ਭਾਰਤੀ ਦਰਾਮਦਾਂ ’ਤੇ ਵਾਧੂ ਟੈਕਸ ਲਾਉਣਾ ‘ਧੱਕਾ, ਬੇਇਨਸਾਫ਼ੀ ਤੇ ਗੈਰਵਾਜਬ’: ਵਿਦੇਸ਼ ਮੰਤਰਾਲਾ
ਭਾਰਤ ਨੇ ਬੁੱਧਵਾਰ ਨੂੰ ਭਾਰਤੀ ਵਸਤਾਂ ’ਤੇ 25 ਫੀਸਦ ਵਾਧੂ ਟੈਰਿਫ ਲਗਾਉਣ ਦੀ ਅਮਰੀਕੀ ਕਾਰਵਾਈ ਨੂੰ ‘ਧੱਕਾ, ਬੇਇਨਸਾਫ਼ੀ ਤੇ ਗੈਰ-ਵਾਜਬ’ ਦੱਸਿਆ ਹੈ। ਨਵੀਂ ਦਿੱਲੀ ਦੀ ਇਹ ਤਿੱਖੀ ਪ੍ਰਤੀਕਿਰਿਆ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪੱਛਮੀ ਪਾਬੰਦੀਆਂ ਦੇ ਬਾਵਜੂਦ ਭਾਰਤ ਵੱਲੋਂ ਰੂਸੀ ਕੱਚੇ ਤੇਲ ਦੀ ਖਰੀਦ ਜਾਰੀ ਰੱਖਣ ਦਾ ਹਵਾਲਾ ਦਿੰਦੇ ਹੋਏ ਤਾਜ਼ਾ ਟੈਰਿਫ ਲਗਾਉਣ ਵਾਲੇ ਕਾਰਜਕਾਰੀ ਆਦੇਸ਼ ’ਤੇ ਦਸਤਖਤ ਕਰਨ ਤੋਂ ਥੋੜ੍ਹੀ ਦੇਰ ਬਾਅਦ ਆਈ ਹੈ। ਨਵਾਂ ਟੈਰਿਫ 25 ਫੀਸਦ ਟੈਰਿਫ ਤੋਂ ਇਲਾਵਾ ਹੈ ਜਿਸ ਦਾ ਅਮਰੀਕੀ ਸਦਰ ਨੇ ਪਹਿਲਾਂ ਹੀ ਐਲਾਨ ਕੀਤਾ ਹੈ।
ਵਿਦੇਸ਼ ਮੰਤਰਾਲੇ (MEA) ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਆਪਣੇ ਕੌਮੀ ਹਿੱਤਾਂ ਦੀ ਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇਗਾ। ਬਿਆਨ ਵਿਚ ਕਿਹਾ ਗਿਆ, ‘‘ਅਸੀਂ ਦੁਹਰਾਉਂਦੇ ਹਾਂ ਕਿ ਇਹ ਕਾਰਵਾਈ ‘ਧੱਕਾ, ਬੇਇਨਸਾਫ਼ੀ ਅਤੇ ਗੈਰ-ਵਾਜਬ ਹੈ।’’ ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਅਸੀਂ ਪਹਿਲਾਂ ਹੀ ਇਨ੍ਹਾਂ ਮੁੱਦਿਆਂ (ਰੂਸ ਤੋਂ ਤੇਲ ਖਰੀਦਣ ਬਾਰੇ) ਬਾਰੇ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ, ਜਿਸ ਵਿੱਚ ਇਹ ਤੱਥ ਵੀ ਸ਼ਾਮਲ ਹੈ ਕਿ ਸਾਡੀਆਂ ਦਰਾਮਦਾਂ ਬਾਜ਼ਾਰ ਕਾਰਕਾਂ ’ਤੇ ਅਧਾਰਤ ਹਨ ਅਤੇ ਭਾਰਤ ਦੇ 1.4 ਅਰਬ ਲੋਕਾਂ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਸਮੁੱਚੇ ਉਦੇਸ਼ ਨਾਲ ਕੀਤੀਆਂ ਜਾਂਦੀਆਂ ਹਨ।’’ ਬਿਆਨ ਵਿਚ ਕਿਹਾ ਗਿਆ, ‘‘ਇਸ ਲਈ ਇਹ ਬਹੁਤ ਹੀ ਮੰਦਭਾਗਾ ਹੈ ਕਿ ਅਮਰੀਕਾ ਨੇ ਭਾਰਤ ’ਤੇ ਵਾਧੂ ਟੈਰਿਫ ਲਗਾਉਣ ਦੀ ਚੋਣ ਕੀਤੀ ਉਹ ਵੀ ਉਦੋਂ ਜਦੋਂ ਕਈ ਹੋਰ ਦੇਸ਼ ਆਪਣੇ ਕੌਮੀ ਹਿੱਤਾਂ ਮੁਤਾਬਕ ਫੈਸਲੇ ਲੈ ਰਹੇ ਹਨ।’’ -ਪੀਟੀਆਈ