ਮੰਡੀ ਵਿਚ HRTC ਦੀ ਬੱਸ ਖੱਡ ’ਚ ਡਿੱਗੀ, 8 ਮੌਤਾਂ, 21 ਜ਼ਖ਼ਮੀ
ਮੰਡੀ ਜ਼ਿਲ੍ਹੇ ਦੇ ਸਰਕਾਘਾਟ ਸਬ-ਡਿਵੀਜ਼ਨ ਵਿੱਚ ਮਾਸੇਰਨ ਨੇੜੇ ਤਰੰਗਲਾ ਵਿਚ ਅੱਜ ਸਵੇਰੇ HRTC ਦੀ ਬੱਸ ਸੜਕ ਤੋਂ ਕਰੀਬ 100 ਫੁੱਟ ਹੇਠਾਂ ਖੱਡ ਵਿਚ ਡਿੱਗ ਗਈ। ਹਾਦਸੇ ਵਿਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਕਈ 21 ਹੋਰ ਜ਼ਖਮੀ ਹੋ ਗਏ। ਬੱਸ ਸਰਕਾਘਾਟ ਤੋਂ ਦੁਰਗਾਪੁਰ ਜਾ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ। ਮੰਡੀ ਦੇ ਐੱਸਪੀ ਸਾਕਸ਼ੀ ਵਰਮਾ ਅਨੁਸਾਰ ਇਹ ਘਟਨਾ ਸਰਕਾਘਾਟ ਪੁਲੀਸ ਥਾਣੇ ਅਧੀਨ ਆਉਂਦੇ ਖੇਤਰ ਵਿੱਚ ਵਾਪਰੀ।
ਮੁੱਢਲੀਆਂ ਰਿਪੋਰਟਾਂ ਮੁਤਾਬਕ ਹਾਦਸੇ ਵਿਚ ਚਾਰ ਮਹਿਲਾਵਾਂ ਸਣੇ 8 ਵਿਅਕਤੀਆਂ ਦੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਸਰਕਾਘਾਟ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ, ਜਿਨ੍ਹਾਂ ਨੂੰ ਏਮਜ਼-ਬਿਲਾਸਪੁਰ ਰੈਫਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਪੰਜ ਲੋਕਾਂ ਨੂੰ ਸਿਵਲ ਹਸਪਤਾਲ ਸਰਕਾਘਾਟ, ਦੋ ਨੂੰ ਸਰਕਾਰੀ ਮੈਡੀਕਲ ਕਾਲਜ ਨੇਰਚੌਕ ਅਤੇ ਇੱਕ ਨੂੰ ਏਮਜ਼ ਬਿਲਾਸਪੁਰ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ।
ਅਧਿਕਾਰੀ ਮੁਤਾਬਕ ਹਾਦਸੇ ਮੌਕੇ ਬੱਸ ਵਿਚ ਡਰਾਈਵਰ ਤੇ ਕੰਡਕਟਰ ਸਣੇ ਕਰੀਬ 29 ਵਿਅਕਤੀ ਸਵਾਰ ਸਨ। ਸਥਾਨਕ ਪੁਲੀਸ ਅਤੇ 108 ਐਂਬੂਲੈਂਸ ਸੇਵਾ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ ਅਤੇ ਪੀੜਤਾਂ ਨੂੰ ਖੱਡ ’ਚੋ ਕੱਢਣ ਲਈ ਬਚਾਅ ਕਾਰਜ ਚਲਾਇਆ। ਜਾਣਕਾਰੀ ਅਨੁਸਾਰ 17 ਜ਼ਖਮੀਆਂ ਦਾ ਸਰਕਾਰੀ ਮੈਡੀਕਲ ਕਾਲਜ ਨੇਰਚੌਕ, ਏਮਜ਼ ਬਿਲਾਸਪੁਰ ਅਤੇ ਆਰਕੇਜੀਐਮਸੀ ਹਮੀਰਪੁਰ ਵਿੱਚ ਇਲਾਜ ਚੱਲ ਰਿਹਾ ਹੈ ਜਦੋਂ ਕਿ ਚਾਰ ਸਿਵਲ ਹਸਪਤਾਲ ਸਰਕਾਘਾਟ ਵਿੱਚ ਇਲਾਜ ਅਧੀਨ ਹਨ।
ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ, ਜਿਨ੍ਹਾਂ ਕੋਲ ਟਰਾਂਸਪੋਰਟ ਵਿਭਾਗ ਦਾ ਵੀ ਚਾਰਜ ਹੈ, ਨੇ ਏਮਜ਼ ਬਿਲਾਸਪੁਰ ਵਿੱਚ ਜ਼ਖ਼ਮੀਆਂ ਨਾਲ ਮੁਲਾਕਾਤ ਕੀਤੀ।
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਮੰਡੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਮ੍ਰਿਤਕਾਂ ਦੇ ਵਾਰਸਾਂ ਨੂੰ ਐਕਸ-ਗ੍ਰੇਸ਼ੀਆ ਗ੍ਰਾਂਟ ਅਤੇ ਜ਼ਖਮੀਆਂ ਨੂੰ ਵਧੀਆ ਇਲਾਜ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਦੌਰਾਨ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਵੀ ਇਸ ਘਟਨਾ ਵਿੱਚ ਹੋਏ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਅਦਾਕਾਰਾ ਨੇ ਪਰਮਾਤਮਾ ਅੱਗੇ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਅਤੇ ਪੀੜਤ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਪ੍ਰਾਰਥਨਾ ਕੀਤੀ।