ਐੱਸ ਆਈ ਆਰ ਮਗਰੋਂ ਵਾਪਸ ਪਰਤਣ ਲੱਗੇ ਗ਼ੈਰ-ਕਾਨੂੰਨੀ ਬੰਗਲਾਦੇਸ਼ੀ
ਸਰਹੱਦ ’ਤੇ ਲੱਗੀਆਂ ਲੰਮੀਆਂ ਕਤਾਰਾਂ; ਦਸਤਾਵੇਜ਼ਾਂ ਦੀ ਜਾਂਚ ਤੋਂ ਲੋਕ ਘਬਰਾਏ
ਪੱਛਮੀ ਬੰਗਾਲ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਮੁਹਿੰਮ ਮਗਰੋਂ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਬੰਗਲਾਦੇਸ਼ੀ ਵਾਪਸ ਜਾਣ ਲਈ ਸਰਹੱਦਾਂ ’ਤੇ ਕਤਾਰਾਂ ਬੰਨ੍ਹ ਕੇ ਖੜ੍ਹੇ ਹਨ। ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੇ ਹਕੀਮਪੁਰ ਬੀ ਐੱਸ ਐੱਫ ਚੌਕੀ ਨੇੜੇ ਵੱਡੀ ਗਿਣਤੀ ਔਰਤਾਂ, ਬੱਚੇ ਅਤੇ ਪੁਰਸ਼ ਹੱਥਾਂ ਵਿੱਚ ਝੋਲੇ ਫੜੀ ਬੀ ਐੱਸ ਐੱਫ ਅੱਗੇ ‘ਸਾਨੂੰ ਘਰ ਜਾਣ ਦਿਓ’ ਦੀ ਫਰਿਆਦ ਕਰ ਰਹੇ ਹਨ। ਸੁਰੱਖਿਆ ਬਲਾਂ ਮੁਤਾਬਕ ਨਵੰਬਰ ਦੇ ਸ਼ੁਰੂ ਤੋਂ ਹੀ ਇਹ ‘ਉਲਟਾ ਪਰਵਾਸ’ (ਰਿਵਰਸ ਮਾਈਗ੍ਰੇਸ਼ਨ) ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਐੱਸ ਆਈ ਆਰ ਤਹਿਤ ਪੁਰਾਣੇ ਦਸਤਾਵੇਜ਼ਾਂ ਦੀ ਸਖ਼ਤ ਜਾਂਚ ਕੀਤੀ ਜਾ ਰਹੀ ਹੈ। ਬਹੁਤੇ ਲੋਕਾਂ ਨੇ ਦਲਾਲਾਂ ਰਾਹੀਂ ਆਧਾਰ ਕਾਰਡ, ਰਾਸ਼ਨ ਕਾਰਡ ਅਤੇ ਵੋਟਰ ਕਾਰਡ ਬਣਵਾਏ ਸਨ, ਪਰ ਹੁਣ ਫੜੇ ਅਤੇ ਜੇਲ੍ਹ ਜਾਣ ਦੇ ਡਰੋਂ ਉਹ ਵਾਪਸ ਜਾਣਾ ਹੀ ਬਿਹਤਰ ਸਮਝਦੇ ਹਨ। ਕੋਲਕਾਤਾ ਨੇੜੇ ਘਰੇਲੂ ਨੌਕਰਾਨੀ ਵਜੋਂ ਕੰਮ ਕਰਦੀ ਸ਼ਾਹੀਨ ਬੀਬੀ ਨੇ ਕਿਹਾ, ‘‘ਮੈਂ ਗਰੀਬੀ ਕਾਰਨ ਇੱਥੇ ਆਈ ਸੀ। ਮੇਰੇ ਕੋਲ ਸਹੀ ਕਾਗਜ਼ ਨਹੀਂ। ਹੁਣ ਮੈਂ ਵਾਪਸ ਜਾਣਾ ਚਾਹੁੰਦੀ ਹਾਂ।’’
ਇਸੇ ਤਰ੍ਹਾਂ ਇਮਰਾਨ ਗਾਜ਼ੀ ਨੇ ਦੱਸਿਆ ਕਿ ਉਸ ਨੇ 2016 ਤੋਂ 2024 ਤੱਕ ਵੋਟਾਂ ਪਾਈਆਂ, ਪਰ ਉਸ ਕੋਲ 2002 ਤੋਂ ਪਹਿਲਾਂ ਦੇ ਕਾਗਜ਼ ਨਹੀਂ ਹਨ, ਇਸ ਲਈ ਉਹ ਜਾ ਰਿਹਾ ਹੈ। ਕਈਆਂ ਨੇ ਦੱਸਿਆ ਕਿ ਉਹ 20-25 ਹਜ਼ਾਰ ਰੁਪਏ ਦੇ ਕੇ ਇੱਥੇ ਆਏ ਸਨ।
ਅਧਿਕਾਰੀਆਂ ਮੁਤਾਬਕ ਰੋਜ਼ਾਨਾ 150-200 ਲੋਕਾਂ ਨੂੰ ਜਾਂਚ ਤੋਂ ਬਾਅਦ ਵਾਪਸ ਭੇਜਿਆ ਜਾ ਰਿਹਾ ਹੈ। ਪਿਛਲੇ ਛੇ ਦਿਨਾਂ ਵਿੱਚ ਕਰੀਬ 1200 ਲੋਕ ਵਾਪਸ ਜਾ ਚੁੱਕੇ ਹਨ। ਭੀੜ ਇੰਨੀ ਜ਼ਿਆਦਾ ਹੈ ਕਿ ਸਥਾਨਕ ਥਾਣਿਆਂ ਵਿੱਚ ਜਗ੍ਹਾ ਘੱਟ ਪੈ ਗਈ ਹੈ। ਬੀ ਐੱਸ ਐੱਫ ਅਧਿਕਾਰੀ ਨੇ ਦੱਸਿਆ ਕਿ ਬਾਇਓਮੀਟ੍ਰਿਕ ਜਾਂਚ ਜ਼ਰੂਰੀ ਹੋਣ ਕਾਰਨ ਪ੍ਰਕਿਰਿਆ ਵਿੱਚ ਸਮਾਂ ਲੱਗ ਰਿਹਾ ਹੈ ਅਤੇ ਲੋਕਾਂ ਨੂੰ 2-3 ਦਿਨ ਸੜਕਾਂ ’ਤੇ ਹੀ ਗੁਜ਼ਾਰਨੇ ਪੈ ਰਹੇ ਹਨ।

