Honeymoon murder: ਮੇਘਾਲਿਆ ਦੀ ਅਦਾਲਤ ਵੱਲੋਂ ਸੋਨਮ ਤੇ ਸਾਥੀਆਂ ਦਾ 8-ਰੋਜ਼ਾ ਪੁਲੀਸ ਰਿਮਾਂਡ
ਸ਼ਿਲਾਂਗ, 11 ਜੂਨ
ਸ਼ਿਲਾਂਗ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ ਮੇਘਾਲਿਆ ਵਿੱਚ ਆਪਣੇ ਪਤੀ ਰਾਜਾ ਰਘੂਵੰਸ਼ੀ ਨੂੰ ਹਨੀਮੂਨ ਦੌਰਾਨ ਕਤਲ ਕਰਨ ਦੀ ਮੁਲਜ਼ਮ ਸੋਨਮ ਰਘੂਵੰਸ਼ੀ ਅਤੇ ਉਸਦੇ ਚਾਰ ਸਹਿਯੋਗੀਆਂ ਨੂੰ ਅੱਠ ਦਿਨਾਂ ਦੇ ਪੁਲੀਸ ਰਿਮਾਂਡ ਵਿੱਚ ਭੇਜ ਦਿੱਤਾ ਹੈ। ਇਹ ਜਾਣਕਾਰੀ ਇੱਕ ਪੁਲੀਸ ਅਧਿਕਾਰੀ ਨੇ ਦਿੱਤੀ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੋਨਮ ਨੂੰ ਮੰਗਲਵਾਰ ਅੱਧੀ ਰਾਤ ਨੂੰ ਇੱਥੇ ਲਿਆਂਦਾ ਗਿਆ ਸੀ, ਜਦੋਂ ਕਿ ਦੂਜਾ ਮੁਲਜ਼ਮ ਬੁੱਧਵਾਰ ਨੂੰ ਟਰਾਂਜ਼ਿਟ ਰਿਮਾਂਡ 'ਤੇ ਪਹੁੰਚਿਆ ਸੀ।
ਪੂਰਬੀ ਖਾਸੀ ਹਿਲਜ਼ ਜ਼ਿਲ੍ਹੇ ਦੇ ਐਸਪੀ ਵਿਵੇਕ ਸਯੀਮ ਨੇ ਪੀਟੀਆਈ ਨੂੰ ਦੱਸਿਆ, "ਪੁਲੀਸ ਨੇ ਸਾਰੇ ਮੁਲਜ਼ਮਾਂ ਦਾ 10 ਦਿਨਾਂ ਦਾ ਰਿਮਾਂਡ ਮੰਗਿਆ ਸੀ। ਅਦਾਲਤ ਨੇ ਉਨ੍ਹਾਂ ਦੀ 8 ਦਿਨਾਂ ਦੀ ਪੁਲੀਸ ਹਿਰਾਸਤ ਦਿੱਤੀ।’’
ਇਸ 24 ਸਾਲਾ ਔਰਤ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਉਸਦੇ ਸਾਥੀਆਂ ਨੂੰ ਰਾਜਾ ਰਘੂਵੰਸ਼ੀ ਦੇ ਕਤਲ ਦੀ ਸਾਜ਼ਿਸ਼ ਰਚਣ ਅਤੇ ਹੱਤਿਆ ਵਿੱਚ ਕਥਿਤ ਭੂਮਿਕਾ ਲਈ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਅਧਿਕਾਰੀ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ (SIT) ਨੇ ਸੋਹਰਾ ਵਿੱਚ ਅਪਰਾਧ ਦ੍ਰਿਸ਼ ਨੂੰ ਮੁੜ-ਸਿਰਜਣ ਲਈ ਮੁਲਜ਼ਮਾਂ ਦੀ ਪੁਲੀਸ ਹਿਰਾਸਤ ਦੀ ਮੰਗ ਕੀਤੀ ਸੀ। ਉਨ੍ਹਾਂ ਹੋਰ ਕਿਹਾ ਕਿ ਐਸਆਈਟੀ ਨੇ ਇੰਦੌਰ ਤੋਂ ਮੁਲਜ਼ਮਾਂ ਲਈ ਛੇ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ ਅਤੇ ਗਾਜ਼ੀਪੁਰ ਤੋਂ ਗ੍ਰਿਫ਼ਤਾਰ ਕੀਤੇ ਗਏ ਇੱਕ ਮੁਲਜ਼ਮ ਦਾ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ।
ਰਘੂਵੰਸ਼ੀ ਅਤੇ ਉਸਦੀ ਪਤਨੀ 23 ਮਈ ਨੂੰ ਮੇਘਾਲਿਆ ਦੇ ਸੋਹਰਾ ਖੇਤਰ ਵਿੱਚ ਛੁੱਟੀਆਂ ਮਨਾਉਂਦੇ ਸਮੇਂ ਲਾਪਤਾ ਹੋ ਗਏ ਸਨ। ਬਾਅਦ ਵਿਚ 2 ਜੂਨ ਨੂੰ ਰਾਜਾ ਦੀ ਲਾਸ਼ ਇੱਕ ਖੱਡ ਵਿੱਚੋਂ ਮਿਲੀ ਸੀ। ਪੀਟੀਆਈ