ਮੈਂ ਅਤਿਵਾਦੀ ਜਾਂ ਰਾਸ਼ਟਰ ਵਿਰੋਧੀ ਨਹੀਂ: ਸ਼ਰਜੀਲ
ਬਿਨਾਂ ਸੁਣਵਾਈ ‘ਖ਼ਤਰਨਾਕ ਬੁੱਧੀਜੀਵੀ ਅਤਿਵਾਦੀ’ ਕਰਾਰ ਦੇਣ ’ਤੇ ਨਾਰਾਜ਼ਗੀ ਜਤਾਈ
ਦਿੱਲੀ ਵਿੱਚ ਫਰਵਰੀ 2020 ’ਚ ਹੋਏ ਦੰਗਿਆਂ ਦੇ ਮਾਮਲੇ ’ਚ ਗ੍ਰਿਫ਼ਤਾਰ ਕਾਰਕੁਨ ਸ਼ਰਜੀਲ ਇਮਾਮ ਨੇ ਅੱਜ ਸੁਪਰੀਮ ਕੋਰਟ ’ਚ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਦੌਰਾਨ ਬਿਨਾਂ ਕਿਸੇ ਪੂਰਨ ਸੁਣਵਾਈ ਜਾਂ ਦੋਸ਼ ਸਾਬਤ ਹੋਣ ਤੋਂ ਬਿਨਾਂ ਹੀ ਉਸ ਨੂੰ ‘ਖਤਰਨਾਕ ਬੁੱਧੀਜੀਵੀ ਅਤਿਵਾਦੀ’ ਕਰਾਰ ਦਿੱਤੇ ਜਾਣ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ।
ਸ਼ਰਜੀਲ ਇਮਾਮ ਵੱਲੋਂ ਪੇਸ਼ ਸੀਨੀਅਰ ਵਕੀਲ ਸਿਧਾਰਥ ਦਵੇ ਨੇ ਕਿਹਾ, ‘‘ਮੈਂ ਕਹਿਣਾ ਚਾਹਾਂਗਾ ਕਿ ਮੈਂ ਅਤਿਵਾਦੀ ਨਹੀਂ ਹਾਂ ਜਿਵੇਂ ਸਰਕਾਰੀ (ਪੁਲੀਸ) ਧਿਰ ਨੇ ਮੈਨੂੰ ਕਿਹਾ ਹੈ। ਮੈਂ ਰਾਸ਼ਟਰ ਵਿਰੋਧੀ ਵੀ ਨਹੀਂ ਹਾਂ ਜਿਵੇਂ ਕਿਹਾ ਗਿਆ ਹੈ। ਮੈਂ ਇਸ ਦੇਸ਼ ਦਾ ਨਾਗਰਿਕ ਹਾਂ, ਜਨਮ ਤੋਂ ਨਾਗਰਿਕ ਹਾਂ ਅਤੇ ਮੈਨੂੰ ਹਾਲੇ ਤੱਕ ਕਿਸੇ ਵੀ ਅਪਰਾਧ ਲਈ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ।’’ ਸ੍ਰੀ ਦਵੇ ਨੇ ਜਸਟਿਸ ਅਰਵਿੰਦ ਕੁਮਾਰ ਤੇ ਜਸਟਿਸ ਐੱਨ ਵੀ ਅੰਜਾਰੀਆ ਦੇ ਬੈਂਚ ਸਾਹਮਣੇ ਸ਼ਰਜੀਲ ਇਮਾਮ ਵੱਲੋਂ ਦਲੀਲ ਦਿੱਤੀ, ‘‘ਮੇਰੇ ਖ਼ਿਲਾਫ਼ ਮੇਰੇ ਵੱਲੋਂ ਦਿੱਤੇ ਗਏ ਭਾਸ਼ਣਾਂ ਲਈ ਮੁਕੱਦਮਾ ਚਲਾਇਆ ਜਾ ਰਿਹਾ ਹੈ ਜਿਸ ਦੇ ਕੁਝ ਹਿੱਸੇ ਅਦਾਲਤ ’ਚ ਪੇਸ਼ ਕੀਤੇ ਗਏ ਹਨ। ਇਹ ਐੱਫ ਆਈ ਆਰ ਮਾਰਚ 2020 ’ਚ ਦਰਜ ਕੀਤੀ ਗਈ ਸੀ। ਮੈਂ ਪਹਿਲਾਂ ਹੀ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਹਿਰਾਸਤ ਵਿੱਚ ਸੀ। ਇਹ ਐੱਫ ਆਈ ਆਰ 2020 ’ਚ ਹੋਏ ਦੰਗਿਆਂ ਦੀ ਸਾਜ਼ਿਸ਼ ਲਈ ਦਰਜ ਕੀਤੀ ਗਈ ਹੈ। ਯਕੀਨੀ ਤੌਰ ’ਤੇ ਇਹ ਦੰਗਿਆਂ ’ਚ ਮੇਰੀ ਨਿੱਜੀ ਮੌਜੂਦਗੀ ਨੂੰ ਖਾਰਜ ਕਰਦਾ ਹੈ ਕਿਉਂਕਿ ਮੈਂ ਹਿਰਾਸਤ ਵਿੱਚ ਸੀ।’’
ਇਸੇ ਦੌਰਾਨ ਉਮਰ ਖਾਲਿਦ ਵੱਲੋਂ ਪੇਸ਼ ਹੋਏ ਵਕੀਲ ਕਪਿਲ ਸਿੱਬਲ ਨੇ ਦਲੀਲ ਦਿੱਤੀ ਕਿ ਫਰਵਰੀ 2020 ’ਚ ਜਦੋਂ ਦੰਗੇ ਹੋਏ ਸਨ ਤਾਂ ਉਨ੍ਹਾਂ ਦਾ ਮੁਵੱਕਿਲ ਦਿੱਲੀ ’ਚ ਨਹੀਂ ਸੀ ਅਤੇ ਉਸ ਨੂੰ ਇਸ ਤਰ੍ਹਾਂ ਕੈਦ ’ਚ ਨਹੀਂ ਰੱਖਿਆ ਜਾ ਸਕਦਾ।
ਦੋਸ਼ ਪੱਤਰ ’ਚ ‘ਸੱਤਾ ਤਬਦੀਲੀ ਮੁਹਿੰਮ’ ਦਾ ਜ਼ਿਕਰ ਨਹੀਂ: ਗੁਲਫਿਸ਼ਾਂ
ਦਿੱਲੀ ਦੰਗੇ ਮਾਮਲੇ ’ਚ ਜ਼ਮਾਨਤ ਦੀ ਮੰਗ ਕਰ ਰਹੀ ਕਾਰਕੁਨ ਗੁਲਫਿਸ਼ਾਂ ਫਾਤਿਮਾ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਉਸ ਨੂੰ ‘ਅਣਮਿੱਥੇ ਸਮੇਂ ਤੱਕ ਹਿਰਾਸਤ’ ’ਚ ਨਹੀਂ ਰੱਖਿਆ ਜਾ ਸਕਦਾ। ‘ਸੱਤਾ ਤਬਦੀਲੀ ਮੁਹਿੰਮ’ ਦੇ ਦਿੱਲੀ ਪੁਲੀਸ ਦੇ ਦਾਅਵੇ ਦਾ ਉਸ ਦੇ ਦੋਸ਼ ਪੱਤਰ ’ਚ ਜ਼ਿਕਰ ਨਹੀਂ ਹੈ। ਫਾਤਿਮਾ ਵੱਲੋਂ ਪੇਸ਼ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਜਸਟਿਸ ਅਰਵਿੰਦ ਕੁਮਾਰ ਤੇ ਜਸਟਿਸ ਐੱਨ ਵੀ ਅੰਜਾਰੀਆ ਦੇ ਬੈਂਚ ਨੂੰ ਦੱਸਿਆ ਕਿ ਕਾਰਕੁਨ ਨੇ ਤਕਰੀਬਨ ਛੇ ਸਾਲ ਜੇਲ੍ਹ ’ਚ ਬਿਤਾਇਆ ਹੈ; ਉਨ੍ਹਾਂ ਮੁਕੱਦਮੇ ’ਚ ਦੇਰੀ ਨੂੰ ਹੈਰਾਨੀ ਭਰਿਆ ਦੱਸਿਆ। ਸਰਕਾਰੀ ਧਿਰ ਦਾ ‘ਅਸਾਮ ਨੂੰ ਭਾਰਤ ਤੋਂ ਵੱਖ ਕਰਨ ਦੀ ਸਾਜ਼ਿਸ਼ ਦਾ ਦਾਅਵਾ ਵੀ ਬੇਬੁਨਿਆਦ ਹੈ।’ ਕੇਸ ਦੇ ਸਹਿ-ਮੁਲਜ਼ਮਾਂ ਨਤਾਸ਼ਾ ਨਰਵਾਲ, ਦੇਵਾਂਗਨਾ ਕਲਿਤਾ ਅਤੇ ਆਸਿਫ ਇਕਬਾਲ ਤਨਹਾ, ਜਿਨ੍ਹਾਂ ਨੂੰ ਜੂਨ 2021 ਵਿੱਚ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ, ਦਾ ਜ਼ਿਕਰ ਕਰਦਿਆਂ ਸ੍ਰੀ ਸਿੰਘਵੀ ਨੇ ਦਲੀਲ ਦਿੱਤੀ ਕਿ ਫਾਤਿਮਾ ਇਕਲੌਤੀ ਔਰਤ ਹੈ ਜੋ ਹਾਲੇ ਵੀ ਜੇਲ੍ਹ ਵਿੱਚ ਹੈ। ਸਿੰਘਵੀ ਨੇ ਫਾਤਿਮਾ ਵੱਲੋਂ ਕਿਹਾ, ‘‘ਉਨ੍ਹਾਂ ਨੂੰ 2021 ਵਿੱਚ ਜ਼ਮਾਨਤ ਮਿਲੀ ਸੀ। ਮੇਰਾ ਕੇਸ ਬਹੁਤ ਘੱਟ ਗੰਭੀਰ ਹੈ।’’ ਸਿੰਘਵੀ ਨੇ ਦਲੀਲ ਦਿੱਤੀ ਕਿ ਫਾਤਿਮਾ ਦੇ ‘ਗੁਪਤ ਮੀਟਿੰਗ’ ਵਿੱਚ ਸ਼ਾਮਲ ਹੋਣ ਦਾ ਦੋਸ਼ ਨਰਵਾਲ ਅਤੇ ਕਲਿਤਾ ਵਿਰੁੱਧ ਲਗਾਏ ਗਏ ਦੋਸ਼ਾਂ ਦੇ ਬਰਾਬਰ ਹੈ।

