ਤੁਹਾਨੂੰ ਕਿਵੇਂ ਪਤਾ ਚੀਨ ਨੇ ਭਾਰਤੀ ਜ਼ਮੀਨ ’ਤੇ ਕਬਜ਼ਾ ਕੀਤਾ: ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ‘ਭਾਰਤ ਜੋੜੋ ਯਾਤਰਾ’ ਦੌਰਾਨ ਭਾਰਤੀ ਫ਼ੌਜ ਬਾਰੇ ਕੀਤੀ ਕਥਿਤ ਇਤਰਾਜ਼ਯੋਗ ਟਿੱਪਣੀ ਕਾਰਨ ਅੱਜ ਉਨ੍ਹਾਂ ਦੀ ਆਲੋਚਨਾ ਕਰਦਿਆਂ ਕਿਹਾ, ‘ਜੇ ਤੁਸੀਂ ਸੱਚੇ ਭਾਰਤੀ ਹੋ ਤਾਂ ਅਜਿਹੀਆਂ ਗੱਲਾਂ ਨਹੀਂ ਕਰੋਗੇ।’ ਉਨ੍ਹਾਂ ਕਾਂਗਰਸ ਆਗੂ ਨੂੰ ਇਹ ਸਵਾਲ ਵੀ ਕੀਤਾ ਕਿ ਉਨ੍ਹਾਂ ਨੂੰ ਇਹ ਕਿਸ ਤਰ੍ਹਾਂ ਪਤਾ ਹੈ ਕਿ ਚੀਨ ਨੇ ਭਾਰਤ ਦੀ ਦੋ ਹਜ਼ਾਰ ਵਰਗ ਕਿਲੋਮੀਟਰ ਜ਼ਮੀਨ ’ਤੇ ਕਬਜ਼ਾ ਕੀਤਾ ਹੈ। ਸਿਖਰਲੀ ਅਦਾਲਤ ਨੇ ਹਾਲਾਂਕਿ ਇਸ ਮਾਮਲੇ ’ਚ ਲਖਨਊ ਦੀ ਅਦਾਲਤ ’ਚ ਗਾਂਧੀ ਖ਼ਿਲਾਫ਼ ਜਾਰੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਹੈ। ਜਸਟਿਸ ਦੀਪਾਂਕਰ ਦੱਤਾ ਤੇ ਜਸਟਿਸ ਆਗਸਟੀਨ ਜੌਰਜ ਮਸੀਹ ਦੇ ਬੈਂਚ ਨੇ ਮਾਮਲੇ ’ਚ ਉੱਤਰ ਪ੍ਰਦੇਸ਼ ਸਰਕਾਰ ਤੇ ਸ਼ਿਕਾਇਤਕਰਤਾ ਨੂੰ ਨੋਟਿਸ ਜਾਰੀ ਕੀਤਾ ਹੈ।
ਬੈਂਚ ਨੇ ਰਾਹੁਲ ਗਾਂਧੀ ਨੂੰ ਕਿਹਾ, ‘ਤੁਸੀਂ ਵਿਰੋਧੀ ਧਿਰ ਦੇ ਨੇਤਾ ਹੋ। ਤੁਸੀਂ ਸੰਸਦ ’ਚ ਗੱਲਾਂ ਕਿਉਂ ਨਹੀਂ ਕਹਿੰਦੇ, ਤੁਸੀਂ ਸੋਸ਼ਲ ਮੀਡੀਆ ’ਤੇ ਕਿਉਂ ਕਹਿੰਦੇ ਹੋ?’ ਬੈਂਚ ਨੇ ਪੁੱਛਿਆ, ‘ਤੁਹਾਨੂੰ ਕਿਵੇਂ ਪਤਾ ਲੱਗਾ ਕਿ ਦੋ ਹਜ਼ਾਰ ਵਰਗ ਕਿਲੋਮੀਟਰ ਜ਼ਮੀਨ ’ਤੇ ਚੀਨ ਨੇ ਕਬਜ਼ਾ ਕਰ ਲਿਆ ਹੈ? ਕੀ ਤੁਸੀਂ ਉੱਥੇ ਸੀ? ਕੀ ਤੁਹਾਡੇ ਕੋਲ ਕੋਈ ਭਰੋਸੇਯੋਗ ਜਾਣਕਾਰੀ ਹੈ?’ ਬੈਂਚ ਨੇ ਸਵਾਲ ਕੀਤਾ, ‘ਬਿਨਾਂ ਕਿਸੇ ਸਬੂਤ ਦੇ ਤੁਸੀਂ ਇਹ ਬਿਆਨ ਕਿਉਂ ਦੇ ਰਹੋ ਹੋ? ਜੇ ਤੁਸੀਂ ਸੱਚੇ ਭਾਰਤੀ ਹੋ ਤਾਂ ਤੁਸੀਂ ਅਜਿਹੀਆਂ ਗੱਲਾਂ ਨਹੀਂ ਕਹੋਗੇ।’ ਗਾਂਧੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਜੇ ਵਿਰੋਧੀ ਧਿਰ ਦੇ ਨੇਤਾ ਮੁੱਦੇ ਨਹੀਂ ਉਠਾ ਸਕਦੇ ਤਾਂ ਇਹ ਮੰਦਭਾਗੀ ਸਥਿਤੀ ਹੋਵੇਗੀ। ਬੈਂਚ ਦੀ ‘ਸੱਚੇ ਭਾਰਤੀ’ ਵਾਲੀ ਟਿੱਪਣੀ ’ਤੇ ਸਿੰਘਵੀ ਨੇ ਕਿਹਾ, ‘ਇਹ ਵੀ ਸੰਭਵ ਹੈ ਕਿ ਇੱਕ ਸੱਚਾ ਭਾਰਤੀ ਕਹੇ ਕਿ ਸਾਡੇ 20 ਭਾਰਤੀ ਫ਼ੌਜੀਆਂ ਨੂੰ ਕੁੱਟਿਆ ਗਿਆ ਤੇ ਮਾਰ ਦਿੱਤਾ ਗਿਆ। ਇਹ ਵੀ ਚਿੰਤਾ ਦਾ ਵਿਸ਼ਾ ਹੈ।’ ਇਸ ’ਤੇ ਅਦਾਲਤ ਨੇ ਕਿਹਾ, ‘ਜਦੋਂ ਸਰਹੱਦ ਪਾਰ ਸੰਘਰਸ਼ ਹੁੰਦਾ ਹੈ ਤਾਂ ਕੀ ਦੋਵਾਂ ਧਿਰਾਂ ’ਚ ਨੁਕਸਾਨ ਹੋਣਾ ਅਸਧਾਰਨ ਗੱਲ ਹੈ?’ ਸਿੰਘਵੀ ਨੇ ਕਿਹਾ ਕਿ ਗਾਂਧੀ ਸਿਰਫ਼ ਢੁੱਕਵੇਂ ਖੁਲਾਸੇ ਤੇ ਸੂਚਨਾ ਦਬਾਏ ਜਾਣ ’ਤੇ ਚਿੰਤਾ ਜ਼ਾਹਿਰ ਕਰਨ ਦੀ ਗੱਲ ਕਰ ਰਹੇ ਸਨ। ਜਸਟਿਸ ਦੱਤਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਜ਼ਿੰਮੇਵਾਰ ਨੇਤਾ ਹੋਣ ਦੇ ਨਾਤੇ ਗਾਂਧੀ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਅਜਿਹੇ ਸਵਾਲ ਚੁੱਕਣ ਲਈ ਇੱਕ ਢੁੱਕਵਾਂ ਮੰਚ ਮੌਜੂਦ ਹੈ। -ਪੀਟੀਆਈ
ਕਾਂਗਰਸ ਭਾਰਤੀ ਹਥਿਆਰਬੰਦ ਬਲਾਂ ਨੂੰ ਨਫਰਤ ਕਰਦੀ ਹੈ: ਭਾਜਪਾ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਅੱਜ ਦੋਸ਼ ਲਾਇਆ ਕਿ ‘ਚੀਨ ਗੁਰੂ ਰਾਹੁਲ ਗਾਂਧੀ’ ਤੇ ਉਨ੍ਹਾਂ ਦੀ ਪਾਰਟੀ ਭਾਰਤੀ ਹਥਿਆਰਬੰਦ ਬਲਾਂ ਨੂੰ ਨਫਰਤ ਕਰਦੇ ਹਨ ਅਤੇ ਵਿਦੇਸ਼ੀ ਤਾਕਤਾਂ ਉਨ੍ਹਾਂ ਨੂੰ ‘ਰਿਮੋਟ ਕੰਟਰੋਲ’ ਨਾਲ ਚਲਾ ਰਹੀਆਂ ਹਨ। ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਐਕਸ ’ਤੇ ਪੋਸਟ ਕੀਤਾ, ‘ਸੁਪਰੀਮ ਕੋਰਟ ਨੇ ਵਾਰ-ਵਾਰ ‘ਚੀਨ ਗੁਰੂ’ ਰਾਹੁਲ ਗਾਂਧੀ ਨੂੰ ਭਾਰਤ ਦੀ ਕੌਮੀ ਸੁਰੱਖਿਆ ਤੇ ਖੇਤਰੀ ਅਖੰਡਤਾ ਦੇ ਸਬੰਧ ਵਿੱਚ ਗ਼ੈਰ-ਜ਼ਿੰਮੇਵਾਰੀ ਵਾਲੇ ਬਿਆਨ ਦੇਣ ਲਈ ਝਾੜ ਪਾਈ ਹੈ।’ ਉਨ੍ਹਾਂ ਲਿਖਿਆ, ‘ਜ਼ਰੋ ਸੋਚੋ ਅਜਿਹੀਆਂ ਲਾਪ੍ਰਵਾਹੀ ਭਰੀਆਂ ਟਿੱਪਣੀਆਂ ਲਈ ਵਿਰੋਧੀ ਧਿਰ ਦੇ ਨੇਤਾ ਦੀ ਵਾਰ-ਵਾਰ ਆਲੋਚਨਾ ਕੀਤੀ ਜਾ ਰਹੀ ਹੈ।’ ਮਾਲਵੀਆ ਨੇ ਕਾਂਗਰਸ ਆਗੂ ਦੀ ਹਾਲੀਆ ‘ਬੇਜਾਨ ਅਰਥਚਾਰਾ’ ਵਾਲੀ ਟਿੱਪਣੀ ਨੂੰ ਲੈ ਕੇ ਵੀ ਉਨ੍ਹਾਂ ਨੂੰ ਨਿਸ਼ਾਨੇ ’ਤੇ ਲਿਆ ਤੇ ਇਸ ਨੂੰ ‘ਕਈ ਮੋਰਚਿਆਂ ’ਤੇ ਕੂਟਨੀਤਕ ਤਬਾਹੀ’ ਕਰਾਰ ਦਿੱਤਾ। -ਪੀਟੀਆਈ
ਹਰ ਦੇਸ਼ ਭਗਤ ਸਰਕਾਰ ਤੋਂ ਚੀਨ ਬਾਰੇ ਜਵਾਬ ਮੰਗ ਰਿਹੈ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਕਿਹਾ ਕਿ ਸਾਲ 2020 ਦੀ ਗਲਵਾਨ ਘਾਟੀ ਦੀ ਘਟਨਾ ਤੋਂ ਬਾਅਦ ਹਰ ਦੇਸ਼ ਭਗਤ ਭਾਰਤੀ ਚੀਨ ਮਾਮਲੇ ’ਚ ਜਵਾਬ ਮੰਗ ਰਿਹਾ ਹੈ ਪਰ ਮੋਦੀ ਸਰਕਾਰ ਨੇ ‘ਡੀਡੀਐੱਲਜੇ’ ਵਾਲੀ ਆਪਣੀ ਨੀਤੀ ਨਾਲ ਸੱਚਾਈ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਸਰਕਾਰ ਦੀ ‘ਡੀਡੀਐੱਲਜੇ’ ਵਾਲੀ ਨੀਤੀ ਦਾ ਮਤਲਬ ‘ਡਿਨਾਇਲ (ਇਨਕਾਰ ਕਰਨਾ), ਡਿਸਟ੍ਰੈਕਟ (ਧਿਆਨ ਭਟਕਾਉਣਾ), ਲਾਈ (ਝੂਠ ਬੋਲਣਾ) ਅਤੇ ਜਸਟੀਫਾਈ (ਸਹੀ ਠਹਿਰਾਉਣਾ) ਹੈ।’ ਰਮੇਸ਼ ਨੇ ਇਹ ਵੀ ਦੋਸ਼ ਲਾਇਆ ਕਿ ਮੋਦੀ ਸਰਕਾਰ 1962 ਤੋਂ ਬਾਅਦ ਭਾਰਤ ਨੂੰ ਮਿਲੇ ਸਭ ਤੋਂ ਵੱਡੇ ਖੇਤਰੀ ਝਟਕੇ ਲਈ ਜ਼ਿੰਮੇਵਾਰ ਹੈ ਅਤੇ ਉਸ ’ਤੇ ਆਪਣੀ ‘ਬੁਜ਼ਦਿਲੀ’ ਤੇ ਗਲਤ ਆਰਥਿਕ ਤਰਜੀਹਾਂ ਕਾਰਨ ਚੀਨ ਨਾਲ ਰਿਸ਼ਤਿਆਂ ਨੂੰ ਆਮ ਜਿਹੇ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। -ਪੀਟੀਆਈ