ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 28 ਜੂਨ
E-Voting: ਬਿਹਾਰ ਨੇ ਡਿਜੀਟਲ ਲੋਕਤੰਤਰ ਵੱਲ ਇੱਕ ਇਤਿਹਾਸਕ ਕਦਮ ਚੁੱਕਿਆ ਹੈ। ਸ਼ਨਿੱਚਰਵਾਰ ਨੂੰ ਹੋ ਰਹੀਆਂ ਨਿਗਮ ਚੋਣਾਂ ਦੌਰਾਨ, ਸੂਬੇ ਵਿੱਚ ਪਹਿਲੀ ਵਾਰ ਮੋਬਾਈਲ ਐਪ ਰਾਹੀਂ ਈ-ਵੋਟਿੰਗ ਕੀਤੀ ਗਈ। ਇਸ ਤਕਨੀਕੀ ਪਹਿਲਕਦਮੀ ਨਾਲ ਬਿਹਾਰ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ ਜਿੱਥੇ ਵੋਟਰ ਘਰ ਬੈਠੇ ਆਪਣੇ ਮੋਬਾਈਲ ਫੋਨ ਤੋਂ ਵੋਟ ਪਾ ਸਕਦੇ ਹਨ।
ਨਗਰ ਨਿਗਮ ਚੋਣਾਂ ਲਈ ਵੋਟਿੰਗ ਸ਼ਨਿੱਚਰਵਾਰ ਸਵੇਰੇ 7 ਵਜੇ ਸ਼ੁਰੂ ਹੋਈ। ਰਵਾਇਤੀ ਤੌਰ ’ਤੇ ਸਾਰੇ 489 ਪੋਲਿੰਗ ਸਟੇਸ਼ਨਾਂ ’ਤੇ ਈਵੀਐਮ ਰਾਹੀਂ ਵੋਟਿੰਗ ਦਾ ਅਮਲ ਨਾਲੋ ਨਾਲ ਜਾਰੀ ਰਿਹਾ। ਬਜ਼ੁਰਗਾਂ, ਦਿਵਿਆਂਗਾਂ, ਗੰਭੀਰ ਬਿਮਾਰ, ਗਰਭਵਤੀ ਔਰਤਾਂ ਅਤੇ ਪਰਵਾਸੀ ਮਜ਼ਦੂਰਾਂ ਨੂੰ ਮੋਬਾਈਲ ਐਪ ਰਾਹੀਂ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ ਸੀ।
ਮੋਬਾਈਲ ਐਪ ਨਾਲ ਈ-ਵੋਟਿੰਗ ਬਾਅਦ ਦੁਪਹਿਰ 1 ਵਜੇ ਤੱਕ ਹੀ ਕੀਤੀ ਜਾ ਸਕਦੀ ਸੀ। ਇਸ ਸਹੂਲਤ ਦਾ ਲਾਭ ਲੈਣ ਲਈ ਵੋਟਰਾਂ ਨੂੰ ਚੋਣ ਕਮਿਸ਼ਨ ਵੱਲੋਂ ਵਿਕਸਤ SECBHR ਜਾਂ SECBIHAR ਐਪ ਡਾਊਨਲੋਡ ਕਰਨੀ ਜ਼ਰੂਰੀ ਸੀ, ਜੋ ਸਿਰਫ ਰਜਿਸਟਰਡ ਮੋਬਾਈਲ ਨੰਬਰਾਂ ’ਤੇ ਹੀ ਕੰਮ ਕਰਦੀ ਹੈ। ਇਸ ਚੋਣ ਵਿੱਚ ਕੁੱਲ 538 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਦੀ ਕਿਸਮਤ ਅੱਜ ਦੇ ਵੋਟਰਾਂ ਵੱਲੋਂ ਤੈਅ ਕੀਤੀ ਜਾਵੇਗੀ। ਪਟਨਾ, ਰੋਹਤਾਸ ਅਤੇ ਪੂਰਬੀ ਚੰਪਾਰਨ ਸਮੇਤ ਛੇ ਨਗਰ ਕੌਂਸਲਾਂ ਵਿੱਚ ਈ-ਵੋਟਿੰਗ ਸ਼ੁਰੂ ਕੀਤੀ ਗਈ ਹੈ।
ਸੂਬਾਈ ਚੋਣ ਕਮਿਸ਼ਨਰ ਦੀਪਕ ਪ੍ਰਸਾਦ ਨੇ ਕਿਹਾ ਕਿ ਇਹ ਪ੍ਰਣਾਲੀ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪਾਰਦਰਸ਼ੀ ਹੈ। ਵੋਟਰਾਂ ਨੂੰ ਮੋਬਾਈਲ ’ਤੇ OTP ਅਧਾਰਤ ਲੌਗਇਨ ਰਾਹੀਂ ਵੋਟ ਪਾਉਣ ਦੀ ਆਗਿਆ ਹੈ। ਉਨ੍ਹਾਂ ਕਿਹਾ ਕਿ ਇਹ ਤਜਰਬਾ ਭਾਰਤ ਵਿੱਚ ਡਿਜੀਟਲ ਅਤੇ ਸਮਾਵੇਸ਼ੀ ਲੋਕਤੰਤਰ ਵੱਲ ਇੱਕ ਵੱਡਾ ਕਦਮ ਹੈ।