ਚੋਣ ਕਮਿਸ਼ਨ ਇਲੈਕਟ੍ਰਾਨਿਕ ਡੇਟਾ ਦੇਵੇ, ਸਾਬਤ ਕਰ ਦੇਵਾਂਗੇ ਕਿ ਮੋਦੀ ‘ਵੋਟ ਚੋਰੀ’ ਕਰਕੇ ਪ੍ਰਧਾਨ ਮੰਤਰੀ ਬਣੇ: ਰਾਹੁਲ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੋਟਰ ਸੂਚੀਆਂ ਵਿਚ ਕਥਿਤ ਹੇਰਾਫੇਰੀ ਦੇ ਮੁੱਦੇ ’ਤੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਜੇਕਰ ਚੋਣ ਕਮਿਸ਼ਨ ਇਲੈਕਟ੍ਰੋਨਿਕ ਡੇਟਾ ਮੁਹੱਈਆ ਕਰਵਾ ਦੇਵੇ ਤਾਂ ਕਾਂਗਰਸ ਇਹ ਸਾਬਤ ਕਰ ਦੇੇਵੇਗੀ ਨਰਿੰਦਰ ਮੋਦੀ ‘ਵੋਟ ਚੋਰੀ’ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ। ਰਾਹੁਲ ਗਾਂਧੀ ਨੇ ਵੋਟ ਚੋਰੀ ਦੇ ਆਪਣੇ ਦੋਸ਼ਾਂ ਨੂੰ ਦੁਹਰਾਇਆ ਅਤੇ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਤੋਂ ਸਹੁੰ ਚੁੱਕ ਕੇ ਹਲਫ਼ਨਾਮਾ ਮੰਗਣ ਦੀ ਆਲੋਚਨਾ ਕੀਤੀ। ਗਾਂਧੀ ਨੇ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਅਤੇ ਭਾਜਪਾ ਨੇ ਲੋਕ ਸਭਾ ਚੋਣਾਂ ਵਿਚ ਲੋਕਾਂ ਦੀਆਂ ਵੋਟਾਂ ਚੋਰੀ ਕਰਨ ਲਈ ਕਥਿਤ ਮਿਲੀਭੁਗਤ ਕੀਤੀ। ਉਨ੍ਹਾਂ ਕਿਹਾ, ‘‘ਚੋਣ ਕਮਿਸ਼ਨ ਮੈਨੂੰ ਸਹੁੰ ਚੁੱਕ ਕੇ ਜਾਣਕਾਰੀ ਦੇਣ ਲਈ ਕਹਿੰਦਾ ਹੈ। ਮੈਂ ਸੰਸਦ ਦੇ ਅੰਦਰ ਸੰਵਿਧਾਨ ਨੂੰ ਫੜ ਕੇ ਸਹੁੰ ਚੁੱਕੀ ਹੈ।’’ ਉਨ੍ਹਾਂ ਦੋਸ਼ ਲਗਾਇਆ ਕਿ ਅੱਜ ਜਦੋਂ ਲੋਕ ਉਨ੍ਹਾਂ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਆਧਾਰ ’ਤੇ ਚੋਣ ਕਮਿਸ਼ਨ ਉੱਤੇ ਸਵਾਲ ਉਠਾ ਰਹੇ ਹਨ, ਤਾਂ ਚੋਣ ਕਮਿਸ਼ਨ ਨੇ ਆਪਣੀ ਵੈੱਬਸਾਈਟ ਹੀ ਬੰਦ ਕਰ ਦਿੱਤੀ ਹੈ। ਗਾਂਧੀ ਨੇ ਦੋਸ਼ ਲਗਾਇਆ ਕਿ ਮੱਧ ਪ੍ਰਦੇਸ਼, ਰਾਜਸਥਾਨ ਅਤੇ ਬਿਹਾਰ ਵਿੱਚ ਚੋਣ ਕਮਿਸ਼ਨ ਦੀਆਂ ਵੈੱਬਸਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ ਕਿਉਂਕਿ ਉਹ ਜਾਣਦੇ ਸਨ ਕਿ ਜੇਕਰ ਲੋਕਾਂ ਨੇ ਅੰਕੜਿਆਂ ਦੇ ਆਧਾਰ 'ਤੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਤਾਂ ਉਨ੍ਹਾਂ ਦਾ ਪੂਰਾ ਢਾਂਚਾ ਢਹਿ ਜਾਵੇਗਾ।
ਰਾਹੁਲ ਗਾਂਧੀ ਨੇ ਬੰਗਲੂਰੂ ਦੇ ਫ੍ਰੀਡਮ ਪਾਰਕ ਵਿਚ ‘ਵੋਟ ਅਧਿਕਾਰ ਰੈਲੀ’ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਇਕ ਦਿਨ ਫੜਿਆ ਜਾਵੇਗਾ ਕਿਉਂਕਿ ਇਹ ਅਪਰਾਧਿਕ ਕਾਰਵਾਈ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਰਨਾਟਕ ਸਰਕਾਰ ਨੂੰ ਇਸ ਦੀ ਜਾਂਚ ਕਰਕੇ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਸੰਵਿਧਾਨ ਹਰੇਕ ਨਾਗਰਿਕ ਨੂੰ ਇਕ ਵੋਟ ਦਾ ਅਧਿਕਾਰ ਦਿੰਦਾ ਹੈ, ਜਿਸ ’ਤੇ ਚੋਣ ਕਮਿਸ਼ਨ ਤੇ ਉਸ ਦੇ ਅਧਿਕਾਰੀ ਹਮਲਾ ਕਰ ਰਹੇ ਹਨ। ਜੋ ਅਧਿਕਾਰੀ ਅਜਿਹਾ ਕਰ ਰਹੇ ਹਨ, ਉਹ ਨਹੀਂ ਬਚਣਗੇ। ਸਮਾਂ ਲੱਗੇਗਾ, ਪਰ ਅਸੀਂ ਉਨ੍ਹਾਂ ਨੂੰ ਫੜਾਂਗੇ।’’
ਰਾਹੁਲ ਗਾਂਧੀ ਨੇ ਕਿਹਾ, ‘‘ਸਾਡੀ ਮੰਗ ਹੈ ਕਿ ਚੋਣ ਕਮਿਸ਼ਨ ਪੂਰੇ ਦੇਸ਼ ਦੀ ਵੋਟਰ ਸੂਚੀ ਡਿਜੀਟਲ ਫਾਰਮੈਟ ਵਿਚ ਪ੍ਰਦਾਨ ਕਰੇ ਤੇ ਸੀਸੀਟੀਵੀ ਫੁਟੇਜ ਦੇਵੇ। ਜੇਕਰ ਸਾਨੂੰ ਇਹ ਮਿਲਦੀ ਹੈ ਤਾਂ ਅਸੀਂ ਇਹ ਸਾਬਤ ਕਰ ਦੇਵਾਂਗੇ ਕਿ ਵੋਟ ਚੋਰੀ ਸਿਰਫ਼ ਕਰਨਾਟਕ ਵਿਚ ਨਹੀਂ ਬਲਕਿ ਪੂਰੇ ਹਿੰਦੁਸਤਾਨ ਵਿਚ ਕੀਤੀ ਗਈ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਇਲੈਕਟ੍ਰੋਨਿਕ ਡੇਟਾ ਮਿਲ ਜਾਵੇ ਤਾਂ ਇਹ ਸਾਬਤ ਕਰ ਦੇਵਾਂਗੇ ਪ੍ਰਧਾਨ ਮੰਤਰੀ ਵੋਟ ਦੀ ਚੋਰੀ ਕਰਕੇ ਇਸ ਅਹੁਦੇ ’ਤੇ ਆਏ ਹਨ। ਰਾਹੁਲ ਗਾਂਧੀ ਨੇ ਦੁਹਰਾਇਆ ਕਿ ਸਿਰਫ਼ 25 ਸੀਟਾਂ ਕਰਕੇ ਅੱਜ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਹਨ।
ਬੰਗਲੁਰੂ ਦੇ 'ਫ੍ਰੀਡਮ ਪਾਰਕ' ਵਿਚ ਹੋਈ ਰੈਲੀ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ, ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ, ਕਾਂਗਰਸ ਦੇ ਕਰਨਾਟਕ ਇੰਚਾਰਜ ਰਣਦੀਪ ਸੁਰਜੇਵਾਲਾ, ਰਾਜ ਸਰਕਾਰ ਦੇ ਮੰਤਰੀ, ਸੰਸਦ ਮੈਂਬਰ, ਵਿਧਾਇਕ ਅਤੇ ਹੋਰ ਬਹੁਤ ਸਾਰੇ ਆਗੂ ਸ਼ਾਮਲ ਹੋਏ। ਇਸ ਰੈਲੀ ਤੋਂ ਇੱਕ ਦਿਨ ਪਹਿਲਾਂ, ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੰਗਲੁਰੂ ਦੇ ਮਹਾਦੇਵਪੁਰਾ ਵਿਧਾਨ ਸਭਾ ਹਲਕੇ ਦਾ ਡੇਟਾ ਪੇਸ਼ ਕੀਤਾ ਅਤੇ ਦੋਸ਼ ਲਗਾਇਆ ਕਿ ਵੋਟਰ ਸੂਚੀ ਵਿੱਚ ਹੇਰਾਫੇਰੀ ਕਰਕੇ ‘ਵੋਟ ਚੋਰੀ’ ਦਾ ਮਾਡਲ ਭਾਜਪਾ ਨੂੰ ਫਾਇਦਾ ਪਹੁੰਚਾਉਣ ਲਈ ਲਾਗੂ ਕੀਤਾ ਗਿਆ ਹੈ।
ਉਨ੍ਹਾਂ ਦਾਅਵਾ ਕੀਤਾ ਸੀ ਕਿ ਇਹ ਸਭ ਭਾਜਪਾ ਅਤੇ ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ ਅਤੇ ਇਹ ਸੰਵਿਧਾਨ ਦੇ ਵਿਰੁੱਧ ਅਪਰਾਧ ਹੈ। ਉਨ੍ਹਾਂ ਵੀਰਵਾਰ ਨੂੰ ਦਿੱਲੀ ਵਿੱਚ ਪੱਤਰਕਾਰਾਂ ਸਾਹਮਣੇ ਮਹਾਦੇਵਪੁਰਾ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਦਾ ਡੇਟਾ ਪੇਸ਼ ਕੀਤਾ ਸੀ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਬੰਗਲੁਰੂ ਕੇਂਦਰੀ ਲੋਕ ਸਭਾ ਸੀਟ ਦੇ ਮਹਾਦੇਵਪੁਰਾ ਵਿਧਾਨ ਸਭਾ ਹਲਕੇ ਵਿੱਚ 1,00,250 ਵੋਟਾਂ ਚੋਰੀ ਹੋਈਆਂ ਸਨ, ਜਦੋਂ ਕਿ ਇਹ ਸੀਟ ਭਾਜਪਾ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ 32,707 ਵੋਟਾਂ ਦੇ ਫਰਕ ਨਾਲ ਜਿੱਤੀ ਸੀ।
ਰਾਹੁਲ ਉਸੇ ਟਾਹਣੇ ਨੂੰ ਕੱਟ ਰਹੇ ਹਨ, ਜਿਸ ’ਤੇ ਉਹ ਬੈਠੇ ਹਨ: ਭਾਜਪਾ
ਭਾਜਪਾ ਨੇ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਦੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਹੇਰਾਫੇਰੀ ਦੇ ਦੋਸ਼ਾਂ ਸਬੰਧੀ ਖੁਲਾਸਿਆਂ ਦਾ ਮਖੌਲ ਉਡਾਉਂਦੇ ਹੋਏ ਕਿਹਾ ਕਿ ਉਹ ਉਸੇ ਟਾਹਣੀ ਨੂੰ ਕੱਟ ਰਹੇ ਹਨ, ਜਿਸ ’ਤੇ ਉਹ ਖ਼ੁਦ ਬੈਠੇ ਹਨ। ਭਾਜਪਾ ਨੇ ਕਿਹਾ ਕਿ ਕਾਂਗਰਸ ਤੇ ਇਸ ਦੇ ਸਹਿਯੋਗੀਆਂ ਨੇ ਆਪਣੀਆਂ ਜ਼ਿਆਦਾਤਰ ਸੀਟਾਂ ਉਨ੍ਹਾਂ ਹਲਕਿਆਂ ਵਿਚ ਜਿੱਤੀਆਂ ਹਨ ਜਿੱਥੇ ਵੋਟਰਾਂ ਦੀ ਗਿਣਤੀ ਵਧੀ ਸੀ। ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਵਿਰੋਧੀ ਧਿਰ ਦੇ ਨੇਤਾ ਉੱਤੇ ਅਣਉਚਿਤ ਭਾਸ਼ਾ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ। ਗਾਂਧੀ ਨੇ ਚੋਣ ਕਮਿਸ਼ਨ ਵਰਗੀ ਸੰਵਿਧਾਨਕ ਸੰਸਥਾ ਦੇ ਅਧਿਕਾਰੀਆਂ ਨੂੰ ਸੱਤਾਧਾਰੀ ਭਾਜਪਾ ਦੀ ਮਦਦ ਕਰਨ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਲਈ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਸੀ।
ਚੋਣ ਕਮਿਸ਼ਨ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਯਾਦਵ ਨੇ ਕਿਹਾ ਕਿ ਪਿਛਲੇ ਸਾਲ ਨਵੰਬਰ ਵਿੱਚ ਹੋਈਆਂ ਰਾਜ ਵਿਧਾਨ ਸਭਾ ਚੋਣਾਂ ਵਿੱਚ ਵੋਟਰਾਂ ਦੀ ਗਿਣਤੀ ਉਸੇ ਸਾਲ ਦੇ ਸ਼ੁਰੂ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਰਾਹੁਲ ਗਾਂਧੀ ਦੇ ਕਹੇ ਮੁਤਾਬਕ ਇਕ ਕਰੋੜ ਨਹੀਂ ਬਲਕਿ 40 ਲੱਖ ਤੋਂ ਵੱਧ ਹੀ ਵਧੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇਤਾ ਨੇ ਆਪਣਾ ਪੱਖ ਰੱਖਣ ਲਈ ਲੰਬੇ ਸਮੇਂ ਤੋਂ ਤਿਆਰੀ ਕੀਤੀ ਸੀ ਪਰ ਉਨ੍ਹਾਂ ਦੇ ਦੋਸ਼ਾਂ ਦਾ ਬੁਨਿਆਦੀ ਤਰਕ ‘ਗਲਤ’ ਸਾਬਤ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਾਰਾ ਕੰਮ ਝੂਠ ਫੈਲਾਉਣ ਲਈ ਕੀਤਾ ਗਿਆ ਸੀ। ਭਾਜਪਾ ਨੇਤਾ ਨੇ ਕਿਹਾ ਕਿ ਹੁਣ ਤੋਂ ਗਾਂਧੀ ਦੇ ਹਰ ਦਾਅਵੇ ’ਤੇ 60 ਫੀਸਦ ਦੀ ਛੋਟ ਦਿੱਤੀ ਜਾਣੀ ਚਾਹੀਦੀ ਹੈ।