ਮੁਸਲਮਾਨਾਂ ਨੂੰ ਸਿਰਫ਼ ਵੋਟ ਬੈਂਕ ਸਮਝਦਾ ਹੈ ‘ਇੰਡੀਆ’ ਗੱਠਜੋੜ: ਨਿਤੀਸ਼
ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਮੁਸਲਮਾਨ ਭਾਈਚਾਰੇ ਨੂੰ ਬਣਦੀ ਨੁਮਾੲਿੰਦਗੀ ਮਿਲਣ ਦਾ ਦਾਅਵਾ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੇ ਆਗੂਆਂ ’ਤੇ ਖ਼ੁਦ ਨੂੰ ਮੁਸਲਮਾਨਾਂ ਦਾ ਸ਼ੁਭ ਚਿੰਤਕ ਦੱਸ ਕੇ ਉਨ੍ਹਾਂ ਨੂੰ ਸਿਰਫ਼ ‘ਵੋਟ ਬੈਂਕ’ ਸਮਝਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਧਿਰ ਦੇ ਆਗੂ ਘੱਟ-ਗਿਣਤੀਆਂ ਦੀਆਂ ਵੋਟਾਂ ਲੈਣ ਵਾਸਤੇ ਤਾਂ ਵੱਖ-ਵੱਖ ਰਣਨੀਤੀਆਂ ਬਣਾ ਰਹੇ ਹਨ ਪਰ ਅੱਜ ਤੱਕ ਉਨ੍ਹਾਂ ਵੱਲੋਂ ਘੱਟ-ਗਿਣਤੀਆਂ ਨੂੰ ਉਨ੍ਹਾਂ ਦੀ ਬਣਦੀ ਨੁਮਾਇੰਦਗੀ ਦੇਣ ਲਈ ਕੁਝ ਨਹੀਂ ਕੀਤਾ ਗਿਆ। ਮੁੱਖ ਮੰਤਰੀ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਹੁਣ ਬਿਹਾਰ ਵਿਧਾਨ ਸਭਾ ਚੋਣਾਂ ਦੇ ਸਮੇਂ ਵਿੱਚ ਕੁਝ ਲੋਕ ਮੁੜ ਤੋਂ ਆਪਣੇ-ਆਪ ਨੂੰ ਮੁਸਲਮਾਨ ਭਾਈਚਾਰੇ ਦਾ ਸ਼ੁਭਚਿੰਤਕ ਦੱਸਣ ਵਿੱਚ ਜੁਟ ਗਏ ਹਨ। ਇਹ ਸਭ ਧੋਖਾ ਹੈ। ਸਿਰਫ਼ ਮੁਸਲਮਾਨ ਵਰਗ ਦੇ ਲੋਕਾਂ ਦੀਆਂ ਵੋਟਾਂ ਹਾਸਲ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਜਾ ਰਹੇ ਹਨ ਅਤੇ ਹੱਥਕੰਡੇ ਅਪਣਾਏ ਜਾ ਰਹੇ ਹਨ ਜਦਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਅਹਿਮ ਹਿੱਸੇਦਾਰੀ ਦੇਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ।’’ ਉਨ੍ਹਾਂ ਕਿਹਾ, ‘‘ਸਾਡੀ ਸਰਕਾਰ ਵਿੱਚ ਅੱਜ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਉਨ੍ਹਾਂ ਦਾ ਪੂਰਾ ਹੱਕ ਮਿਲ ਰਿਹਾ ਹੈ। ਬਿਨਾ ਕਿਸੇ ਭੇਦਭਾਵ ਤੋਂ ਉਨ੍ਹਾਂ ਨੂੰ ਹਰੇਕ ਖੇਤਰ ਵਿੱਚ ਉਚਿਤ ਨੁਮਾਇੰਦਗੀ ਮਿਲ ਰਹੀ ਹੈ, ਜਦਕਿ ਪਿਛਲੀਆਂ ਸਰਕਾਰਾਂ ਨੇ ਮੁਸਲਮਾਨ ਭਾਈਚਾਰੇ ਦਾ ਇਸਤੇਮਾਲ ਸਿਰਫ਼ ਵੋਟਾਂ ਲਈ ਕੀਤਾ ਅਤੇ ਉਨ੍ਹਾਂ ਨੂੰ ਕੋਈ ਹਿੱਸੇਦਾਰੀ ਨਹੀਂ ਦਿੱਤੀ।’’
ਸ੍ਰੀ ਨਿਤੀਸ਼ ਕੁਮਾਰ ਨੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ, ‘‘ਤੁਸੀਂ ਲੋਕ ਕਿਸੇ ਭਰਮ ਵਿੱਚ ਨਾ ਰਹੋ। ਸਾਡੀ ਸਰਕਾਰ ਨੇ ਜੋ ਤੁਹਾਡੇ ਲਈ ਕੰਮ ਕੀਤੇ ਹਨ, ਉਸ ਨੂੰ ਚੇਤੇ ਰੱਖੋ ਅਤੇ ਉਸੇ ਆਧਾਰ ’ਤੇ ਤੈਅ ਕਰੋ ਕਿ ਆਪਣੀ ਵੋਟ ਕਿਸ ਨੂੰ ਦੇਣੀ ਹੈ।’’ ਕੌਮੀ ਜਮਹੂਰੀ ਗੱਠਜੋੜ ਦੀਆਂ ਪ੍ਰਾਪਤੀਆਂ ਗਿਣਵਾਉਂਦੇ ਹੋਏ ਉਨ੍ਹਾਂ ਕਿਹਾ, ‘‘24 ਨਵੰਬਰ 2005 ਨੂੰ ਜਦੋਂ ਤੋਂ ਸਾਡੀ ਸਰਕਾਰ ਬਣੀ, ਉਦੋਂ ਤੋਂ ਮੁਸਲਮਾਨ ਭਾਈਚਾਰੇ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ।’’

