IAF Mirage ਭਾਰਤੀ ਹਵਾਈ ਸੈਨਾ ਦੇ ਮਿਰਾਜ ਲੜਾਕੂ ਜਹਾਜ਼ ਹਾਦਸਾਗ੍ਰਸਤ, ਦੋਵੇਂ ਪਾਇਲਟ ਸੁਰੱਖਿਅਤ
ਗਵਾਲੀਅਰ, 6 ਫਰਵਰੀ
ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿਚ ਭਾਰਤੀ ਹਵਾਈ ਸੈਨਾ ਦਾ ਮਿਰਾਜ 2000 ਲੜਾਕੂ ਜਹਾਜ਼ ਖੇਤਾਂ ਵਿਚ ਹਾਦਸਾਗ੍ਰਸਤ ਹੋ ਗਿਆ। ਰੱਖਿਆ ਤਰਜਮਾਨ ਨੇ ਕਿਹਾ ਕਿ ਹਾਦਸੇ ਦਾ ਕਾਰਨ ਤਕਨੀਕੀ ਨੁਕਸ ਸੀ। ਕੇਂਦਰੀ ਸੈਂਟਰਲ ਕਮਾਂਡ ਦੇ ਤਰਜਮਾਨ ਨੇ ਕਿਹਾ ਕਿ ਦੋ ਸੀਟਾਂ ਵਾਲਾ ਸਿਖਲਾਈਯਾਫ਼ਤਾ ਲੜਾਕੂ ਜਹਾਜ਼ ਬਾਅਦ ਦੁਪਹਿਰ 2:40 ਵਜੇ ਬਾਰਹੇਟਾ ਸਾਨੀ ਪਿੰਡ ਨੇੜੇ ਖੇਤਾਂ ਵਿਚ ਹਾਦਸਾਗ੍ਰਸਤ ਹੋ ਗਿਆ। ਉਂਜ ਜਹਾਜ਼ ਦੇ ਕਰੈਸ਼ ਹੋਣ ਤੋਂ ਪਹਿਲਾਂ ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਏ ਤੇ ਦੋਵਾਂ ਹੈਲੀਕਾਪਟਰ ਜ਼ਰੀਏ ਏਅਰਲਿਫਟ ਕਰਕੇ ਗਵਾਲੀਅਰ ਲਿਆਂਦਾ ਗਿਆ ਹੈ। ਹਾਦਸੇ ਦੇ ਕੋਰਟ ਆਫ ਇਨਕੁਆਇਰੀ ਦੇ ਹੁਕਮ ਦਿੱਤੇ ਗਏ ਹਨ।
‘ਜੋਸ਼ੀ, ਜਾਧਵ ਬੋਲ ਰਹਾ ਹੂੰ, ਮੇਰਾ ਜਹਾਜ਼ ਹਾਦਸਾਗ੍ਰਸਤ ਹੋ ਗਿਐ....
ਭਾਰਤੀ ਹਵਾਈ ਸੈਨਾ ਦਾ ਮਿਰਾਜ 2000 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋਣ ਮਗਰੋਂ ਇਸ ਵਿਚੋਂ ਸੁਰੱਖਿਅਤ ਬਾਹਰ ਨਿਕਲੇ ਪਾਇਲਟਾਂ ਵਿਚੋਂ ਇਕ ਨੇ ਕਿਸੇ ਪਿੰਡ ਵਾਸੀ ਤੋੋਂ ਫੋਨ ਲੈ ਕੇ ਗਵਾਲੀਅਰ ਏਅਰਬੇਸ ਦੇ ਅਧਿਕਾਰੀ ਨੂੰ ਹਾਦਸੇ ਬਾਰੇ ਸੂਚਿਤ ਕੀਤਾ। ਸੋਸ਼ਲ ਮੀਡੀਆ ’ਤੇ ਵਾਇਰਲ ਦੋ ਮਿੰਟ ਦੀ ਇਹ ਵੀਡੀਓ ਬਾਰਹੇਟਾ ਸੁਨਾਰੀ ਪਿੰਡ ਨੇੜੇ ਹਾਦਸੇ ਵਾਲੀ ਥਾਂ ਕਿਸੇ ਵੱਲੋਂ ਰਿਕਾਰਡ ਕੀਤੀ ਗਈ ਹੈ।
ਇਸ ਵੀਡੀਓ ਵਿਚ ਪਾਇਲਟ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ, ‘‘ਜੋਸ਼ੀ, ਜਾਧਵ ਬੋਲ ਰਹਾ ਹੂੰ। ਮੈਂ (ਲੜਾਕੂ ਜਹਾਜ਼ ’ਚੋਂ ਸੁਰੱਖਿਅਤ) ਬਾਹਰ ਨਿਕਲ ਆਇਆਂ। ਮੈਂ ਨਦੀ ਤੋਂ ਦੱਖਣ ਵੱਲ ਕਿਸੇ ਥਾਂ ’ਤੇ ਹਾਂ। ਮੇਰਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਮੇਰੇ ਸਾਥ ਭੋਲਾ ਸਰ ਹੈ। ਮੈਂ ਆਪਣੇ ਕੋਆਡਰੀਨੇਟਸ ਤੁਹਾਨੂੰ ਭੇਜ ਰਿਹਾ ਹਾਂ। ਮੇਰੀ ਲੋਕੇਸ਼ਨ 2542 ਹੈ। ਜਹਾਜ਼ ਨੂੰ ਅੱਗ ਲੱਗ ਗਈ ਹੈ ਤੇ ਇਸ ਨੂੰ ਉਪਰੋਂ ਦੇਖਿਆ ਜਾ ਸਕਦਾ ਹੈ। ਭੋਲਾ ਸਰ ਮੇੇਰੇ ਕੋਲੋਂ ਇਕ ਕਿਲੋਮੀਟਰ ਦੀ ਦੂਰੀ ’ਤੇ ਹਨ। ਮੈਂ ਲੜਾਕੂ ਜਹਾਜ਼ ਤੋਂ ਪੱਛਮ ਵੱਲ ਹਾਂ। ਭੋਲਾ ਸਰ ਸ਼ਾਇਦ ਜਹਾਜ਼ ਦੇ ਪੂਰਬ ਵਾਲੇ ਪਾਸੇ ਹਨ।’’
ਇਸ ਦੌਰਾਨ ਪਾਇਲਟ ਪਿੰਡ ਵਾਸੀਆਂ ਨੂੰ ਖਾਮੋਸ਼ ਰਹਿਣ ਲਈ ਵੀ ਕਹਿੰਦਾ ਹੈ ਤਾਂ ਕਿ ਉਹ ਅਧਿਕਾਰੀਆਂ ਨਾਲ ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਗੱਲ ਕਰ ਸਕੇ। ਪਾਇਲਟ ਨੇ ਸੁਨੇਹਾ ਦੇਣ ਮਗਰੋਂ ਫੋਨ ਨੇੜੇ ਬੈਠੇ ਪਿੰਡ ਵਾਸੀ ਨੂੰ ਫੜਾ ਦਿੱਤਾ। ਪਿੰਡ ਵਾਸੀਆਂ ਨੇ ਪਾਇਲਟ ਨੂੰ ਮੈਡੀਕਲ ਸਹਾਇਤਾ ਦੀ ਪੇਸ਼ਕਸ਼ ਕੀਤੀ ਤਾਂ ਉਸ ਨੇ ਕਿਹਾ ਕਿ ਇਕ ਵਾਹਨ ਉਨ੍ਹਾਂ ਨੂੰ ਹਸਪਤਾਲ ਲਿਜਾਣ ਲਈ ਆ ਰਿਹਾ ਹੈ। ਪਾਇਲਟ ਫਿਰ ਪਿੰਡ ਵਾਸੀਆਂ ਨੂੰ ਆਪਣੇ ਬੰਦੇ (ਸਹਿ-ਪਾਇਲਟ) ਦਾ ਥਹੁ ਪਤਾ ਲਾਉਣ ਲਈ ਵੀ ਕਹਿੰਦਾ ਹੈ। -ਪੀਟੀਆਈ