ਨਵੇਂ ਅਧਿਐਨ ’ਚ ਦਿੱਲੀ ਵਿਸ਼ਵ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ
ਨਵੀਂ ਦਿੱਲੀ, 29 ਅਗਸਤ
ਦਿੱਲੀ ਨੂੰ ਇਕ ਨਵੇਂ ਅਧਿਐਨ ਵਿਚ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦੱਸਿਆ ਗਿਆ ਹੈ ਤੇ ਜੇਕਰ ਇਸੇ ਤਰ੍ਹਾਂ ਪ੍ਰਦੂਸ਼ਣ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਦੀ ਤੈਅ ਹੱਦ ਤੋਂ ਵੱਧ ਬਣਿਆ ਰਿਹਾ ਤਾਂ ਦਿੱਲੀ ਵਾਸੀਆਂ ਦੇ ਜੀਵਨ ਦੇ 11.9 ਵਰ੍ਹੇ ਘੱਟ ਹੋ ਜਾਣ ਦੀ ਸੰਭਾਵਨਾ ਹੈ।
ਸ਼ਿਕਾਗੋ ਯੂਨੀਵਰਸਿਟੀ ਦੇ ‘ਐਨਰਜੀ ਪਾਲਿਸੀ ਇੰਸਟੀਚਿਊਟ’ ਵੱਲੋਂ ਜਾਰੀ ਹਵਾ ਗੁਣਵੱਤਾ ਸੂਚਕ ਅੰਕ ਵਿਚ ਦਰਸਾਇਆ ਗਿਆ ਹੈ ਕਿ ਭਾਰਤ ਦੇ 1.3 ਅਰਬ ਲੋਕ ਉਨ੍ਹਾਂ ਖੇਤਰਾਂ ਵਿਚ ਰਹਿੰਦੇ ਹਨ ਜਿੱਥੇ ਸਾਲਾਨਾ ਔਸਤ ਕਣ ਪ੍ਰਦੂਸ਼ਣ ਪੱਧਰ ਡਬਲਿਊਐਚਓ ਵੱਲੋਂ ਨਿਰਧਾਰਿਤ ਪੰਜ ਮਾਈਕਰੋਗਰਾਮ ਪ੍ਰਤੀ ਘਣ ਮੀਟਰ ਦੀ ਸੀਮਾ ਤੋਂ ਵੱਧ ਹੈ। ਇਸ ਵਿਚ ਇਹ ਵੀ ਪਾਇਆ ਗਿਆ ਹੈ ਕਿ ਦੇਸ਼ ਦੀ 67.4 ਪ੍ਰਤੀਸ਼ਤ ਆਬਾਦੀ ਅਜਿਹੇ ਖੇਤਰਾਂ ਵਿਚ ਰਹਿੰਦੀ ਹੈ ਜਿੱਥੇ ਪ੍ਰਦੂਸ਼ਣ ਦਾ ਪੱਧਰ ਦੇਸ਼ ਦੇ ਆਪਣੇ ਕੌਮੀ ਹਵਾ ਗੁਣਵੱਤਾ ਮਾਪਦੰਡ 40 ਮਾਈਕਰੋਗਰਾਮ ਤੋਂ ਵੀ ਵੱਧ ਹੈ। ਅਧਿਐਨ ਮੁਤਾਬਕ ਡਬਲਿਊਐਚਓ ਵੱਲੋਂ ਨਿਰਧਾਰਿਤ ਹੱਦ ਅਧੀਨ ਸੰਭਾਵੀ ਜੀਵਨ (ਉਮਰ) ਦੀ ਤੁਲਨਾ ਵਿਚ ਭਾਰਤ ਵਿਚ ਹਵਾ ’ਚ ਮੌਜੂਦ ਸੂਖਮ ਕਣਾਂ ਦਾ ਪ੍ਰਦੂਸ਼ਣ ਜੀਵਨ ਕਾਲ ਨੂੰ 5.3 ਸਾਲ ਘੱਟ ਕਰ ਦਿੰਦਾ ਹੈ। ਅਧਿਐਨ ਵਿਚ ਕਿਹਾ ਗਿਆ ਹੈ, ‘ਇੱਥੋਂ ਤੱਕ ਕਿ ਖੇਤਰ ਦੇ ਸਭ ਤੋਂ ਘੱਟ ਪ੍ਰਦੂਸ਼ਿਤ ਜ਼ਿਲ੍ਹੇ- ਪੰਜਾਬ ਦੇ ਪਠਾਨਕੋਟ- ਵਿਚ ਵੀ ਸੂਖਮ ਕਣਾਂ ਦਾ ਪ੍ਰਦੂਸ਼ਣ ਡਬਲਿਊਐਚਓ ਦੀ ਸੀਮਾ ਤੋਂ ਸੱਤ ਗੁਣਾ ਵੱਧ ਹੈ ਤੇ ਉੱਥੇ ਇਹੀ ਸਥਿਤੀ ਰਹਿਣ ’ਤੇ ਉਮਰ 3.1 ਸਾਲ ਘੱਟ ਜਾਵੇਗੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਣ ਪ੍ਰਦੂਸ਼ਣ ਸਮੇਂ ਦੇ ਨਾਲ ਵਧਿਆ ਹੈ ਤੇ 1998 ਤੋਂ 2021 ਤੱਕ ਭਾਰਤ ਵਿਚ ਔਸਤ ਸਾਲਾਨਾ ਕਣ ਪ੍ਰਦੂਸ਼ਣ 67.7 ਪ੍ਰਤੀਸ਼ਤ ਵਧਿਆ ਹੈ, ਇਸ ਨਾਲ ਉਮਰ 2.3 ਸਾਲ ਘੱਟ ਗਈ ਹੈ। -ਪੀਟੀਆਈ
ਜਲਵਾਯੂ ਤਬਦੀਲੀ ਲੈ ਸਕਦੀ ਹੈ ਇਕ ਅਰਬ ਲੋਕਾਂ ਦੀ ਜਾਨ
ਨਵੀਂ ਦਿੱਲੀ: ਜਰਨਲ ‘ਐਨਰਜੀਜ਼’ ’ਚ ਪ੍ਰਕਾਸ਼ਿਤ ਅਧਿਐਨ ਵਿਚ ਕਿਹਾ ਗਿਆ ਹੈ ਕਿ ਮਨੁੱਖੀ ਸਰਗਰਮੀ ਕਾਰਨ ਆਈ ਜਲਵਾਯੂ ਤਬਦੀਲੀ ਅਗਲੀ ਇਕ ਸਦੀ ਵਿਚ ਇਕ ਅਰਬ ਲੋਕਾਂ ਦੀ ਸਮੇਂ ਤੋਂ ਪਹਿਲਾਂ ਜਾਨ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇ ਆਲਮੀ ਤਪਸ਼ ਦੋ ਡਿਗਰੀ ਸੈਲਸੀਅਸ ਤੱਕ ਵਧੀ ਤਾਂ ਅਜਿਹਾ ਹੋ ਸਕਦਾ ਹੈ। ਅਧਿਐਨ ਮੁਤਾਬਕ 40 ਪ੍ਰਤੀਸ਼ਤ ਕਾਰਬਨ ਨਿਕਾਸੀ ਲਈ ਤੇਲ ਤੇ ਗੈਸ ਉਦਯੋਗ ਜ਼ਿੰਮੇਵਾਰ ਹਨ। ਇਸ ਨਾਲ ਅਰਬਾਂ ਲੋਕਾਂ ਦੀ ਜ਼ਿੰਦਗੀ ਉਤੇ ਅਸਰ ਪੈ ਰਿਹਾ ਹੈ। -ਪੀਟੀਆਈ