DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੋਹਨ ਭਾਗਵਤ ਤੇ ਉਨ੍ਹਾਂ ਦੇ ਪਰਿਵਾਰ ਨਾਲ ਮੇਰਾ ਡੂੰਘਾ ਰਿਸ਼ਤਾ: ਮੋਦੀ

ਸੰਘ ਪ੍ਰਮੁੱਖ ਨੂੰ ਅੱਜ ਜਨਮ ਦਿਨ ’ਤੇ ਦਿੱਤੀਆਂ ਵਧਾੲੀਆਂ
  • fb
  • twitter
  • whatsapp
  • whatsapp
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਲਕੇ 11 ਸਤੰਬਰ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪ੍ਰਮੁੱਖ ਮੋਹਨ ਭਾਗਵਤ ਦੇ ਜਨਮ ਦਿਨ ’ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਕਿਹਾ,‘ਮੈਂ ਭਾਗਵਤ ਜੀ ਨੂੰ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਉਨ੍ਹਾਂ ਦੀ ਲੰਮੀ ਉਮਰ ਤੇ ਤੰਦਰੁਸਤੀ ਲਈ ਪ੍ਰਾਰਥਨਾ ਕਰਦਾ ਹਾਂ।’ ਉਨ੍ਹਾਂ ਕਿਹਾ ਕਿ ਇਹ ਸੰਯੋਗ ਹੈ ਕਿ ਸ੍ਰੀ ਭਾਗਵਤ ਦੀ ਅਗਵਾਈ ਹੇਠ ਸੰਘ ਆਪਣੇ ਸੌ ਸਾਲ ਪੂਰੇ ਹੋਣ ਦੇ ਸਮਾਗਮ ਮਨਾ ਰਿਹਾ ਹੈ। ਬਿਆਨ ਵਿੱਚ ਸ੍ਰੀ ਮੋਦੀ ਨੇ ਸੰਘ ਪ੍ਰਮੁੱਖ ਨਾਲ ਆਪਣੇ ਰਿਸ਼ਤੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸ੍ਰੀ ਭਾਗਵਤ ਤੇ ਉਨ੍ਹਾਂ ਦੇ ਪਰਿਵਾਰ ਨਾਲ ਬਹੁਤ ਡੂੰਘਾ ਰਿਸ਼ਤਾ ਰਿਹਾ ਹੈ। ਉਨ੍ਹਾਂ ਨੂੰ ਸ੍ਰੀ ਭਾਗਵਤ ਦੇ ਪਿਤਾ ਮਰਹੂਮ ਮਧੂਕਰਰਾਓ ਭਾਗਵਤ ਨਾਲ ਨੇੜਿਓਂ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਬਾਰੇ ਉਨ੍ਹਾਂ ਆਪਣੀ ਕਿਤਾਬ ‘ਜਯੋਤੀਪੁੰਜ’ ਵਿੱਚ ਮਧੂਕਰਰਾਓ ਬਾਰੇ ਵਿਸਥਾਰ ਨਾਲ ਲਿਖਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੰਘ ਪ੍ਰਮੁੱਖ ਸ੍ਰੀ ਭਾਗਵਤ ਦਾ ਪੂਰਾ ਜੀਵਨ ਪ੍ਰੇਰਨਾਦਾਇਕ ਰਿਹਾ ਹੈ। ਸ੍ਰੀ ਭਾਗਵਤ ਨੇ ਉਸ ਸਮੇਂ ਸੰਘ ਦੇ ਪ੍ਰਚਾਰਕ ਦੀ ਜ਼ਿੰਮੇਵਾਰੀ ਸੰਭਾਲੀ, ਜਦੋਂ ਤਤਕਾਲੀ ਕਾਂਗਰਸ ਸਰਕਾਰ ਨੇ ਦੇਸ਼ ‘ਤੇ ਐਮਰਜੈਂਸੀ ਲਗਾਈ ਸੀ। ਉਨ੍ਹਾਂ ਨੇ ਮਹਾਰਾਸ਼ਟਰ ਦੇ ਪੇਂਡੂ ਅਤੇ ਪੱਛੜੇ ਖੇਤਰਾਂ, ਖ਼ਾਸਕਰ ਵਿਦਰਭ ਵਿੱਚ ਕਈ ਸਾਲਾਂ ਤੱਕ ਕੰਮ ਕੀਤਾ। ਬਹੁਤ ਸਾਰੇ ਵਾਲੰਟੀਅਰ ਅੱਜ ਵੀ 1990 ਦੇ ਦਹਾਕੇ ਵਿੱਚ ਮੋਹਨ ਭਾਗਵਤ ਦੇ ਅਖ਼ਿਲ ਭਾਰਤੀ ਸੰਸਥਾ ਪ੍ਰਮੁੱਖ ਵਜੋਂ ਕੰਮ ਨੂੰ ਪ੍ਰੇਮ ਨਾਲ ਯਾਦ ਕਰਦੇ ਹਨ। ਮੋਹਨ ਭਾਗਵਤ ਨੇ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਬਿਹਾਰ ਦੇ ਪਿੰਡਾਂ ਵਿੱਚ ਬਿਤਾਏ ਅਤੇ ਸਮਾਜ ਨੂੰ ਮਜ਼ਬੂਤ ਬਣਾਉਣ ਦੇ ਕੰਮ ਲਈ ਸਮਰਪਿਤ ਰਹੇ। ਸਾਲ 2009 ਵਿੱਚ ਉਹ ਸਰਸੰਘਚਾਲਕ ਬਣੇ ਅਤੇ ਅੱਜ ਵੀ ਉਹ ਬਹੁਤ ਊਰਜਾ ਨਾਲ ਕੰਮ ਕਰ ਰਹੇ ਹਨ। ਭਾਗਵਤ ਨੇ ਹਮੇਸ਼ਾ ਰਾਸ਼ਟਰ ਦੀ ਮੂਲ ਵਿਚਾਰਧਾਰਾ ਨੂੰ ਤਰਜੀਹ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਸਰਸੰਘਚਾਲਕ ਹੋਣਾ ਸਿਰਫ਼ ਸੰਗਠਨਾਤਮਕ ਜ਼ਿੰਮੇਵਾਰੀ ਨਹੀਂ ਹੈ, ਇਹ ਪਵਿੱਤਰ ਭਰੋਸਾ ਹੈ, ਜਿਸ ਨੂੰ ਪੀੜ੍ਹੀ ਦਰ ਪੀੜ੍ਹੀ ਦੂਰਦਰਸ਼ੀ ਸ਼ਖਸੀਅਤਾਂ ਨੇ ਅੱਗੇ ਵਧਾਇਆ ਹੈ ਅਤੇ ਇਸ ਰਾਸ਼ਟਰ ਦੇ ਨੈਤਿਕ ਅਤੇ ਸੱਭਿਆਚਾਰਕ ਮਾਰਗ ਨੂੰ ਸੇਧ ਦਿੱਤੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਸ੍ਰੀ ਭਾਗਵਤ ਲੋਕਾਂ ਨਾਲ ਸਿੱਧੇ ਸੰਪਰਕ ਵਿੱਚ ਰਹਿੰਦੇ ਹਨ ਅਤੇ ਸੰਵਾਦ ਕਰਦੇ ਰਹਿੰਦੇ ਹਨ। ਸਭ ਤੋਂ ਵਧੀਆ ਕੰਮ ਕਰਨ ਦੇ ਢੰਗ-ਤਰੀਕਿਆਂ ਨੂੰ ਅਪਣਾਉਣ ਦੀ ਇੱਛਾ ਅਤੇ ਬਦਲਦੇ ਸਮੇਂ ਪ੍ਰਤੀ ਖੁੱਲ੍ਹਾ ਮਨ ਰੱਖਣਾ। ਉਨ੍ਹਾਂ ਦੇ ਕਾਰਜਕਾਲ ਨੂੰ ਸੰਘ ਦੇ 100 ਸਾਲਾਂ ਦੇ ਸਫ਼ਰ ਵਿੱਚ ਸੰਘ ਵਿੱਚ ਸਭ ਤੋਂ ਵੱਧ ਬਦਲਾਅ ਦਾ ਸਮਾਂ ਮੰਨਿਆ ਜਾਵੇਗਾ। ਭਾਵੇਂ ਉਹ ਵਰਦੀ ਵਿੱਚ ਬਦਲਾਅ ਹੋਵੇ, ਸੰਘ ਸਿੱਖਿਆ ਵਰਗਾਂ ਵਿੱਚ ਬਦਲਾਅ ਹੋਵੇ, ਅਜਿਹੇ ਕਈ ਮਹੱਤਵਪੂਰਨ ਬਦਲਾਅ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਮੁਕੰਮਲ ਹੋਏ। ਕੋਰੋਨਾ ਕਾਲ ਦੌਰਾਨ ਮੋਹਨ ਭਾਗਵਤ ਦੇ ਯਤਨਾਂ ਨੂੰ ਵਿਸ਼ੇਸ਼ ਤੌਰ ‘ਤੇ ਯਾਦ ਕੀਤਾ ਜਾਂਦਾ ਹੈ। ਮੋਹਨ ਭਾਗਵਤ ਨੇ ਸਮਾਜ ਭਲਾਈ ਲਈ ਸੰਘ ਦੀ ਸ਼ਕਤੀ ਦੀ ਨਿਰੰਤਰ ਵਰਤੋਂ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਇਸ ਲਈ ਉਨ੍ਹਾਂ ਨੇ ‘ਪੰਚ ਪਰਿਵਰਤਨ’ ਦਾ ਰਾਹ ਪੱਧਰਾ ਕੀਤਾ ਹੈ। ਇਸ ਵਿੱਚ, ਸਵੈ-ਬੋਧ, ਸਮਾਜਿਕ ਸਦਭਾਵਨਾ, ਨਾਗਰਿਕ ਸ਼ਿਸ਼ਟਾਚਾਰ, ਪਰਿਵਾਰ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਨਾ ਅਤੇ ਵਾਤਾਵਰਣ ਦੇ ਸਿਧਾਂਤਾਂ ਦੀ ਪਾਲਣਾ ਕਰਕੇ ਰਾਸ਼ਟਰ ਨਿਰਮਾਣ ਨੂੰ ਤਰਜੀਹ ਦਿੱਤੀ ਗਈ ਹੈ।

Advertisement

ਸ੍ਰੀ ਮੋਦੀ ਨੇ ਕਿਹਾ ਕਿ ਸ੍ਰੀ ਭਾਗਵਤ ਦੇ ਸੁਭਾਅ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਨਰਮਾਈ ਨਾਲ ਬੋਲਣ ਵਾਲੇ ਹਨ। ਉਨ੍ਹਾਂ ਕੋਲ ਸੁਣਨ ਦੀ ਅਥਾਹ ਸਮਰੱਥਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਹਨ ਭਾਗਵਤ ਹਮੇਸ਼ਾ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੇ ਮਜ਼ਬੂਤ ਹਮਾਇਤੀ ਰਹੇ ਹਨ। ਭਾਰਤ ਦੀ ਵਿਭਿੰਨਤਾ ਅਤੇ ਭਾਰਤ ਦੀ ਧਰਤੀ ਦੀ ਸੁੰਦਰਤਾ ਨੂੰ ਵਧਾਉਣ ਵਾਲੀਆਂ ਕਈ ਸੱਭਿਆਚਾਰਾਂ ਅਤੇ ਪ੍ਰੰਪਰਾਵਾਂ ਦੇ ਜਸ਼ਨ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਹਾਲਾਂਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਮੋਹਨ ਭਾਗਵਤ ਆਪਣੇ ਰੁਝੇਵਿਆਂ ਦਰਮਿਆਨ ਸੰਗੀਤ ਅਤੇ ਗਾਇਨ ਵਿੱਚ ਵੀ ਦਿਲਚਸਪੀ ਰੱਖਦੇ ਹਨ। ਉਹ ਵੱਖ-ਵੱਖ ਭਾਰਤੀ ਸੰਗੀਤ ਯੰਤਰਾਂ ਵਿੱਚ ਵੀ ਮਾਹਿਰ ਹਨ। ਪੜ੍ਹਨ ਅਤੇ ਲਿਖਣ ਵਿੱਚ ਉਨ੍ਹਾਂ ਦੀ ਦਿਲਚਸਪੀ ਉਨ੍ਹਾਂ ਦੇ ਕਈ ਭਾਸ਼ਣਾਂ ਅਤੇ ਸੰਵਾਦਾਂ ਵਿੱਚ ਸਪੱਸ਼ਟ ਤੌਰ ’ਤੇ ਦਿਖਾਈ ਦਿੰਦੀ ਹੈ।

ਕੁਝ ਦਿਨਾਂ ਵਿੱਚ ਦਸਹਿਰੇ ‘ਤੇ ਰਾਸ਼ਟਰੀ ਸਵੈਮ ਸੇਵਕ ਸੰਘ 100 ਸਾਲ ਦਾ ਹੋ ਜਾਵੇਗਾ। ਇਹ ਵੀ ਸੰਯੋਗ ਹੈ ਕਿ ਦਸ਼ਹਿਰਾ, ਗਾਂਧੀ ਜਯੰਤੀ, ਲਾਲ ਬਹਾਦਰ ਸ਼ਾਸਤਰੀ ਦੀ ਜਨਮ ਵਰ੍ਹੇਗੰਢ ਅਤੇ ਸੰਘ ਦਾ ਸ਼ਤਾਬਦੀ ਵਰ੍ਹਾ ਇੱਕੋ ਦਿਨ ਆ ਰਹੇ ਹਨ। ਇਹ ਭਾਰਤ ਅਤੇ ਦੁਨੀਆ ਭਰ ਦੇ ਲੱਖਾਂ ਸਵੈਮ ਸੇਵਕਾਂ ਲਈ ਇੱਕ ਇਤਿਹਾਸਕ ਮੌਕਾ ਹੈ। ਸਾਰੇ ਸਵੈਮ ਸੇਵਕ ਖੁਸ਼ਕਿਸਮਤ ਹਨ ਕਿ ਉਨ੍ਹਾਂ ਕੋਲ ਮੋਹਨ ਭਾਗਵਤ ਵਰਗਾ ਦੂਰਦਰਸ਼ੀ ਅਤੇ ਮਿਹਨਤੀ ਸਰਸੰਘਚਾਲਕ ਹੈ।

Advertisement
×