ਸੈਫਰਾਨ ਏਅਰਕ੍ਰਾਫਟ ਇੰਜਣ ਪਲਾਂਟ ਦਾ ਉਦਘਾਟਨ
ਫਰਾਂਸੀਸੀ ਕੰਪਨੀ ਜਹਾਜ਼ਾਂ ਦੇ ਇੰਜਣਾਂ ਦੀ ਸਾਂਭ-ਸੰਭਾਲ ਅਤੇ ਮੁਰੰਮਤ ਕਰੇਗੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਵੇਸ਼ ਸਮਰੱਥਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਮੁਲਕ ਹੁਣ ਸੁਧਾਰਾਂ ਨੂੰ ਤੇਜ਼ੀ ਨਾਲ ਲਾਗੂ ਕਰ ਰਿਹਾ ਹੈ ਅਤੇ ਨਿਵੇਸ਼ਕਾਂ ਲਈ ਭਰੋਸੇਮੰਦ ਭਾਈਵਾਲ ਬਣ ਚੁੱਕਿਆ ਹੈ। ਉਨ੍ਹਾਂ ਨੇ ਹੈਦਰਾਬਾਦ ’ਚ ਫਰਾਂਸੀਸੀ ਏਵੀਏਸ਼ਨ ਕੰਪਨੀ ਸੈਫਰਾਨ ਦੇ ਜਹਾਜ਼ ਇੰਜਣਾਂ ਸਬੰਧੀ ਐੱਮ ਆਰ ਓ ਪਲਾਂਟ ਦਾ ਆਨਲਾਈਨ ਉਦਘਾਟਨ ਕਰਦਿਆਂ ਇਹ ਗੱਲ ਆਖੀ।
ਸ੍ਰੀ ਮੋਦੀ ਨੇ ਕਿਹਾ ਕਿ ਇਹ ਪਲਾਂਟ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਮੁਹੱਈਆ ਕਰੇਗਾ। ਮੁਲਕ ਦਾ ਏਵੀਏਸ਼ਨ ਸੈਕਟਰ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਦੇਸ਼ ਦਾ ਘਰੇਲੂ ਬਾਜ਼ਾਰ ਦੁਨੀਆ ’ਚ ਤੀਜਾ ਸਭ ਤੋਂ ਵੱਡਾ ਹੈ। ਭਾਰਤੀ ਏਅਰਲਾਈਨ ਕੰਪਨੀਆਂ ਨੇ 1,500 ਤੋਂ ਵਧ ਨਵੇਂ ਜਹਾਜ਼ਾਂ ਦਾ ਆਰਡਰ ਦਿੱਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਹਾਜ਼ਾਂ ਦੀ ਸਾਂਭ-ਸੰਭਾਲ, ਮੁਰੰਮਤ ਅਤੇ ਦੇਖਭਾਲ ਯਾਨੀ ਐੱਮ ਆਰ ਓ ਦਾ ਕਰੀਬ 85 ਫ਼ੀਸਦ ਕੰਮ ਵਿਦੇਸ਼ ’ਚ ਹੋਣ ਨਾਲ ਲਾਗਤ ਵਧਦੀ ਹੈ ਅਤੇ ਜਹਾਜ਼ਾਂ ਨੂੰ ਲੰਬੇ ਸਮੇਂ ਤੱਕ ਖੜ੍ਹੇ ਰਹਿਣਾ ਪੈਂਦਾ ਹੈ। ਇਸ ਚੁਣੌਤੀ ਨੂੰ ਦੇਖਦਿਆਂ ਸਰਕਾਰ ਭਾਰਤ ਨੂੰ ਆਲਮੀ ਐੱਮ ਆਰ ਓ ਕੇਂਦਰ ਵਜੋਂ ਵਿਕਸਤ ਕਰ ਰਹੀ ਹੈ। ਉਧਰ, ਫਰਾਂਸੀਸੀ ਕੰਪਨੀ ਸੈਫਰਾਨ ਨੇ ਕਿਹਾ ਕਿ ਉਨ੍ਹਾਂ ਦਾ ‘ਲੀਪ’ ਇੰਜਣਾਂ ਲਈ ਐੱਮ ਆਰ ਓ ਪਲਾਂਟ 2026 ਤੋਂ ਚਾਲੂ ਹੋ ਜਾਵੇਗਾ। ਉਨ੍ਹਾਂ ਆਸ ਜਤਾਈ ਕਿ ਦੇਸ਼ ’ਚ 2030 ਤੱਕ ਕੰਪਨੀ ਦਾ ਸਾਲਾਨਾ ਮਾਲੀਆ 3 ਅਰਬ ਯੂਰੋ ਤੋਂ ਵਧ ਦਾ ਹੋਵੇਗਾ।
ਸੈਫਰਾਨ ਵੱਲੋਂ ਦਾਸੋ ਏਵੀਏਸ਼ਨ ਰਫਾਲ ਲੜਾਕੂ ਜੈੱਟ ਦੇ ਐੱਮ88 ਇੰਜਣਾਂ ਦੇ ਰੱਖ-ਰਖਾਅ ਸਬੰਧੀ ਪਲਾਂਟ ਵੀ ਸਥਾਪਿਤ ਕੀਤਾ ਜਾਵੇਗਾ। ਲੀਪ (ਲੀਡਿੰਗ ਐੱਜ ਏਵੀਏਸ਼ਨ ਪ੍ਰਪਲਸ਼ਨ) ਇੰਜਣ ਏਅਰਬੱਸ ਏ 320ਨਿਓ ਅਤੇ ਬੋਇੰਗ 737 ਮੈਕਸ ਜਹਾਜ਼ਾਂ ਲਈ ਤਿਆਰ ਕੀਤੇ ਜਾਣਗੇ। ਨਵੇਂ ਪਲਾਂਟ ’ਤੇ 250 ਤੋਂ ਵਧ ਮੁਲਾਜ਼ਮਾਂ ਨੂੰ ਕੰਮ ਮਿਲੇਗਾ ਅਤੇ ਬਾਅਦ ’ਚ ਇਹ ਸਮਰੱਥਾ ਵਧ ਕੇ 1,100 ਹੋ ਜਾਵੇਗੀ।

