ਮੇਰੇ ਕੋਲ ਭਾਰਤ ਵਿੱਚ ਕੋਈ ਜ਼ਮੀਨ-ਜਾਇਦਾਦ ਨਹੀਂ: ਸੈਮ ਪਿਤਰੋਦਾ
ਨਵੀਂ ਦਿੱਲੀ, 27 ਫਰਵਰੀ
ਕਾਂਗਰਸ ਓਵਰਸੀਜ਼ ਦੇ ਮੁਖੀ ਸੈਮ ਪਿਤਰੋਦਾ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਭਾਰਤ ਵਿੱਚ ਕੋਈ ਜ਼ਮੀਨ, ਘਰ ਜਾਂ ਹੋਰ ਸੰਪਤੀ ਨਹੀਂ ਹੈ ਅਤੇ ਉਨ੍ਹਾਂ ਨੇ ਭਾਰਤ ਸਰਕਾਰ ਦੇ ਆਪਣੇ ਕਾਰਜਕਾਲ ਦੌਰਾਨ ਕਦੇ ਵੀ ਤਨਖਾਹ ਨਹੀਂ ਲਈ ਸੀ। ਉਨ੍ਹਾਂ ਹਾਲੀਆ ਮੀਡੀਆ ਰਿਪੋਰਟਾਂ ਦਾ ਖੰਡਨ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੇ 83 ਸਾਲ ਦੇ ਜੀਵਨ ਵਿੱਚ ਕਦੇ ਵੀ ਭਾਰਤ ਜਾਂ ਕਿਸੇ ਹੋਰ ਦੇਸ਼ ਵਿੱਚ ਨਾ ਕਦੇ ਰਿਸ਼ਵਤ ਦਿੱਤੀ ਹੈ ਤੇ ਨਾ ਹੀ ਲਈ ਹੈ। ਸੈਮ ਨੇ ਐਕਸ ’ਤੇ ਪੋਸਟ ਕੀਤਾ, ‘ਭਾਰਤੀ ਟੈਲੀਵਿਜ਼ਨ ਅਤੇ ਪ੍ਰਿੰਟ ਮੀਡੀਆ ਦੀਆਂ ਹਾਲ ਹੀ ਦੀਆਂ ਰਿਪੋਰਟਾਂ ਦੀ ਰੌਸ਼ਨੀ ਵਿੱਚ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰੇ ਕੋਲ ਭਾਰਤ ਵਿੱਚ ਕੋਈ ਜ਼ਮੀਨ, ਘਰ ਜਾਂ ਸੰਪਤੀ ਨਹੀਂ ਹੈ। ਇਸ ਤੋਂ ਇਲਾਵਾ ਮੇਰੇ ਕਾਰਜਕਾਲ ਦੌਰਾਨ ਚਾਹੇ ਉਹ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ 1980 ਦੇ ਮੱਧ ਵਿੱਚ ਜਾਂ ਡਾ. ਮਨਮੋਹਨ ਸਿੰਘ ਨਾਲ 2004 ਤੋਂ 2014 ਹੋਵੇ, ਮੈਂ ਕਦੇ ਕੋਈ ਤਨਖਾਹ ਨਹੀਂ ਲਈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪਿਤਰੋਦਾ ’ਤੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਕਿਹਾ ਸੀ ਕਿ ਸੈਮ ਨੇ ਬੰਗਲੁਰੂ ਦੇ ਯੇਲਹਾਂਕਾ ਜੰਗਲੀ ਖੇਤਰ ਵਿੱਚ ਲੀਜ਼ ’ਤੇ ਦਿੱਤੀ ਜ਼ਮੀਨ ’ਤੇ ਗੈਰ-ਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ।