IIT Baba Arrest: ਜੈਪੁਰ ਦੇ ਹੋਟਲ ’ਚੋਂ ਗਾਂਜੇ ਸਣੇ ਫੜਿਆ ਗਿਆ ‘ਆਈਆਈਟੀ ਬਾਬਾ’
'IIT Baba' arrested with ganja in Jaipur hotel; released on bail
ਬਾਅਦ ’ਚ ਜ਼ਮਾਨਤ ’ਤੇ ਹੋਇਆ ਰਿਹਾਅ
ਜੈਪੁਰ, 3 ਮਾਰਚ
ਮਹਾਂਕੁੰਭ ਦੌਰਾਨ ਸੁਰਖ਼ੀਆਂ ਵਿੱਚ ਆਉਣ ਵਾਲੇ ‘IIT ਬਾਬਾ’ ਅਭੈ ਸਿੰਘ ਨੂੰ ਜੈਪੁਰ ਦੇ ਸ਼ਿਪਰਾਪਥ ਇਲਾਕੇ ਦੇ ਇੱਕ ਹੋਟਲ ਵਿਚੋਂ ਥੋੜ੍ਹੀ ਮਾਤਰਾ ਵਿੱਚ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸੋਮਵਾਰ ਨੂੰ ਪੁਲੀਸ ਨੇ ਦਿੱਤੀ ਹੈ।
ਸ਼ਿਪਰਾਪਥ ਦੇ ਐਸਐਚਓ ਰਾਜੇਂਦਰ ਕੁਮਾਰ ਗੋਦਾਰਾ ਨੇ ਦੱਸਿਆ ਕਿ ਬਾਅਦ ਵਿੱਚ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਇੱਕ ਵੀਡੀਓ ਬਾਰੇ ਜਾਣਕਾਰੀ ਮਿਲੀ ਜਿਸ ਵਿੱਚ ਅਭੈ ਸਿੰਘ ਨੂੰ ਖੁਦਕੁਸ਼ੀ ਦੀ ਧਮਕੀ ਦਿੰਦੇ ਹੋਏ ਦਿਖਾਇਆ ਗਿਆ ਹੈ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਜਾਣਕਾਰੀ ‘ਤੇ ਕਾਰਵਾਈ ਕਰਦੇ ਹੋਏ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਅਭੈ ਸਿੰਘ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ, ਉਸ ਕੋਲੋਂ ਥੋੜ੍ਹੀ ਮਾਤਰਾ ਵਿੱਚ ਗਾਂਜਾ ਮਿਲਿਆ ਹੈ।
ਗੋਦਾਰਾ ਨੇ ਹੋਰ ਕਿਹਾ ਕਿ ਪੁਲੀਸ ਨੇ ਗਾਂਜਾ ਜ਼ਬਤ ਕਰ ਲਿਆ ਹੈ ਅਤੇ ਅਭੈ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (NDPS) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ, ਪਰ ਬਾਅਦ ਵਿੱਚ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।
ਬਾਅਦ ਵਿਚ ਆਈਆਈਟੀ ਬਾਬਾ ਨੂੰ ਰਿਧੀ ਸਿੱਧੀ ਚੌਰਾਹੇ ਦੇ ਹੋਟਲ ਦੇ ਨੇੜੇ ਕੁਝ ਲੋਕਾਂ ਨਾਲ ਘਿਰਿਆ ਚਾਹ ਪੀਂਦਾ ਦੇਖਿਆ ਗਿਆ। ਉਸਨੇ ਇੱਕ ਕੇਕ ਵੀ ਕੱਟਿਆ, ਜਿਸਦੇ ਆਲੇ ਦੁਆਲੇ ਦੇ ਲੋਕਾਂ ਨੇ ਕਿਹਾ ਕਿ ਅੱਜ ਉਸ ਦਾ ਜਨਮ ਦਿਨ ਹੈ।
ਅਭੈ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਨੇ ਇੱਕ "ਆਮ" ਸੋਸ਼ਲ ਮੀਡੀਆ ਪੋਸਟ ਕੀਤੀ ਸੀ ਅਤੇ ਇਸ ਦੀ ਗਲਤ ਵਿਆਖਿਆ ਕਾਰਨ ਪੁਲੀਸ ਹੋਟਲ ਵਿੱਚ ਆਈ ਸੀ। ਉਸ ਨੇ ਕਿਹਾ ਕਿ ਉਸਨੂੰ ਛੱਡ ਦਿੱਤਾ ਗਿਆ ਕਿਉਂਕਿ ਉਸ ਦੇ ਕੋਲ ਥੋੜ੍ਹੀ ਜਿਹੀ ਮਾਤਰਾ ਵਿੱਚ ਗਾਂਜਾ ਸੀ। -ਪੀਟੀਆਈ