DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਸ਼ਵ ਵਿੱਚ ਟਕਰਾਅ ਤੇ ਤਣਾਅ ਦੇ ਮਾਹੌਲ ’ਚ ਭਾਰਤ-ਆਸੀਆਨ ਦੋਸਤੀ ਅਹਿਮ: ਮੋਦੀ

ਵੀਅਨਤਿਆਨੇ, 10 ਅਕਤੂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਵਿਸ਼ਵ ਦੇ ਵੱਖ ਵੱਖ ਹਿੱਸਿਆਂ ਵਿਚ ਜਾਰੀ ਟਕਰਾਅ ਤੇ ਤਣਾਅ ਦੇ ਮਾਹੌਲ ਦਰਮਿਆਨ ਭਾਰਤ-ਆਸੀਆਨ ਦੋਸਤੀ ਬਹੁਤ ਅਹਿਮ ਹੈ। ਸ੍ਰੀ ਮੋਦੀ ਨੇ ਭਾਰਤ-ਆਸੀਆਨ ਵਿਆਪਕ ਭਾਈਵਾਲੀ ਦੀ ਮਜ਼ਬੂਤੀ ਲਈ 10 ਨੁਕਾਤੀ...
  • fb
  • twitter
  • whatsapp
  • whatsapp
featured-img featured-img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੀਆ-ਆਸੀਆਨ ਸਿਖਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਵੀਅਨਤਿਆਨੇ, 10 ਅਕਤੂਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਵਿਸ਼ਵ ਦੇ ਵੱਖ ਵੱਖ ਹਿੱਸਿਆਂ ਵਿਚ ਜਾਰੀ ਟਕਰਾਅ ਤੇ ਤਣਾਅ ਦੇ ਮਾਹੌਲ ਦਰਮਿਆਨ ਭਾਰਤ-ਆਸੀਆਨ ਦੋਸਤੀ ਬਹੁਤ ਅਹਿਮ ਹੈ। ਸ੍ਰੀ ਮੋਦੀ ਨੇ ਭਾਰਤ-ਆਸੀਆਨ ਵਿਆਪਕ ਭਾਈਵਾਲੀ ਦੀ ਮਜ਼ਬੂਤੀ ਲਈ 10 ਨੁਕਾਤੀ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਕਿ ਖੇਤਰੀ ਸਮੂਹਾਂ ਦਰਮਿਆਨ ਰਿਸ਼ਤੇ ਏਸ਼ੀਆ ਦੇ ਭਵਿੱਖ ਨੂੰ ਸੇਧ ਦੇਣ ਲਈ ਅਹਿਮ ਹਨ। ਪ੍ਰਧਾਨ ਮੰਤਰੀ ਇਥੇ 21ਵੀਂ ਭਾਰਤ-ਆਸੀਆਨ ਸਿਖਰ ਵਾਰਤਾ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਮੋਦੀ ਕਿਹਾ ਕਿ ਉਨ੍ਹਾਂ ਦਹਾਕੇ ਪਹਿਲਾਂ ਐਕਟ ਈਸਟ ਪਾਲਿਸੀ ਦਾ ਐਲਾਨ ਕੀਤਾ ਸੀ, ਜਿਸ ਨੇ ਬੀਤੇ ਦਹਾਕੇ ਵਿਚ ਭਾਰਤ ਤੇ ਆਸੀਆਨ ਮੁਲਕਾਂ ਦਰਮਿਆਨ ਇਤਿਹਾਸਕ ਰਿਸ਼ਤਿਆਂ ਨੂੰ ਨਵੀਂ ਊਰਜਾ, ਸੇਧ ਤੇ ਰਫ਼ਤਾਰ ਦਿੱਤੀ ਹੈ। ਆਸੀਆਨ ਮੁਲਕਾਂ ਵਿਚ ਮਲੇਸ਼ੀਆ, ਥਾਈਲੈਂਡ, ਬਰੂਨੇਈ, ਕੰਬੋਡੀਆ, ਇੰਡੋਨੇਸ਼ੀਆ, ਮਿਆਂਮਾਰ, ਫ਼ਿਲਪੀਨਜ਼, ਵੀਅਤਨਾਮ, ਲਾਓਸ ਤੇ ਸਿੰਗਾਪੁਰ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ, ਜਿਸ ਨੂੰ ਏਸ਼ੀਆ ਦੀ ਸਦੀ ਵੀ ਕਿਹਾ ਜਾਂਦਾ ਹੈ, ਭਾਰਤ ਤੇ ਆਸੀਆਨ ਮੁਲਕਾਂ ਦੀ ਸਦੀ ਹੈ। ਉਨ੍ਹਾਂ ਕਿਹਾ, ‘ਭਾਰਤ-ਆਸੀਆਨ ਦੋਸਤੀ, ਤਾਲ-ਮੇਲ ਸੰਵਾਦ ਤੇ ਸਹਿਯੋਗ ਅਜਿਹੇ ਸਮੇਂ ਬਹੁਤ ਅਹਿਮ ਹੈ ਜਦੋਂ ਕੁੱਲ ਆਲਮ ਦੇ ਵੱਖ ਵੱਖ ਹਿੱਸਿਆਂ ਨੂੰ ਟਕਰਾਅ ਤੇ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇ ਆਸੀਆਨ ਮੁਲਕ ਆਲਮੀ ਦੱਖਣ ਵਿਚ ਗੁਆਂਢੀ ਤੇ ਭਾਈਵਾਲ ਹਨ ਅਤੇ ਇਹ ਉਹ ਖਿੱਤਾ ਹੈ ਜੋ ਤੇਜ਼ੀ ਨਾਲ ਤਰੱਕੀ ਦਾ ਗਵਾਹ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਸ਼ਾਂਤੀ ਪਸੰਦ ਮੁਲਕ ਹਾਂ ਤੇ ਇਕ ਦੂਜੇ ਦੀ ਪ੍ਰਦੇਸ਼ਕ ਅਖੰਡਤਾ ਤੇ ਪ੍ਰਭੂਸੱਤਾ ਦਾ ਸਤਿਕਾਰ ਕਰਦੇ ਹਾਂ, ਅਤੇ ਖਿੱਤੇ ਦੇ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਲਈ ਵਚਨਬੱਧ ਹਾਂ।’’ ਉਨ੍ਹਾਂ ਕਿਹਾ ਕਿ ਲੋਕ ਕੇਂਦਰਤ ਪਹੁੰਚ ਭਾਰਤ ਤੇ ਆਸੀਆਨ ਦਰਮਿਆਨ ਵਿਕਾਸ ਭਾਈਵਾਲੀ ਦੀ ਨੀਂਹ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਰਤ ਤੋਂ ਸੱਤ ਆਸੀਆਨ ਮੁਲਕਾਂ ਨੂੰ ਸਿੱਧੀਆਂ ਉਡਾਣਾਂ ਹਨ ਤੇ ਜਲਦੀ ਹੀ ਬਰੂਨੇਈ ਲਈ ਸਿੱਧੀ ਉਡਾਣ ਸ਼ੁਰੂ ਹੋ ਜਾਵੇਗੀ।’’ ਪ੍ਰਧਾਨ ਮੰਤਰੀ ਵੱਲੋਂ ਐਲਾਨੀ 10 ਨੁਕਾਤੀ ਯੋਜਨਾ ਵਿਚ ਸਾਲ 2025 ਨੂੰ ਆਸੀਆਨ-ਇੰਡੀਆ ਸੈਰ-ਸਪਾਟਾ ਸਾਲ ਵਜੋਂ ਮਨਾਉਣ, ਨਾਲੰਦਾ ਯੂਨੀਵਰਸਿਟੀ ’ਚ ਵਜ਼ੀਫ਼ਿਆਂ ਦੀ ਗਿਣਤੀ ਦੁੱਗਣੀ ਕਰਨਾ, ਭਾਰਤ ਦੀਆਂ ਖੇਤੀ ਯੂਨੀਵਰਸਿਟੀਆਂ ਵਿਚ ਆਸੀਆਨ ਵਿਦਿਆਰਥੀਆਂ ਲਈ ਨਵੀਆਂ ਗਰਾਂਟਾਂ ਮੁਹੱਈਆ ਕਰਵਾਉਣਾ, ਆਸੀਆਨ-ਇੰਡੀਆ ਸਾਇੰਸ ਟੈਕਨਾਲੋਜੀ ਡਿਵੈਲਪਮੈਂਟ ਫੰਡ ਤਹਿਤ ਆਸੀਆਨ-ਇੰਡੀਆ ਵਿਮੈਨ ਸਾਇੰਟਿਸਟਸ ਕਾਨਕਲੇਵ ਕਰਵਾਉਣਾ ਆਦਿ ਸ਼ਾਮਲ ਹਨ। ਸ੍ਰੀ ਮੋਦੀ ਨੇ ਸਿਖਰ ਵਾਰਤਾ ਤੋਂ ਇਕਪਾਸੇ ਜਾਪਾਨ ਦੇ ਆਪਣੇ ਨਵੇਂ ਹਮਰੁਤਬਾ ਸ਼ਿਗੇਰੂ ਇਸ਼ੀਬਾ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਮੀਟਿੰਗਾਂ ਕੀਤੀਆਂ। -ਪੀਟੀਆਈ

Advertisement

ਹਵਾਈ ਅੱਡੇ ’ਤੇ ਮੋਦੀ ਦਾ ਰਵਾਇਤੀ ਸਵਾਗਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੌਇਲ ਥੀਏਟਰ ਵਿਚ ਰਾਮਾਇਣ ਦੀ ਪੇਸ਼ਕਾਰੀ ਦੌਰਾਨ ਕਲਾਕਾਰਾਂ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ। -ਫੋਟੋ: ਪੀਟੀਆਈ

ਵੀਅਨਤਿਆਨੇ: ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ ਦਾ ਗ੍ਰਹਿ ਮੰਤਰੀ ਵਿਲੈਵੌਂਗ ਬੁੱਧਖ਼ਮ ਨੇ ਹਵਾਈ ਅੱਡੇ ’ਤੇ ਰਵਾਇਤੀ ਸਵਾਗਤ ਕੀਤਾ। ਉਪਰੰਤ ਹੋਟਲ ਦੀ ਲੌਬੀ ਵਿਚ ਪਰਵਾਸੀ ਭਾਰਤੀਆਂ ਨੇ ਜੋਸ਼ੀਲੇ ਨਾਅਰਿਆਂ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਜੀ ਆਇਆਂ ਕਿਹਾ। ਸ੍ਰੀ ਮੋਦੀ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਵੀ ਮਿਲੇ। ਸ੍ਰੀ ਮੋਦੀ ਨੇ ਮਗਰੋਂ ਲੁਆਂਗ ਪ੍ਰਾਬੈਂਕ ਦੇ ਮਾਣਮੱਤੇ ਰੌਇਲ ਥੀਏਟਰ ਵਿਚ ਲਾਓਟੀਅਨ ਰਮਾਇਣ ਪੇਸ਼ਕਾਰੀ ‘ਫਰਾਲਕ ਫਰਾਲਮ’ ਵੀ ਦੇਖੀ। ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਸੀ ਸਾਕੇਤ ਮੰਦਰ ਵਿਚ ਸੀਨੀਅਰ ਬੋਧੀ ਸੰਨਿਆਸੀਆਂ ਤੋਂ ਅਸ਼ੀਰਵਾਦ ਲਿਆ। ਈਸਟ ਏਸ਼ੀਆ ਸਿਖਰ ਸੰਮੇਲਨ ਵਿਚ 10 ਆਸੀਆਨ ਮੁਲਕ ਤੇ ਅੱਠ ਭਾਈਵਾਲ- ਆਸਟਰੇਲੀਆ, ਚੀਨ, ਭਾਰਤ, ਜਪਾਨ, ਦੱਖਣੀ ਕੋਰੀਆ, ਨਿਊਜ਼ੀਲੈਂਡ, ਰੂਸ ਤੇ ਅਮਰੀਕਾ ਸ਼ਾਮਲ ਹਨ। -ਪੀਟੀਆਈ

ਭੁਗਤਾਨ ਪ੍ਰਣਾਲੀਆਂ ਨੂੰ ਜੋੜਨ ’ਚ ਆਸੀਆਨ ਦੇਸ਼ਾਂ ਦੀ ਮਦਦ ਕਰੇਗਾ ਭਾਰਤ

ਭਾਰਤ ਆਧਾਰ ਅਤੇ ਯੂਪੀਆਈ ਵਰਗੇ ਡਿਜੀਟਲ ਸਮਾਜਿਕ ਬੁਨਿਆਦੀ ਢਾਂਚੇ ਦੀ ਵਰਤੋਂ ਨਾਲ ਜੁੜੇ ਆਪਣੇ ਤਜਰਬਿਆਂ ਅਤੇ ਗਿਆਨ ਨੂੰ ਆਸੀਆਨ ਮੁਲਕਾਂ ਨਾਲ ਸਾਂਝਾ ਕਰੇਗਾ। ਇਸ ਤੋਂ ਇਲਾਵਾ ਸਿੱਖਿਆ, ਸਿਹਤ ਸੇਵਾਵਾਂ, ਖੇਤੀ ਅਤੇ ਜਲਵਾਯੂ ਤਬਦੀਲੀ ’ਚ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਸਹਿਯੋਗ ਦੀ ਸੰਭਾਵਨਾ ਵੀ ਤਲਾਸ਼ੀ ਜਾਵੇਗੀ।

Advertisement
×