ਪਹਿਲੇ ਗੇੜ ’ਚ ‘ਇੰਡੀਆ’ ਗੱਠਜੋੜ ਜਿੱਤ ਸਕਦੈ 72 ਸੀਟਾਂ: ਖੇੜਾ
w ਕਾਂਗਰਸੀ ਆਗੂ ਨੇ ਐੱਨ ਡੀ ਏ ਸਰਕਾਰ ਵੱਲੋਂ ਹਾਰ ਮੰਨਣ ਦਾ ਦਾਅਵਾ ਕੀਤਾ
ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੇ ਕਿਹਾ ਕਿ ਪਾਰਟੀ ਦਾ ਅੰਦਾਜ਼ਾ ਹੈ ਕਿ ਛੇ ਨਵੰਬਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੇ ਹੋਏ ਪਹਿਲੇ ਗੇੜ ’ਚ ‘ਇੰਡੀਆ’ ਗੱਠਜੋੜ 121 ਸੀਟਾਂ ਵਿੱਚੋਂ 72 ਸੀਟਾਂ ’ਤੇ ਜਿੱਤ ਸਕਦਾ ਹੈ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਖੇੜਾ ਨੇ ਆਖਿਆ ਕਿ ਪਹਿਲੇ ਗੇੜ ’ਚ ਕਾਂਗਰਸ ਵੀ ‘ਦਹਾਈ ਦਾ ਅੰਕੜਾ’ ਛੂਹ ਸਕਦੀ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਐੱਨ ਡੀ ਏ ਸਰਕਾਰ ਨੂੰ ‘ਆਪਣੀ ਹਾਰ ਦਾ ਅੰਦਾਜ਼ਾ’ ਹੋ ਗਿਆ ਹੈ ਅਤੇ ਉਹ ‘ਆਪਣੇ ਭ੍ਰਿਸ਼ਟਾਚਾਰ ਦੇ ਨਿਸ਼ਾਨ ਮਿਟਾਉਣ’ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ, ‘‘ਘੱਟੋ-ਘੱਟ ਇੱਕ ਉਪ ਮੁੱਖ ਮੰਤਰੀ ਅਤੇ ਕਈ ਹੋਰ ਮੰਤਰੀ ਪਹਿਲਾਂ ਹੀ ਸਰਕਾਰੀ ਰਿਹਾਇਸ਼ ਖਾਲੀ ਕਰਨ ਦਾ ਫ਼ੈਸਲਾ ਕਰ ਚੁੱਕੇ ਹਨ ਅਤੇ ਭ੍ਰਿਸ਼ਟਾਚਾਰ ਦੀਆਂ ਫਾਈਲਾਂ ਨਸ਼ਟ ਕਰ ਰਹੇ ਹਨ।’’ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ‘‘ਜੇਕਰ ਤੁਹਾਨੂੰ ਕਿਸੇ ਸਰਕਾਰੀ ਦਫਤਰ ਵਿੱਚ ਅੱਗ ਲੱਗੀ ਨਜ਼ਰ ਆਵੇ ਤਾਂ ਇਸ ਤੋਂ ਹੈਰਾਨ ਨਾ ਹੋਣਾ।’’ ਆਰ ਜੇ ਡੀ ਆਗੂ ਤੇਜਸਵੀ ਯਾਦਵ ਦੇ ਸੱਤਾ ’ਚ ਆਉਣ ’ਤੇ ਹਰ ਘਰ ਨੌਕਰੀ ਦੇਣ ਦੇ ਵਾਅਦੇ ਸਬੰਧੀ ਸਵਾਲ ’ਤੇ ਪਵਨ ਖੇੜਾ ਨੇ ਕਿਹਾ, ‘‘ਜੋ ਸ਼ਖ਼ਸ 17 ਮਹੀਨਿਆਂ ’ਚ 5 ਲੱਖ ਨੌਕਰੀਆਂ ਮੁਹੱਈਆ ਕਰਵਾ ਸਕਦਾ ਹੈ, ਉਹ ਇਹ ਵਾਅਦਾ ਵੀ ਪੁਗਾ ਸਕਦਾ ਹੈ। ਉਹ ਨੌਜਵਾਨ ਨੇਤਾ ਹਨ ਅਤੇ ਉਨ੍ਹਾਂ ਨੇ ਲੰਮਾ ਪੈਂਡਾ ਤੈਅ ਕਰਨਾ ਹੈ। ਅਸੀਂ ਲੋਕਾਂ ਨਾਲ ਦਗ਼ਾ ਨਹੀਂ ਕਰਾਂਗੇ।’’ ਐੱਨ ਡੀ ਏ ’ਤੇ ਨਿਸ਼ਾਨਾ ਸੇਧਦਿਆਂ ਕਾਂਗਰਸੀ ਆਗੂ ਨੇ ਬਿਨਾਂ ਕਿਸੇ ਦਾ ਨਾਮ ਲਏ ਦੋਸ਼ ਲਾਇਆ ਕਿ ਵੋਟਾਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇੱਕ ‘ਚੋਰ’ ਸੂਬੇ ’ਚ ਘੁੰਮ ਰਿਹਾ ਹੈ।’’

