ਭਾਰਤ ਨੇ ਮਰਿਆਦਾ ਨਿਭਾਈ, ਅਪਰੇਸ਼ਨ ਸਿੰਧੂਰ ਜ਼ਰੀਏ ਅਨਿਆਂ ਦਾ ਬਦਲਾ ਲਿਆ: ਮੋਦੀ
ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਪੱਤਰ ਲਿਖਿਆ; ਸਵਦੇਸ਼ੀ ਅਪਣਾਉਣ, ਸਿਹਤ ਨੂੰ ਤਰਜੀਹ ਦੇਣ ਅਤੇ ਯੋਗਾ ਅਪਣਾਉਣ ਦੀ ਅਪੀਲ ਕੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੀਵਾਲੀ ਮੌਕੇ ਦੇਸ਼ ਦੇ ਨਾਗਰਿਕਾਂ ਨੂੰ ਇੱਕ ਪੱਤਰ ਲਿਖਿਆ, ਜਿਸ ਵਿੱਚ ਉਨ੍ਹਾਂ ਨੇ ਆਪ੍ਰੇਸ਼ਨ ਸਿੰਧੂਰ ਦੀਆਂ ਸਫਲਤਾਵਾਂ ਅਤੇ ਨਕਸਲਵਾਦ ਵਿਰੁੱਧ ਲੜਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਅਜਿਹੇ ਮੌਕੇ ਸਥਿਰਤਾ ਦੇ ਪ੍ਰਤੀਕ ਵਜੋਂ ਉਭਰਿਆ ਹੈ ਜਦੋਂ ਕੁਲ ਆਲਮ ਸੰਕਟ ਨਾਲ ਘਿਰਿਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਅਪਰੇਸ਼ਨ ਸਿੰਧੂਰ ਤਹਿਤ (ਪਾਕਿਸਤਾਨ ਖਿਲਾਫ਼ ਕਾਰਵਾਈ) ਭਗਵਾਨ ਰਾਮ ਦੀਆਂ ਸਿੱਖਿਆਵਾਂ ‘ਅਨਿਆਂ ਨਾਲ ਲੜੋ, ਧਰਮੀ ਬਣੋ’ ਅਨੁਸਾਰ ਹੈ।
ਪ੍ਰਧਾਨ ਮੰਤਰੀ ਨੇ ਜੀਐਸਟੀ ਦਰਾਂ ਘਟਾਉਣ ਦੇ ਫੈਸਲੇ ਨੂੰ ਆਪਣੀ ਸਰਕਾਰ ਦੀ ਇਤਿਹਾਸਕ ਪ੍ਰਾਪਤੀ ਦੱਸਿਆ ਅਤੇ ਕਿਹਾ ਕਿ ‘ਜੀਐਸਟੀ ਬੱਚਤ ਉਤਸਵ’ ਦੌਰਾਨ ਦੇਸ਼ ਦੇ ਲੋਕ ਹਜ਼ਾਰਾਂ ਕਰੋੜ ਰੁਪਏ ਬਚਾ ਰਹੇ ਹਨ। ਉਨ੍ਹਾਂ ਨੇ ਨਾਗਰਿਕਾਂ ਨੂੰ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਸਵਦੇਸ਼ੀ ਅਪਣਾਉਣ, ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨ, ਸਿਹਤ ਨੂੰ ਤਰਜੀਹ ਦੇਣ ਅਤੇ ਯੋਗਾ ਅਪਣਾਉਣ ਦੀ ਅਪੀਲ ਕੀਤੀ।
ਸ੍ਰੀ ਮੋਦੀ ਨੇ ਕਿਹਾ, ‘‘ਇਹ ਸਾਰੇ ਯਤਨ ਸਾਨੂੰ ਇੱਕ ਵਿਕਸਤ ਭਾਰਤ ਵੱਲ ਤੇਜ਼ੀ ਨਾਲ ਲੈ ਜਾਣਗੇ।’’ ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਸਾਰਿਆਂ ਨੂੰ ਊਰਜਾ ਅਤੇ ਉਤਸ਼ਾਹ ਨਾਲ ਭਰੇ ਦੀਵਾਲੀ ਦੇ ਸ਼ੁਭ ਤਿਉਹਾਰ ’ਤੇ ਆਪਣੀਆਂ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ। ਅਯੁੱਧਿਆ ਵਿੱਚ ਰਾਮ ਮੰਦਰ ਦੇ ਸ਼ਾਨਦਾਰ ਨਿਰਮਾਣ ਤੋਂ ਬਾਅਦ ਇਹ ਦੂਜੀ ਦੀਵਾਲੀ ਹੈ।’’
ਪ੍ਰਧਾਨ ਮੰਤਰੀ ਨੇ ਕਿਹਾ, ‘‘ਭਗਵਾਨ ਸ਼੍ਰੀ ਰਾਮ ਸਾਨੂੰ ਮਰਿਆਦਾ ਦੀ ਪਾਲਣਾ ਕਰਨਾ ਸਿਖਾਉਂਦੇ ਹਨ ਅਤੇ ਸਾਨੂੰ ਅਨਿਆਂ ਨਾਲ ਲੜਨ ਦੀ ਹਿੰਮਤ ਵੀ ਦਿੰਦੇ ਹਨ। ਅਸੀਂ ਕੁਝ ਮਹੀਨੇ ਪਹਿਲਾਂ ਆਪ੍ਰੇਸ਼ਨ ਸਿੰਧੂਰ ਦੌਰਾਨ ਇਸ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਦੇਖੀ ਸੀ। ਆਪ੍ਰੇਸ਼ਨ ਸਿੰਧੂਰ ਦੌਰਾਨ, ਭਾਰਤ ਨੇ ਨਾ ਸਿਰਫ਼ ਧਰਮ ਦੀ ਪਾਲਣਾ ਕੀਤੀ ਬਲਕਿ ਅਨਿਆਂ ਦਾ ਬਦਲਾ ਵੀ ਲਿਆ।’’ ਉਨ੍ਹਾਂ ਕਿਹਾ ਕਿ ਇਹ ਦੀਵਾਲੀ ਖਾਸ ਹੈ ਕਿਉਂਕਿ ਪਹਿਲੀ ਵਾਰ ਦੇਸ਼ ਭਰ ਦੇ ਕਈ ਜ਼ਿਲ੍ਹਿਆਂ ਵਿੱਚ ਦੀਵੇ ਜਗਾਏ ਜਾਣਗੇ, ਜਿਨ੍ਹਾਂ ਵਿੱਚ ਦੂਰ-ਦੁਰਾਡੇ ਦੇ ਖੇਤਰ ਵੀ ਸ਼ਾਮਲ ਹਨ।
ਉਨ੍ਹਾਂ ਕਿਹਾ, ‘‘ਇਹ ਉਹ ਜ਼ਿਲ੍ਹੇ ਹਨ ਜਿੱਥੇ ਨਕਸਲਵਾਦ ਅਤੇ ਮਾਓਵਾਦੀ ਅਤਿਵਾਦ ਦਾ ਖਾਤਮਾ ਕੀਤਾ ਗਿਆ ਹੈ। ਹਾਲ ਹੀ ਵਿੱਚ, ਅਸੀਂ ਬਹੁਤ ਸਾਰੇ ਲੋਕਾਂ ਨੂੰ ਹਿੰਸਾ ਦਾ ਰਸਤਾ ਛੱਡਦੇ, ਸਾਡੇ ਦੇਸ਼ ਦੇ ਸੰਵਿਧਾਨ ਵਿੱਚ ਵਿਸ਼ਵਾਸ ਪ੍ਰਗਟ ਕਰਦੇ ਅਤੇ ਵਿਕਾਸ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੁੰਦੇ ਦੇਖਿਆ ਹੈ। ਇਹ ਦੇਸ਼ ਲਈ ਇੱਕ ਵੱਡੀ ਪ੍ਰਾਪਤੀ ਹੈ।’’