‘ਇੰਡੀਆ’ ਗੱਠਜੋੜ ਭ੍ਰਿਸ਼ਟਾਚਾਰ ਦੇ ਹੱਕ ’ਚ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਧਿਰ ਦੇ ਗੱਠਜੋੜ ‘ਇੰਡੀਆ’ ’ਤੇ ਦੋਸ਼ ਲਾਇਆ ਕਿ ਉਹ ਸੱਤਾ ਦੇ ਉੱਚ ਪੱਧਰ ’ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਮਕਸਦ ਨਾਲ ਚੁੱਕੇ ਕਦਮਾਂ ਅਤੇ ਦੇਸ਼ ਸਾਹਮਣੇ ਘੁਸਪੈਠੀਆਂ ਕਾਰਨ ਪੈਦਾ ਹੋਏ ਖਤਰੇ ਨਾਲ ਨਜਿੱਠਣ ਲਈ ਕੀਤੇ ਉਪਾਅ ਦਾ ਵਿਰੋਧ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਬਿਹਾਰ ਤੇ ਗਯਾਜੀ ਅਤੇ ਪੱਛਮੀ ਬੰਗਾਲ ਦੇ ਕੋਲਕਾਤਾ ’ਚ ਰੈਲੀਆਂ ਦੌਰਾਨ ਇਸ ਹਫ਼ਤੇ ਲੋਕ ਸਭਾ ’ਚ ਆਪਣੀ ਸਰਕਾਰ ਵੱਲੋਂ ਪੇਸ਼ ਕੀਤੇ ਸੰਵਿਧਾਨ (130ਵੀਂ ਸੋਧ) ਬਿੱਲ, 2025 ਅਤੇ ਬਿਹਾਰ ’ਚ ਚੋਣ ਕਮਿਸ਼ਨ ਵੱਲੋਂ ਮੌਜੂਦਾ ਸਮੇਂ ਕੀਤੀ ਜਾ ਰਹੀ ਵੋਟਰ ਸੂਚੀ ਦੀ ਵਿਸ਼ੇਸ਼ ਮੁੜ ਸੁਧਾਈ (ਐੱਸਆਈਆਰ) ਦਾ ਅਸਿੱਧੇ ਢੰਗ ਨਾਲ ਜ਼ਿਕਰ ਕੀਤਾ।
ਗਯਾਜੀ ’ਚ ਰੈਲੀ ਦੌਰਾਨ ਉਨ੍ਹਾਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅਸਿੱਧੇ ਢੰਗ ਨਾਲ ਜ਼ਿਕਰ ਕਰਦਿਆਂ ਕਿਹਾ, ‘ਅਸੀਂ ਬਹੁਤ ਹੀ ਅਫਸੋਸਨਾਕ ਸਥਿਤੀ ਦੇਖੀ ਹੈ ਜਿਸ ਵਿੱਚ ਸੱਤਾ ’ਚ ਬੈਠੇ ਲੋਕ ਜੇਲ੍ਹ ਤੋਂ ਸਰਕਾਰ ਚਲਾ ਰਹੇ ਹਨ, ਸਲਾਖਾਂ ਪਿੱਛੋਂ ਫਾਈਲਾਂ ’ਤੇ ਦਸਤਖ਼ਤ ਕਰ ਰਹੇ ਹਨ, ਸੰਵਿਧਾਨਕ ਮਰਿਆਦਾ ਦੀ ਧੱਜੀਆਂ ਉਡਾ ਰਹੇ ਹਨ।’
ਮੋਦੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ 11 ਸਾਲ ਦੀ ਸਰਕਾਰ ’ਤੇ ਭ੍ਰਿਸ਼ਟਾਚਾਰ ਦਾ ਇੱਕ ਵੀ ਦਾਗ ਨਹੀਂ ਹੈ। ਉਨ੍ਹਾਂ ਸਾਬਕਾ ਕਾਂਗਰਸ ਸਰਕਾਰਾਂ ਦੇ ਕਾਰਜਕਾਲ ਦੌਰਾਨ ਸਾਹਮਣੇ ਆਏ ਕਈ ਘਪਲਿਆਂ ਦਾ ਵੀ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ, ‘ਇਸ ਲਈ ਅਸੀਂ ਅਜਿਹਾ ਕਾਨੂੰਨ ਲਿਆਉਣ ਦਾ ਫ਼ੈਸਲਾ ਕੀਤਾ, ਜਿਸ ਤਹਿਤ ਜੇ ਕੋਈ ਭ੍ਰਿਸ਼ਟ ਮੁੱਖ ਮੰਤਰੀ ਤੇ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ 30 ਦਿਨ ਜੇਲ੍ਹ ’ਚ ਬਿਤਾਉਂਦਾ ਹੈ ਤਾਂ ਉਸ ਨੂੰ ਬਰਖਾਸਤ ਕੀਤਾ ਜਾ ਸਕਦਾ ਹੈ। ਜੇ ਕੋਈ ਮਾਮੂਲੀ ਕਲਰਕ ਥੋੜੇ ਸਮੇਂ ਲਈ ਵੀ ਜੇਲ੍ਹ ’ਚ ਰਹਿੰਦਾ ਹੈ ਤਾਂ ਉਸ ਨੂੰ ਮੁਅੱਤਲ ਕਰ ਦਿੱਤਾ ਜਾਂਦਾ ਹੈ ਪਰ ਜਦੋਂ ਅਸੀਂ ਇੱਕ ਸਖ਼ਤ ਕਾਨੂੰਨ ਲਿਆਏ ਤਾਂ ਆਰਜੇਡੀ, ਕਾਂਗਰਸ ਤੇ ਖੱਬੇਪੱਖੀ ਭੜਕ ਗਏ। ਉਹ ਇਸ ਲਈ ਨਾਰਾਜ਼ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਪਾਪਾਂ ਦੀ ਸਜ਼ਾ ਮਿਲਣ ਦਾ ਡਰ ਹੈ।’
ਪ੍ਰਧਾਨ ਮੰਤਰੀ ਵੱਲੋਂ ਓਂਟਾ-ਸਿਮਰੀਆ ਪੁਲ ਦਾ ਉਦਘਾਟਨ
ਬੇਗੂਸਰਾਏ/ਮੋਕਾਮਾ: ਪ੍ਰਧਾਨ ਮੰਤਰੀ ਨੇ ਬਿਹਾਰ ’ਚ ਗੰਗਾ ਨਦੀ ’ਤੇ ਬਣੇ 1.86 ਕਿਲੋਮੀਟਰ ਲੰਮੇ ਓਂਟਾ-ਸਿਮਰੀਆ ਪੁਲ ਦਾ ਉਦਘਾਟਨ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਕੌਮੀ ਰਾਜਮਾਰਗ 31 ’ਤੇ 1870 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੇ ਇਸ ਪੁਲ ਰਾਹੀਂ ਪਟਨਾ ਦੇ ਮੋਕਾਮਾ ਤੇ ਬੇਗੂਸਰਾਏ ਵਿਚਾਲੇ ਸਿੱਧਾ ਸੰਪਰਕ ਸਥਾਪਤ ਹੋਵੇਗਾ। ਪ੍ਰਧਾਨ ਮੰਤਰੀ ਨੇ ਬਿਹਾਰ ’ਚ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਵੀ ਕੀਤੀ। -ਪੀਟੀਆਈ