ਆਈ ਲਵ ਮੁਹੰਮਦ: ਮੁੱਖ ਮੁਲਜ਼ਮ ਦੇ ਨੇੜਲੇ ਦਾ ਬੈਂਕੁਇਟ ਹਾਲ ਢਾਹਿਆ
ਪ੍ਰਸ਼ਾਸਨ ਅਨੁਸਾਰ ਨਿਯਮਾਂ ਦੀ ਉਲੰਘਣਾ ਕਰਕੇ ਕੀਤਾ ਗਿਆ ਸੀ ਹਾਲ ਦਾ ਨਿਰਮਾਣ
ਅਧਿਕਾਰੀਆਂ ਨੇ ਅੱਜ ਇੱਥੇ ‘ਆਈ ਲਵ ਮੁਹੰਮਦ’ ਮੁਹਿੰਮ ਨਾਲ ਜੁੜੀਆਂ ਹਾਲੀਆ ਝੜਪਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਚੋਂ ਇੱਕ ਦੀ ਮਲਕੀਅਤ ਵਾਲੇ ਬੈਂਕੁਇਟ ਹਾਲ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਢਾਹ ਦਿੱਤਾ। ਬਰੇਲੀ ਵਿਕਾਸ ਅਥਾਰਟੀ (ਬੀ ਡੀ ਏ) ਦਾ ਕਹਿਣਾ ਹੈ ਕਿ ਇਸ ਦਾ ਨਿਰਮਾਣ ਨਿਯਮਾਂ ਦੀ ਉਲੰਘਣਾ ਕਰਕੇ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ‘ਰਜ਼ਾ ਪੈਲੇਸ’ ਨਾਂ ਦਾ ਇਹ ਬੈਂਕੁਇਟ ਹਾਲ ਡਾ. ਨਫੀਸ ਨਾਂ ਦੇ ਵਿਅਕਤੀ ਦਾ ਹੈ, ਜਿਸ ਨੂੰ 26 ਸਤੰਬਰ ਦੀ ਹਿੰਸਾ ਭੜਕਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਮੌਲਾਨਾ ਤੌਕੀਰ ਰਜ਼ਾ ਖਾਨ ਦਾ ਕਰੀਬੀ ਮੰਨਿਆ ਜਾਂਦਾ ਹੈ। ਨਫੀਸ ਨੂੰ ਵੀ ਝੜਪਾਂ ਸਬੰਧੀ ਮਾਮਲੇ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।
ਦੁਪਹਿਰ ਨੂੰ ਤਿੰਨ ਬੁਲਡੋਜ਼ਰਾਂ ਨੇ ਮੁੱਖ ਗੇਟ ਤੋੜ ਕੇ ਹਾਲ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ। ਬੀ ਡੀ ਏ ਦੀ ਟੀਮ ਨੂੰ ਢਾਂਚੇ ਦੇ ਗੈਰ-ਕਾਨੂੰਨੀ ਹਿੱਸੇ ਢਾਹੁਣ ਵਿੱਚ ਲਗਪਗ ਤਿੰਨ ਘੰਟੇ ਲੱਗੇ, ਜਿਸ ਤੋਂ ਬਾਅਦ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ। ਇਹ ਕਾਰਵਾਈ ਜ਼ਿਲ੍ਹਾ ਮੈਜਿਸਟ੍ਰੇਟ ਅਵਿਨਾਸ਼ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ।
ਬੀ ਡੀ ਏ ਦੇ ਉਪ-ਚੇਅਰਮੈਨ ਮਣੀਕੰਦਨ ਏ ਨੇ ਕਿਹਾ ਕਿ ਇਮਾਰਤ ਦਾ ਨਿਰਮਾਣ ਪ੍ਰਵਾਨਿਤ ਨਿਯਮਾਂ ਦੀ ਉਲੰਘਣਾ ਕਰਕੇ ਕੀਤਾ ਗਿਆ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ, ‘ਇਹ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਿਸ਼ਾਨਾ ਬਣਾ ਕੇ ਨਹੀਂ, ਸਗੋਂ ਕਾਨੂੰਨੀ ਪ੍ਰਕਿਰਿਆ ਅਨੁਸਾਰ ਕੀਤੀ ਗਈ ਹੈ।’ ਇਸ ਦੌਰਾਨ ਬਰੇਲੀ ਨਗਰ ਨਿਗਮ ਦੇ ਅਧਿਕਾਰੀਆਂ ਨੇ ਸ਼ਹਿਰ ਦੇ ਸੈਲਾਨੀ ਖੇਤਰ ਵਿੱਚ 15 ਤੋਂ ਵੱਧ ਦੁਕਾਨਾਂ ਤੋਂ ਨਾਜਾਇਜ਼ ਕਬਜ਼ ਵੀ ਹਟਾਏ।
ਪੁਲੀਸ ਨੇ ਸਪਾ ਆਗੂਆਂ ਨੂੰ ਬਰੇਲੀ ਦਾ ਦੌਰਾ ਕਰਨ ਤੋਂ ਰੋਕਿਆ
ਲਖਨਊ/ਬਰੇਲੀ: ਪੁਲੀਸ ਨੇ ਸਮਾਜਵਾਦੀ ਪਾਰਟੀ (ਸਪਾ) ਦੇ ਆਗੂਆਂ ਦੇ ਵਫ਼ਦ ਨੂੰ ਬਰੇਲੀ ਦਾ ਦੌਰਾ ਕਰਨ ਤੋਂ ਰੋਕ ਦਿੱਤਾ। ਯੂ ਪੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਾਤਾ ਪ੍ਰਸਾਦ ਪਾਂਡੇ ਨੇ ਦੱਸਿਆ ਕਿ ਅੱਜ ਬਰੇਲੀ ਜਾਣ ਵਾਲੇ ਸਮਾਜਵਾਦੀ ਪਾਰਟੀ ਦੇ 14 ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਵਫ਼ਦ ਨੂੰ ਪੁਲੀਸ ਨੇ ਉਨ੍ਹਾਂ ਦੇ ਘਰਾਂ ਵਿੱਚ ਹੀ ਰੋਕ ਲਿਆ। ਪਾਂਡੇ ਨੇ ਦੋਸ਼ ਲਾਇਆ ਕਿ ਸਾਰੇ ਸਪਾ ਵਰਕਰਾਂ ਦੇ ਘਰਾਂ ਦੇ ਬਾਹਰ ਪੁਲੀਸ ਤਾਇਨਾਤ ਹੈ। ਉਨ੍ਹਾਂ ਕਿਹਾ ਕਿ ਯੋਗੀ ਆਦਿਤਿਆਨਾਥ ਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਉਨ੍ਹਾਂ ਨੂੰ ਰੋਕ ਰਹੀ ਹੈ। ਦੂਜੇ ਪਾਸੇ ਯੂ ਪੀ ਦੇ ਮੰਤਰੀ ਜੇ ਪੀ ਐੱਸ ਰਾਠੌਰ ਨੇ ਕਿਹਾ ਕਿ ਬਰੇਲੀ ਦਾ ਦੌਰਾ ਕਰਨ ਵਾਲੇ ਵਿਰੋਧੀ ਧਿਰ ਦੇ ਆਗੂ ਸਿਰਫ਼ ‘ਮਾਹੌਲ ਖਰਾਬ ਕਰਨ’ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਪਾ ਆਗੂ ਉਨ੍ਹਾਂ ‘ਦੰਗਾਕਾਰੀਆਂ’ ਲਈ ਹੰਝੂ ਵਹਾਉਣ ਜਾ ਰਹੇ ਸਨ, ਜਿਨ੍ਹਾਂ ਨੇ ਪੁਲੀਸ ਅਤੇ ਮਾਸੂਮ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। -ਪੀਟੀਆਈ