ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਦੇ ਕਾਗ਼ਜ਼ ਰੱਦ
ਰਾਜ ਸਭਾ ਉਪ ਚੋਣ ਲਈ ‘ਆਪ’ ਉਮੀਦਵਾਰ ਰਾਜਿੰਦਰ ਗੁਪਤਾ ਤੇ ਪਤਨੀ ਮਧੂ ਗੁਪਤਾ ਮੈਦਾਨ ਵਿੱਚ
ਪੰਜਾਬ ’ਚ ਰਾਜ ਸਭਾ ਦੀ ਇੱਕ ਸੀਟ ਲਈ 24 ਅਕਤੂਬਰ ਨੂੰ ਹੋਣ ਵਾਲੀ ਉਪ ਚੋਣ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਸਮੇਤ ਤਿੰਨ ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋ ਗਏ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਿੰਦਰ ਗੁਪਤਾ ਅਤੇ ਉਨ੍ਹਾਂ ਦੀ ਪਤਨੀ ਮਧੂ ਗੁਪਤਾ ਦੇ ਨਾਮਜ਼ਦਗੀ ਪੱਤਰ ਦਰੁਸਤ ਪਾਏ ਗਏ। ਤਿੰਨ ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਣ ਨਾਲ ਹੁਣ ਚੋਣ ਮੈਦਾਨ ’ਚ ਰਾਜਿੰਦਰ ਗੁਪਤਾ ਤੇ ਮਧੂ ਗੁਪਤਾ ਰਹਿ ਗਏ ਹਨ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖ਼ਰੀ ਤਰੀਕ 16 ਅਕਤੂਬਰ ਹੈ। ਰਾਜ ਸਭਾ ਦੀ ਉਪ ਚੋਣ ਲਈ ਪੰਜਾਬ ਦੇ ਰਿਟਰਨਿੰਗ ਅਫ਼ਸਰ ਰਾਮ ਲੋਕ ਕੋਲ ਅੱਜ ਦਸ ਵਿਧਾਇਕਾਂ ਨੇ ਲਿਖਤੀ ਬਿਆਨ ਦਿੱਤਾ ਕਿ ਉਨ੍ਹਾਂ ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਦਾ ਨਾਮ ਤਜਵੀਜ਼ ਨਹੀਂ ਕੀਤਾ। ਰਿਟਰਨਿੰਗ ਅਫ਼ਸਰ ਨੇ ਜਦੋਂ ਤਜਵੀਜ਼ ਕਰਨ ਵਾਲੇ ਫਾਰਮ ’ਤੇ ਕੀਤੇ ਦਸਤਖ਼ਤਾਂ ਦਾ ਮਿਲਾਨ ਕੀਤਾ ਤਾਂ ਇਹ ਫ਼ਰਜ਼ੀ ਨਿਕਲੇ। ਚਤੁਰਵੇਦੀ ਨੇ ਇੱਥੇ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਦਸ ਵਿਧਾਇਕਾਂ ਨੇ ਹਮਾਇਤ ਦਿੱਤੀ ਹੈ, ਹੁਣ ਇਹ ਵਿਧਾਇਕ ‘ਆਪ’ ਸਰਕਾਰ ਦੇ ਦਬਾਅ ਹੇਠ ਹਨ। ਰਿਟਰਨਿੰਗ ਅਫ਼ਸਰ ਦੇ ਦਫ਼ਤਰ ’ਚ ਨਵਨੀਤ ਚਤੁਰਵੇਦੀ ਕਿਸੇ ਵੀ ਵਿਧਾਇਕ ਨੂੰ ਪਛਾਣ ਨਾ ਸਕਿਆ ਜਿਸ ਮਗਰੋਂ ਚਤੁਰਵੇਦੀ ਦੇ ਕਾਗ਼ਜ਼ ਰੱਦ ਕਰ ਦਿੱਤੇ ਗਏ। ਇਸੇ ਤਰ੍ਹਾਂ ਆਜ਼ਾਦ ਉਮੀਦਵਾਰ ਕਾਂਤੇ ਸਯਾਨਾ ਵਾਸੀ ਹੈਦਰਾਬਾਦ ਅਤੇ ਮਹਾਰਾਸ਼ਟਰ ਵਾਸੀ ਆਜ਼ਾਦ ਉਮੀਦਵਾਰ ਪ੍ਰਭਾਕਰ ਦਾਦਾ ਦੇ ਕਾਗ਼ਜ਼ ਰੱਦ ਹੋ ਗਏ ਹਨ। ਨਵਨੀਤ ਚਤੁਰਵੇਦੀ ਨੇ ਕਾਗ਼ਜ਼ਾਂ ਦੇ ਪਹਿਲੇ ਸੈੱਟ ’ਚ ਰਜਨੀਸ਼ ਦਾਹੀਆ, ਨਰੇਸ਼ ਕਟਾਰੀਆ, ਸੁਖਬੀਰ ਸਿੰਘ ਮਾਈਸਰਖਾਨਾ, ਰਣਬੀਰ ਭੁੱਲਰ, ਗੁਰਲਾਲ ਸਿੰਘ ਘਨੌਰ, ਅਮੋਲਕ ਸਿੰਘ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਗੁਰਪ੍ਰੀਤ ਸਿੰਘ ਵਣਾਂਵਾਲੀ ਅਤੇ ਕੁਲਵੰਤ ਸਿੰਘ ਬਾਜ਼ੀਗਰ ਦੇ ਨਾਮ ਤਜਵੀਜ਼ਕਰਤਾ ਵਜੋਂ ਪੇਸ਼ ਕੀਤੇ ਪਰ ਇਸ ਸੈੱਟ ’ਤੇ ਇਨ੍ਹਾਂ ਵਿਧਾਇਕਾਂ ਦੇ ਦਸਤਖ਼ਤ ਨਹੀਂ ਸਨ। ਦੂਜੇ ਨਾਮਜ਼ਦਗੀ ਸੈੱਟ ’ਚ ਤਜਵੀਜ਼ਕਰਤਾ ਵਜੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਦਿਨੇਸ਼ ਚੱਢਾ, ਅਸ਼ੋਕ ਪਰਾਸ਼ਰ ਪੱਪੀ, ਰਮਨ ਅਰੋੜਾ, ਕੁੰਵਰ ਵਿਜੈ ਪ੍ਰਤਾਪ, ਜਸਬੀਰ ਸਿੰਘ ਸੰਧੂ, ਦਵਿੰਦਰਜੀਤ ਸਿੰਘ ਲਾਡੀ ਢੋਸ, ਵਿਜੈ ਸਿੰਗਲਾ, ਫੌਜਾ ਸਿੰਘ ਸਰਾਰੀ ਅਤੇ ਮਦਨ ਲਾਲ ਬੱਗਾ ਦੇ ਨਾਂ ਸਨ ਅਤੇ ਉਨ੍ਹਾਂ ਦੇ ਦਸਤਖ਼ਤ ਵੀ ਸਨ। ‘ਆਪ’ ਵਿਧਾਇਕਾਂ ਨੇ ਰੋਪੜ, ਲੁਧਿਆਣਾ, ਮੋਗਾ ਅਤੇ ਸਰਦੂਲਗੜ੍ਹ ਦੇ ਥਾਣਿਆਂ ’ਚ ਚਤੁਰਵੇਦੀ ਖ਼ਿਲਾਫ਼ ਕੇਸ ਦਰਜ ਕਰਾਏ ਹਨ।