ਮੈਨੂੰ ਵੀ ਆਫ਼ਤ ਦੀ ਮਾਰ ਪਈ, ਮੇਰਾ ਰੈਸਟੋਰੈਂਟ ਦਿਨ ਦੇ 50 ਰੁਪਏ ਕਮਾ ਰਿਹੈ: ਕੰਗਨਾ
ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਆਫ਼ਤ ਪ੍ਰਭਾਵਿਤ ਇਲਾਕਿਆਂ ਤੋਂ ਆਪਣੀ ਲਗਾਤਾਰ ਗੈਰਹਾਜ਼ਰੀ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਣੌਤ ਜਦੋਂ ਮਨਾਲੀ ਦੇ ਨਾਗਰ ਪੁੱਜੀ ਤਾਂ ਉਸ ਦਾ ਕਾਲੇ ਝੰਡਿਆਂ ਨਾਲ ਸਵਾਗਤ ਕੀਤਾ ਅਤੇ ‘ਵਾਪਸ ਜਾਓ’ ਦੇ ਨਾਅਰੇ ਲਗਾਏ।
ਕੰਗਨਾ, ਜੋ ਸਾਬਕਾ ਮੰਤਰੀ ਗੋਵਿੰਦ ਸਿੰਘ ਠਾਕੁਰ ਦੇ ਨਾਲ ਸੀ, ਨੂੰ ਯੂਥ ਕਾਂਗਰਸ ਦੇ ਕਾਰਕੁਨਾਂ ਨੇ ਕਾਲੇ ਝੰਡੇ ਦਿਖਾਏ। ਕਾਰਕੁਨਾਂ ਨੇ ਅਦਾਕਾਰਾ ਦੇ ਹੜ੍ਹ ਦੀ ਆਫ਼ਤ ਤੋਂ 24 ਦਿਨਾਂ ਬਾਅਦ ਉਥੇ ਆਉਣ ’ਤੇ ਸਵਾਲ ਉਠਾਏ। ਇਥੇ ਭਾਰੀ ਮੀਂਹ ਕਾਰਨ ਸਥਾਨਕ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਕੰਗਨਾ ਨੂੰ ਸਥਾਨਕ ਲੋਕਾਂ ਦੇ ਨਾਲ-ਨਾਲ ਮੀਡੀਆ ਵਾਲਿਆਂ ਵੱਲੋਂ ਆਪਣੀ ਗੈਰਹਾਜ਼ਰੀ ਬਾਰੇ ਸਖ਼ਤ ਸਵਾਲਾਂ ਦਾ ਸਾਹਮਣਾ ਕਰਨਾ ਪਿਆ।
ਪੱਤਰਕਾਰਾਂ ਨੇ ਕੰਗਨਾ ਨੂੰ ਜਦੋਂ ਹਲਕੇ ’ਚੋਂ ਲਗਾਤਾਰ ਗ਼ੈਰਹਾਜ਼ਰੀ ਬਾਰੇ ਪੁੱਛਿਆ ਤਾਂ ਅਦਾਕਾਰਾ ਨੇ ਕਿਹਾ, ‘‘ਮੈਂ ਵੀ ਇੱਕ ਸਿੰਗਲ ਔਰਤ ਹਾਂ, ਇਸ ਲਈ ਮੈਨੂੰ ਨਿੱਜੀ ਤੌਰ ’ਤੇ ਨਿਸ਼ਾਨਾ ਨਾ ਬਣਾਓ। ਮੈਂ ਵੀ ਇਸ ਆਫ਼ਤ ਤੋਂ ਪ੍ਰਭਾਵਿਤ ਹੋਈ ਹਾਂ। ਮੇਰੇ ਕੋਲ ਇੱਥੇ ਇੱਕ ਰੈਸਟੋਰੈਂਟ ਹੈ ਜਿੱਥੇ ਵਿਕਰੀ ਸਿਰਫ਼ 50 ਰੁਪਏ ਪ੍ਰਤੀ ਦਿਨ ਹੈ ਜਦੋਂ ਕਿ ਮੈਂ ਸਟਾਫ ਨੂੰ 15 ਲੱਖ ਰੁਪਏ ਮਹੀਨਾਵਾਰ ਤਨਖਾਹ ਦਿੰਦੀ ਹਾਂ।’’
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਕੰਗਨਾ ਦੀ ਇਸ ਟਿੱਪਣੀ ਦੀ ਤਿੱਖੀ ਨੁਕਤਾਚੀਨੀ ਹੋ ਰਹੀ ਹੈ। ਹਾਲਾਂਕਿ ਕੰਗਨਾ ਨੇ ਇਸ ਦੇ ਜਵਾਬ ਵਿਚ ਕਿਹਾ, ‘‘ਮੈਂ ਇੰਗਲੈਂਡ ਦੀ ਰਾਣੀ ਨਹੀਂ ਹਾਂ ਕਿ ਮੈਂ ਸਭ ਕੁਝ ਕਰ ਸਕਾਂ।’’ ਇਸ ਤੋਂ ਪਹਿਲਾਂ ਵੀ ਕੰਗਨਾ ਦੀ ਅਜਿਹੀਆਂ ਅਸੰਵੇਦਨਸ਼ੀਲ ਟਿੱਪਣੀਆਂ ਲਈ ਆਲੋਚਨਾ ਹੁੰਦੀ ਰਹੀ ਹੈ। ਕੰਗਨਾ ਮੰਡੀ ਜ਼ਿਲ੍ਹੇ ਦੇ ਭੰਬਲਾ ਪਿੰਡ ਦੀ ਵਸਨੀਕ ਹੈ ਅਤੇ ਉਸ ਨੇ ਕੁਝ ਸਾਲ ਪਹਿਲਾਂ ਮਨਾਲੀ ਵਿੱਚ ਇੱਕ ਘਰ ਬਣਾਇਆ ਸੀ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਸ਼ਹਿਰ ਵਿੱਚ ਇੱਕ ਉੱਚ ਪੱਧਰੀ ਰੈਸਟੋਰੈਂਟ ਸਥਾਪਤ ਕੀਤਾ ਸੀ।
ਕੰਗਨਾ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਹਿਮਾਚਲ ਪ੍ਰਦੇਸ਼ ਨੂੰ 10,000 ਕਰੋੜ ਰੁਪਏ ਦੀ ਮਦਦ ਅਲਾਟ ਕੀਤੀ ਹੈ। ਉਨ੍ਹਾਂ ਕਿਹਾ, ‘‘ਮੇਰੀ ਫੇਰੀ ਦਾ ਮਕਸਦ ਇਹ ਮੁਲਾਂਕਣ ਕਰਨਾ ਹੈ ਕਿ ਰਾਜ ਸਰਕਾਰ ਇਨ੍ਹਾਂ ਫੰਡਾਂ ਦੀ ਵਰਤੋਂ ਕਿਵੇਂ ਕਰ ਰਹੀ ਹੈ।’’ ਉਨ੍ਹਾਂ ਕਈ ਮੌਕਿਆਂ ’ਤੇ ਹਿਮਾਚਲ ਸਰਕਾਰ ਉੱਤੇ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਫੰਡਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਸੀ।
ਹਿਮਾਚਲ ਪ੍ਰਦੇਸ਼ ਵਿਚ ਮੀਂਹ ਨੇ ਸੈਂਕੜੇ ਲੋਕਾਂ ਨੂੰ ਉਜਾੜ ਦਿੱਤਾ ਅਤੇ ਫਸਲਾਂ ਤਬਾਹ ਕਰ ਦਿੱਤੀਆਂ ਹਨ। ਨਤੀਜੇ ਵਜੋਂ ਰਾਹਤ ਅਤੇ ਬਹਾਲੀ ਦੇ ਕੰਮਾਂ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਗੁੱਸਾ ਹੈ। ਕਾਂਗਰਸ ਅਤੇ ਭਾਜਪਾ ਵਿਚਕਾਰ ਸਿਆਸੀ ਟਕਰਾਅ ਜਾਰੀ ਹੈ, ਲੋਕ ਰਾਹਤ ਅਤੇ ਬਹਾਲੀ ਦੀ ਮੰਗ ਕਰ ਰਹੇ ਹਨ ਤਾਂ ਜੋ ਉਹ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੇ ਨੁਕਸਾਨੇ ਗਏ ਘਰਾਂ ਦੀ ਉਸਾਰੀ ਅਤੇ ਮੁਰੰਮਤ ਕਰ ਸਕਣ।