ਜੱਜ ਦੀ ਰਿਹਾਇਸ਼ ਤੋਂ ਨਕਦੀ ਮਿਲਣ ਦੀ ਅਪਰਾਧਿਕ ਜਾਂਚ ਸ਼ੁਰੂ ਹੋਣ ਦੀ ਆਸ: ਧਨਖੜ
ਕੋਚੀ, 7 ਜੁਲਾਈ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਨਵੀਂ ਦਿੱਲੀ ਵਿੱਚ ਇਕ ਜੱਜ ਦੀ ਅਧਿਕਾਰਤ ਰਿਹਾਇਸ਼ ਤੋਂ ਭਾਰੀ ਮਾਤਰਾ ਵਿੱਚ ਨਕਦੀ ਮਿਲਣ ਦੇ ਮਾਮਲੇ ਦੀ ਅਪਰਾਧਿਕ ਜਾਂਚ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਇਸ ਘਟਨਾ ਦੀ ਤੁਲਨਾ ਸ਼ੇਕਸਪੀਅਰ ਦੇ ਨਾਟਕ ਜੂਲੀਅਸ ਸੀਜ਼ਰ ਦੇ ਇਕ ਸੰਦਰਭ ‘ਆਈਡਸ ਆਫ਼ ਮਾਰਚ’ ਨਾਲ ਕੀਤੀ, ਜਿਸ ਨੂੰ ਆਉਣ ਵਾਲੇ ਸੰਕਟ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਇਸ ਘਟਨਾ ਦਾ ਜ਼ਿਕਰ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਹੁਣ ਮੁੱਦਾ ਇਹ ਹੈ ਕਿ ਜੇਕਰ ਨਕਦੀ ਬਰਾਮਦ ਹੋਈ ਸੀ ਤਾਂ ਸ਼ਾਸਨ ਵਿਵਸਥਾ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਸੀ ਅਤੇ ਪਹਿਲੀ ਪ੍ਰਕਿਰਿਆ ਇਹ ਹੋਣੀ ਚਾਹੀਦੀ ਸੀ ਕਿ ਇਸ ਨਾਲ ਅਪਰਾਧਿਕ ਕਾਰਵਾਈ ਵਜੋਂ ਨਿਬੜਿਆ ਜਾਂਦਾ, ਦੋਸ਼ੀ ਲੋਕਾਂ ਦਾ ਪਤਾ ਲਗਾਇਆ ਜਾਂਦਾ ਅਤੇ ਉਨ੍ਹਾਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਂਦਾ। ਨੈਸ਼ਨਲ ਯੂਨੀਵਰਸਿਟੀ ਆਫ ਐਡਵਾਂਸਡ ਲੀਗਲ ਸਟੱਡੀਜ਼ (ਐੱਨਯੂਏਐੱਲਐੱਸ) ਵਿੱਚ ਵਿਦਿਆਰਥੀਆਂ ਅਤੇ ਸੰਸਥਾ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਹਾਈ ਕੋਰਟ ਦੇ ਇਕ ਜੱਜ ਦੀ ਰਿਹਾਇਸ਼ ਤੋਂ ਭਾਰੀ ਮਾਤਰਾ ਵਿੱਚ ਨਕਦੀ ਮਿਲਣ ਦੀ ਤੁਲਨਾ ‘ਆਈਡਸ ਆਫ ਮਾਰਚ’ ਨਾਲ ਕੀਤੀ। ਉਪ ਰਾਸ਼ਟਰਪਤੀ ਨੇ ਕਿਹਾ ਕਿ 14-15 ਮਾਰਚ ਦੀ ਰਾਤ ਨੂੰ ਨਿਆਂਪਾਲਿਕਾ ਨੂੰ ਵੀ ‘ਆਈਡਸ ਆਫ ਮਾਰਚ’ ਦਾ ਸਾਹਮਣਾ ਕਰਨਾ ਪਿਆ, ਜਦੋਂ ਵੱਡੀ ਮਾਤਰਾ ’ਚ ਨਕਦੀ ਮਿਲਣ ਦੀ ਗੱਲ ਜਨਤਕ ਤੌਰ ’ਤੇ ਸਵੀਕਾਰ ਕੀਤੀ ਗਈ ਸੀ ਪਰ ਹੁਣ ਤੱਕ ਕੋਈ ਐੱਫਆਈਆਰ ਦਰਜ ਨਹੀਂ ਕੀਤੀ ਗਈ। ਧਨਖੜ ਨੇ ਕਿਹਾ ਕਿ ਇਸ ਮਾਮਲੇ ਨਾਲ ਸ਼ੁਰੂ ਤੋਂ ਹੀ ਅਪਰਾਧਿਕ ਮਾਮਲੇ ਵਜੋਂ ਨਿਬੜਿਆ ਜਾਣਾ ਚਾਹੀਦਾ ਸੀ ਪਰ ਸੁਪਰੀਮ ਕੋਰਟ ਦੇ 90 ਦੇ ਦਹਾਕੇ ਦੇ ਇਕ ਫੈਸਲੇ ਕਾਰਨ ਕੇਂਦਰ ਸਰਕਾਰ ਦੇ ਹੱਥ ਬੱਝੇ ਹੋਏ ਹਨ। ਉਨ੍ਹਾਂ ਕਿਹਾ, ‘‘ਪਰ ਅਜੇ ਤੱਕ ਕੋਈ ਐੱਫਆਈਆਰ ਦਰਜ ਨਹੀਂ ਕੀਤੀ ਗਈ। ਕੇਂਦਰ ਸਰਕਾਰ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦੇ 90 ਦੇ ਸ਼ੁਰੂਆਤੀ ਦਹਾਕੇ ਦੇ ਇਕ ਫੈਸਲੇ ਕਾਰਨ ਕਾਰਵਾਈ ਕਰਨ ਵਿੱਚ ਅਸਮਰੱਥ ਹੈ, ਜਿਸ ਕਰ ਕੇ ਐੱਫਆਈਆਰ ਦਰਜ ਨਹੀਂ ਕੀਤੀ ਜਾ ਸਕੀ।’’ -ਪੀਟੀਆਈ