ਡੇਰਾ ਮੁਖੀ ਖ਼ਿਲਾਫ਼ ਨਪੁੰਸਕ ਮਾਮਲਾ:ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਗਵਾਹ ਨਾਲ ਜਿਰ੍ਹਾ ਦੀ ਇਜਾਜ਼ਤ
ਪੈਰੋਕਾਰਾਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਵਿੱਚ ਸੀਬੀਆਈ ਦੇ ਵਿਸ਼ੇਸ਼ ਜੱਜ ਅਨਿਲ ਕੁਮਾਰ ਯਾਦਵ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਅਤੇ ਦੋ ਡਾਕਟਰਾਂ ਖ਼ਿਲਾਫ਼ ਮੁੱਖ ਗਵਾਹ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਜਿਰ੍ਹਾ ਦੀ ਇਜਾਜ਼ਤ ਦਿੱਤੀ ਹੈ। ਇਹ ਗਵਾਹ ਇਸ ਸਮੇਂ ਅਮਰੀਕਾ ਵਿੱਚ ਹੈ। ਉਸ ਨੇ ਆਪਣੇ ਵਕੀਲ ਨਵਕਿਰਨ ਸਿੰਘ ਰਾਹੀਂ ਅਰਜ਼ੀ ਦਿੱਤੀ ਸੀ ਕਿ ਉਸ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਜਿਰ੍ਹਾ ’ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਉਸ ਨੇ ਖ਼ਦਸ਼ਾ ਪ੍ਰਗਟਾਇਆ ਸੀ ਕਿ ਜੇ ਉਹ ਅਦਾਲਤ ਵਿੱਚ ਪੇਸ਼ ਹੋਇਆ ਹੈ ਤਾਂ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਉਸ ਦੀ ਪਟੀਸ਼ਨ ’ਤੇ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਸੰਬਰ 2014 ਵਿੱਚ ਸੀਬੀਆਈ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ। ਗਵਾਹ ਨੇ ਇਹ ਵੀ ਕਿਹਾ ਸੀ ਕਿ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ’ਤੇ ਰਿਹਾਅ ਕੀਤਾ ਜਾ ਰਿਹਾ ਹੈ ਜਿਸ ਕਾਰਨ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਗਵਾਹ ਦਾ ਦਾਅਵਾ ਹੈ ਕਿ ਉਹ ਵੀ ਨਪੁੰਸਕਤਾ ਦਾ ਸ਼ਿਕਾਰ ਹੈ। ਸੀਬੀਆਈ ਦੇ ਸੀਨੀਅਰ ਵਕੀਲ ਜਸਵਿੰਦਰ ਕੁਮਾਰ ਭੱਟੀ ਨੇ ਅਦਾਲਤ ਵਿੱਚ ਦੱਸਿਆ ਕਿ ਏਜੰਸੀ ਨੂੰ ਗਵਾਹ ਦੀ ਜਿਰ੍ਹਾ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਉਣ ’ਤੇ ਕੋਈ ਇਤਰਾਜ਼ ਨਹੀਂ ਹੈ। ਦੂਜੇ ਪਾਸੇ ਡੇਰਾ ਮੁਖੀ ਦੇ ਵਕੀਲ ਅਮਰ ਡੀ. ਕਾਮਰਾ ਨੇ ਇਸ ’ਤੇ ਇਤਰਾਜ਼ ਜਤਾਇਆ। ਬਚਾਅ ਪੱਖ ਦੇ ਇਕ ਹੋਰ ਵਕੀਲ ਪੀਕੇ ਸੰਧੀਰ ਨੇ ਦਲੀਲ ਦਿੱਤੀ ਕਿ ਗਵਾਹ ਨੇ ਅਮਰੀਕਾ ਵਿੱਚ ਸ਼ਰਨ ਲੈਣ ਲਈ ਆਪਣੀ ਜਾਨ ਨੂੰ ਖ਼ਤਰਾ ਹੋਣ ਦੀ ਕਹਾਣੀ ਘੜੀ ਹੈ। ਅਦਾਲਤ ਨੇ ਸੀਬੀਆਈ ਅਧਿਕਾਰੀਆਂ ਨੂੰ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਨ ਲਈ ਕਿਹਾ ਤਾਂ ਜੋ ਅਮਰੀਕਾ ਵਿੱਚ ਭਾਰਤੀ ਦੂਤਘਰ ਦੀ ਮਦਦ ਲਈ ਜਾ ਸਕੇ ਅਤੇ ਪਹਿਲਾਂ ਤੋਂ ਤੈਅ ਸਮੇਂ ’ਤੇ ਬਿਆਨ ਕਲਮਬੰਦ ਕਰਨ ਲਈ ਸੁਰੱਖਿਅਤ ਜਗ੍ਹਾ ਦੀ ਉਪਲੱਬਧਤਾ ਯਕੀਨੀ ਬਣਾਈ ਜਾ ਸਕੇ। ਸੀਬੀਆਈ ਨੂੰ ਗਵਾਹ ਦੇ ਬਿਆਨਾਂ ਦੀ ਆਡੀਓ-ਵਿਜ਼ੂਅਲ ਰਿਕਾਰਡਿੰਗ ਸੁਰੱਖਿਅਤ ਰੱਖਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।