ਰੇਲ ਸਫ਼ਰ ਅਤੇ ਬੈਂਕਿੰਗ ’ਚ ਅੱਜ ਤੋਂ ਹੋਣਗੇ ਅਹਿਮ ਬਦਲਾਅ
ਟ੍ਰਿਬਿਊਨ ਨਿਊਜ਼ ਸਰਵਿਸ/ਏਜੰਸੀਨਵੀਂ ਦਿੱਲੀ/ਚੰਡੀਗੜ੍ਹ
ਆਮ ਆਦਮੀ ਨਾਲ ਸਬੰਧਤ ਕਈ ਚੀਜ਼ਾਂ ਵਿੱਚ ਪਹਿਲੀ ਜੁਲਾਈ ਤੋਂ ਬਦਲਾਅ ਹੋਵੇਗਾ। ਸਰਕਾਰ ਨੇ ਰੇਲਗੱਡੀ ਰਾਹੀਂ ਯਾਤਰਾ ਕਰਨ, ਪੈਨ ਕਾਰਡ ਬਣਾਉਣ ਅਤੇ ਬੈਂਕਿੰਗ ਨਾਲ ਸਬੰਧਤ ਨਿਯਮਾਂ ਵਿੱਚ ਕੁਝ ਬਦਲਾਅ ਕੀਤੇ ਹਨ। ਇਸੇ ਤਹਿਤ ਰੇਲਵੇ ਨੇ ਆਨਲਾਈਨ ਤਤਕਾਲ ਬੁਕਿੰਗ ਲਈ ਆਈਆਰਸੀਟੀਸੀ ਖਾਤੇ ਨੂੰ ਆਧਾਰ ਨਾਲ ਜੋੜਨਾ ਲਾਜ਼ਮੀ ਕਰ ਦਿੱਤਾ ਹੈ। ਇਹ ਬਦਲਾਅ ਪਹਿਲੀ ਜੁਲਾਈ ਤੋਂ ਲਾਗੂ ਹੋਵੇਗਾ। ਰੇਲਵੇ ਅਨੁਸਾਰ ਬੁਕਿੰਗ ਸ਼ੁਰੂ ਹੋਣ ਤੋਂ ਪਹਿਲੇ 10 ਮਿੰਟਾਂ ਲਈ ਟਿਕਟਾਂ ਸਿਰਫ਼ ਆਧਾਰ ਨਾਲ ਜੁੜੇ ਖਾਤਿਆਂ ਰਾਹੀਂ ਹੀ ਬੁੱਕ ਕੀਤੀਆਂ ਜਾ ਸਕਦੀਆਂ ਹਨ।
ਇਸ ਦੇ ਨਾਲ ਹੀ ਇਸ ਮਹੀਨੇ ਇੱਕ ਨਵਾਂ ਸਿਸਟਮ ਲਾਗੂ ਕੀਤਾ ਜਾਵੇਗਾ, ਜਿਸ ਤਹਿਤ ਟਿਕਟ ਬੁਕਿੰਗ ਲਈ ਆਧਾਰ ਨਾਲ ਜੁੜੇ ਨੰਬਰ ’ਤੇ ਓਟੀਪੀ ਆਵੇਗਾ, ਜਿਸ ਮਗਰੋਂ ਹੀ ਰੇਲ ਟਿਕਟ ਬੁੱਕ ਕੀਤੀ ਜਾ ਸਕੇਗੀ। ਰੇਲਵੇ ਵੱਲੋਂ ਕਿਰਾਏ ਵਿੱਚ ਕੀਤਾ ਗਿਆ ਮਾਮੂਲੀ ਵਾਧਾ ਵੀ ਪਹਿਲੀ ਜੁਲਾਈ ਤੋਂ ਲਾਗੂ ਹੋ ਜਾਵੇਗਾ। ਮੇਲ ਅਤੇ ਐਕਸਪ੍ਰੈੱਸ ਟਰੇਨਾਂ ਵਿੱਚ ਨਾਨ-ਏਸੀ ਕਲਾਸਾਂ ’ਚ ਇੱਕ ਪੈਸਾ ਪ੍ਰਤੀ ਕਿਲੋਮੀਟਰ ਅਤੇ ਸਾਰੀਆਂ ਏਸੀ ਕਲਾਸਾਂ ਵਿੱਚ ਦੋ ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਵਧਾਇਆ ਗਿਆ ਹੈ। ਰੇਲਵੇ ਨੇ ਹੁਣ 25 ਫੀਸਦ ਤੋਂ ਵੱਧ ਵੇਟਿੰਗ ਟਿਕਟਾਂ ਜਾਰੀ ਨਾ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਲੰਬੀ ਦੂਰੀ ਦੀਆਂ ਰੇਲਗੱਡੀਆਂ ਲਈ ਰਿਜ਼ਰਵੇਸ਼ਨ ਚਾਰਟ ਮੌਜੂਦਾ ਚਾਰ ਘੰਟਿਆਂ ਦੀ ਬਜਾਏ ਅੱਠ ਘੰਟੇ ਪਹਿਲਾਂ ਤਿਆਰ ਕੀਤਾ ਜਾਵੇਗਾ।
ਮਾਹਿਰਾਂ ਅਨੁਸਾਰ ਬੈਂਕ ਜੁਲਾਈ ਤੋਂ ਆਪਣੀਆਂ ਵਿਆਜ ਦਰਾਂ ਬਦਲ ਸਕਦੇ ਹਨ। ਹਾਲਾਂਕਿ ਆਰਬੀਆਈ ਦੇ ਰੈਪੋ ਰੇਟ ਵਿੱਚ ਕੋਈ ਬਦਲਾਅ ਨਾ ਹੋਣ ਕਾਰਨ ਕਰਜ਼ਿਆਂ ’ਤੇ ਈਐੱਮਆਈ ਘੱਟ ਹੋਣ ਦੇ ਸੰਕੇਤ ਹਨ ਪਰ ਬੈਂਕ ਕੁਝ ਹੋਰ ਸਹੂਲਤਾਂ ’ਤੇ ਚਾਰਜ ਵਧਾ ਸਕਦੇ ਹਨ। ਉਧਰ ਦਿੱਲੀ ਅਤੇ ਐਨਸੀਆਰ ਵਿੱਚ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨਾਂ ਅਤੇ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ਨੂੰ ਪਹਿਲੀ ਜੁਲਾਈ ਤੋਂ ਡੀਜ਼ਲ ਅਤੇ ਪੈਟਰੋਲ ਨਹੀਂ ਮਿਲੇਗਾ।
ਪੈਨ ਕਾਰਡ ਬਣਾਉਣ ਲਈ ਆਧਾਰ ਕਾਰਡ ਲਾਜ਼ਮੀ
ਹੁਣ ਨਵਾਂ ਪੈਨ ਕਾਰਡ ਬਣਾਉਣ ਲਈ ਵੀ ਆਧਾਰ ਕਾਰਡ ਲਾਜ਼ਮੀ ਹੋਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਕੇਂਦਰੀ ਸਿੱਧੇ ਟੈਕਸ ਬੋਰਡ (ਸੀਬੀਡੀਟੀ) ਨੇ ਟੈਕਸ ਪ੍ਰਣਾਲੀ ਮਜ਼ਬੂਤ ਕਰਨ ਅਤੇ ਪਛਾਣ ਤਸਦੀਕ ਵਿੱਚ ਪਾਰਦਰਸ਼ਤਾ ਲਿਆਉਣ ਲਈ ਇਹ ਨਿਯਮ ਲਾਗੂ ਕੀਤਾ ਹੈ। ਪਹਿਲਾਂ ਪੈਨ ਕਾਰਡ ਲਈ ਪਛਾਣ ਅਤੇ ਜਨਮ ਸਰਟੀਫਿਕੇਟ ਦੀ ਹੀ ਲੋੜ ਹੁੰਦੀ ਸੀ। ਸੀਬੀਡੀਟੀ ਨੇ ਆਮਦਨ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ ਵੀ 15 ਸਤੰਬਰ ਤੱਕ ਵਧਾ ਦਿੱਤੀ ਹੈ। ਪਹਿਲਾਂ ਇਹ ਮਿਤੀ 31 ਜੁਲਾਈ ਸੀ।