ ਬਿਨਾਂ ਇਹ ਸੰਭਵ ਨਹੀਂ ਸੀ।’ ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਸਮਰਥਨ ਦੇਣ ਵਾਲੀਆਂ ਪਾਰਟੀਆਂ ਜਾਂ ਆਗੂ ਕੌਣ ਹਨ। ਰੈੱਡੀ ਨੇ ਦੱਸਿਆ ਕਿ ਉਹ ਹਾਲ ਹੀ ਵਿੱਚ ਦਿੱਲੀ ’ਚ ‘ਆਪ’ ਆਗੂ ਅਰਵਿੰਦ ਕੇਜਰੀਵਾਲ ਅਤੇ ਚੇਨੱਈ ਵਿੱਚ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੂੰ ਵੀ ਮਿਲੇ ਹਨ। ਇਹ ਪੁੱਛੇ ਜਾਣ ’ਤੇ ਕਿ ਕੀ ਸੰਵਿਧਾਨਕ ਸੰਸਥਾਵਾਂ ਆਪਣੇ ਰਸਤੇ ਤੋਂ ਭਟਕ ਗਈਆਂ ਹਨ, ਰੈੱਡੀ ਨੇ ਕਿਹਾ, ‘ਇਹ ਯਕੀਨੀ ਤੌਰ ’ਤੇ ਪ੍ਰਭਾਵ ਹੇਠ ਹਨ। ਇਨ੍ਹਾਂ ਨੂੰ ਖੁਦ ਨੂੰ ਸਹੀ ਰਸਤੇ ’ਤੇ ਲਿਆਉਣ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।’ -ਪੀਟੀਆਈ
‘ਸ਼ਾਹ ਵੱਲੋਂ ਮੇਰੇ ਖ਼ਿਲਾਫ਼ ਬਿਰਤਾਂਤ ਸਿਰਜਣ ਦੀ ਕੋਸ਼ਿਸ਼’
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬੀ. ਸੁਦਰਸ਼ਨ ਰੈੱਡੀ ’ਤੇ ਨਕਸਲਵਾਦ ਦਾ ਸਮਰਥਨ ਕਰਨ ਦੇ ਲਾਏ ਗਏ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਬਹਿਸ ਅੱਗੇ ਨਹੀਂ ਵਧਾਉਣਾ ਚਾਹੁੰਦੇ। ਸ਼ਾਹ ਦੇ ਬਿਆਨ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘ਉਹ ਕੋਈ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਜੋ ਵੀ ਜਵਾਬ ਦੇਣਾ ਸੀ, ਉਹ ਦੇ ਦਿੱਤਾ ਹੈ।’ ਉਨ੍ਹਾਂ ਕਿਹਾ, ‘ਤੁਸੀਂ ਅੱਜ ਦੇ ਅਖਬਾਰ ਦੇਖੇ ਹੀ ਹੋਣਗੇ। ਜੋ ਜ਼ਰੂਰੀ ਹੈ, ਉਹ ਮੈਂ ਕਹਿ ਚੁੱਕਾ ਹਾਂ। ਮੈਂ ਇਸ ਬਹਿਸ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦਾ ਅਤੇ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ।’ ਉਨ੍ਹਾਂ ਕਿਹਾ, ‘ਮੈਂ ਸਿਆਸੀ ਮੁੱਦਿਆਂ ਬਾਰੇ ਗੱਲ ਨਹੀਂ ਕਰਾਂਗਾ ਕਿਉਂਕਿ ਇਹ (ਉਪ ਰਾਸ਼ਟਰਪਤੀ) ਕੋਈ ਸਿਆਸੀ ਅਹੁਦਾ ਨਹੀਂ ਹੈ।’