Incorrect to blame Delhi airport for delay: ਦੇਰੀ ਲਈ ਦਿੱਲੀ ਹਵਾਈ ਅੱਡੇ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ: ਦਿੱਲੀ ਹਵਾਈ ਅੱਡਾ
ਨਵੀਂ ਦਿੱਲੀ, 20 ਅਪਰੈਲ
J-K CM Omar Abdullah: ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਲੈ ਕੇ ਦਿੱਲੀ ਜਾਣ ਵਾਲੀ ਇੰਡੀਗੋ ਦੀ ਉਡਾਣ ਨੂੰ ਹੋਰ ਹਵਾਈ ਅੱਡੇ ਵੱਲ ਤਬਦੀਲ ਕਰਨ ਬਾਰੇ ਸਪਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਪਗ੍ਰੇਡੇਸ਼ਨ ਦੇ ਕੰਮ ਕਾਰਨ ਰਨਵੇਅ ਨੂੰ ਅਸਥਾਈ ਤੌਰ ’ਤੇ ਬੰਦ ਕੀਤਾ ਗਿਆ ਹੈ ਜਿਸ ਬਾਰੇ ਕਈ ਵਾਰ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਤੇ ਦਿੱਲੀ ਹਵਾਈ ਅੱਡੇ ਨੂੰ ਇਸ ਦੇਰੀ ਲਈ ਜ਼ਿੰਮੇਵਾਰ ਠਹਿਰਾਉਣਾ ਗਲਤ ਹੈ।
ਉਨ੍ਹਾਂ ਮੁੱਖ ਮੰਤਰੀ ਅਬਦੁੱਲਾ ਦੀ ਪੋਸਟ ਦੇ ਜਵਾਬ ਵਿੱਚ ਕਿਹਾ, ‘ਪਿਆਰੇ ਮਿਸਟਰ ਅਬਦੁੱਲਾ ਦੇਰੀ/ਡਾਇਵਰਸ਼ਨ ਲਈ ਦਿੱਲੀ ਹਵਾਈ ਅੱਡੇ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ ਹੈ। ਅਸਲੀਅਤ ਇਹ ਹੈ ਕਿ ਜ਼ਰੂਰੀ ਇੰਸਟਰੂਮੈਂਟ ਲੈਂਡਿੰਗ ਸਿਸਟਮ (ਆਈਐਲਐਸ) ਅਪਗ੍ਰੇਡੇਸ਼ਨ ਲਈ 8 ਅਪਰੈਲ ਤੋਂ ਰਨਵੇਅ 10/28 ਨੂੰ ਬੰਦ ਕੀਤਾ ਗਿਆ ਹੈ ਤੇ ਇਸ ਸਬੰਧੀ ਕਈ ਵਾਰ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਦਿੱਲੀ ਹਵਾਈ ਅੱਡੇ ਨੇ ਕਿਹਾ ਕਿ ਉਹ ਪਹਿਲਾਂ ਹੀ ਮੌਸਮ ਬਦਲਣ ਤੇ ਹਵਾ ਦੇ ਰੁਖ਼ ਬਾਰੇ ਕਈ ਐਡਵਾਇਜ਼ਰੀ ਜਾਰੀ ਕਰ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ੍ਰੀਨਗਰ ਤੋਂ ਦਿੱਲੀ ਆ ਰਹੀ ਇੰਡੀਗੋ ਦੀ ਉਡਾਣ ਵਿਚ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਸਵਾਰ ਸਨ ਤੇ ਅੱਜ ਤੜਕੇ ਇਹ ਉਡਾਣ ਦਿੱਲੀ ਵਿਚ ਉਤਰੀ ਸੀ। ਇਸ ਉਡਾਣ ਨੂੰ ਸ਼ਨਿੱਚਰਵਾਰ ਰਾਤੀਂ ਜੈਪੁਰ ਵੱਲ ਮੋੜ ਦਿੱਤਾ ਗਿਆ ਸੀ।