ਭਾਰਤ ਤੇ ਅਮਰੀਕਾ ਵਿੱਚ ਸਕਾਰਾਤਮਕ ਭਾਈਵਾਲੀ ਤੇ ਟਰੰਪ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹਾਂ: ਮੋਦੀ
Fully reciprocate Trump's positive assessment of ties: PM Modi
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਅਤੇ ਅਮਰੀਕਾ ਵਿੱਚ ਬਹੁਤ ਸਕਾਰਾਤਮਕ ਅਤੇ ਰਣਨੀਤਕ ਭਾਈਵਾਲੀ ਹੈ ਤੇ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ। ਸ੍ਰੀ ਮੋਦੀ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਦੀ ਹਾਂਪੱਖੀ ਟਿੱਪਣੀ ਤੋਂ ਬਾਅਦ ਆਇਆ ਹੈ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ ਦੇ ਵਧੀਆ ਸਬੰਧ ਹਨ ਅਤੇ ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਬੀਤੇ ਦਿਨ ਦੇ ਸਖਤ ਬਿਆਨ ਤੋਂ ਬਾਅਦ ਯੂ ਟਰਨ ਲੈਂਦਿਆਂ ਭਾਰਤ ਨਾਲ ਭਵਿੱਖ ਵਿਚ ਵਧੀਆ ਸਬੰਧ ਜਾਰੀ ਰੱਖਣ ਦੀ ਗੱਲ ਕਹੀ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਇੰਝ ਜਾਪਦਾ ਹੈ ਕਿ ਅਮਰੀਕਾ ਨੇ ਭਾਰਤ ਅਤੇ ਰੂਸ ਨੂੰ ‘ਖ਼ਤਰਨਾਕ’ ਚੀਨ ਦੇ ਹੱਥੋਂ ਗੁਆ ਦਿੱਤਾ ਹੈ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਸੀ ਜਦੋਂ ਟੈਰਿਫ਼ ਕਾਰਨ ਭਾਰਤ ਅਤੇ ਅਮਰੀਕਾ ਦੇ ਸਬੰਧ ਸ਼ਾਇਦ ਬੀਤੇ ਦੋ ਦਹਾਕਿਆਂ ’ਚ ਸਭ ਤੋਂ ਮਾੜੇ ਦੌਰ ’ਚੋਂ ਗੁਜ਼ਰ ਰਹੇ ਹਨ। ਸੋਸ਼ਲ ਮੀਡੀਆ ’ਤੇ ਟਰੰਪ ਦੀ ਇਹ ਪੋਸਟ ਉਸ ਸਮੇਂ ਆਈ ਸੀ ਜਦੋਂ ਕੁਝ ਦਿਨ ਪਹਿਲਾਂ ਚੀਨ ਦੇ ਸ਼ਹਿਰ ਤਿਆਨਜਿਨ ’ਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸਿਖਰ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਾਲੇ ਗਰਮਜੋਸ਼ੀ ਨਾਲ ਹੋਈ ਗੱਲਬਾਤ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਸੀ। ਅਮਰੀਕੀ ਰਾਸ਼ਟਰਪਤੀ ਨੇ ਟਰੁੱਥ ਸੋਸ਼ਲ ’ਤੇ ਲਿਖਿਆ, ‘‘ਜਾਪਦਾ ਹੈ ਕਿ ਅਸੀਂ ਭਾਰਤ ਅਤੇ ਰੂਸ ਨੂੰ ਸਭ ਤੋਂ ‘ਗੁੱਝੇ ਅਤੇ ਖ਼ਤਰਨਾਕ ਚੀਨ’ ਦੇ ਹੱਥੋਂ ਉਨ੍ਹਾਂ ਨੂੰ ਗੁਆ ਦਿੱਤਾ ਹੈ। ਉਨ੍ਹਾਂ ਦਾ ਇਕੱਠਿਆਂ ਭਵਿੱਖ ਲੰਬਾ ਅਤੇ ਖੁਸ਼ਹਾਲ ਹੋਵੇ।’’
ਪੀਟੀਆਈ