ਵਿਭਿੰਨਤਾ ਨੂੰ ਸਵੀਕਾਰਨ ਦੀ ਸਿੱਖਿਆ ਦਿੰਦੈ ਹਿੰਦੂ ਧਰਮ: ਭਾਗਵਤ
ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਮੌਜੂਦਾ ਟਕਰਾਅ ਵਾਲੇ ਦੌਰ ’ਚ ਸੰਸਾਰ ਨੂੰ ਹਿੰਦੂ ਧਰਮ ਦੀ ਲੋੜ ਹੈ ਕਿਉਂਕਿ ਇਹ ਸਰਬਵਿਆਪਕ ਧਰਮ ਹੈ ਜੋ ਵਿਭਿੰਨਤਾ ਨੂੰ ਸਵੀਕਾਰ ਕਰਨ ਦੀ ਸਿੱਖਿਆ ਦਿੰਦਾ ਹੈ। ਉਨ੍ਹਾਂ ਕਿਹਾ ਕਿ ਹਿੰਦੂ ਧਰਮ ਇਹ ਵੀ ਸਿਖਾਉਂਦਾ ਹੈ ਕਿ ਵੱਖ-ਵੱਖ ਧਰਮਾਂ ਦੇ ਰਸਤੇ ਇੱਕੋ ਮੰਜ਼ਿਲ ਤੱਕ ਲਿਜਾਂਦੇ ਹਨ, ਇਸ ਲਈ ਕਿਸੇ ਨੂੰ ਵੀ ਦੂਜਿਆਂ ਦੇ ਤੌਰ-ਤਰੀਕੇ ਜਬਰੀ ਬਦਲਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਭਾਗਵਤ ਨੇ ਇੱਥੇ ਧਰਮ ਜਾਗਰਣ ਨਿਆਸ ਦੇ ਨਵੇਂ ਭਵਨ ਦਾ ਉਦਘਾਟਨ ਕਰਨ ਮੌਕੇ ਕਿਹਾ, ‘‘ਅੱਜ ਪੂਰੇ ਵਿਸ਼ਵ ਨੂੰ ਇਸ ਧਰਮ ਦੀ ਲੋੜ ਹੈ। ਵਿਸ਼ਵ ਆਪਣੀਆਂ ਵਿਭਿੰਨਤਾਵਾਂ ਨੂੰ ਸਵੀਕਾਰ ਕਰਦਿਆਂ ਜਿਊਣਾ ਨਹੀਂ ਜਾਣਦਾ, ਇਸ ਲਈ ਏਨੇ ਟਕਰਾਅ ਹੋ ਰਹੇ ਹਨ।’’ ਉਨ੍ਹਾਂ ਕਿਹਾ ਕਿ ਭਾਰਤੀਆਂ ਲਈ ‘ਧਰਮ’ ਇੱਕ ਅੰਤਿਮ ਸੱਚ ਹੈ। ਉਨ੍ਹਾਂ ਕਿਹਾ, ‘‘ਇਹ ਧਰਮ ਏਕਤਾ ਅਤੇ ਸਾਰੀਆਂ ਵਿਭਿੰਨਤਾਵਾਂ ਨੂੰ ਸਵੀਕਾਰ ਕਰਨ ਦੀ ਸਿੱਖਿਆ ਦਿੰਦਾ ਹੈ। ਅਸੀਂ ਸਾਰੀਆਂ ਵਿਭਿੰਨਤਾਵਾਂ ਨੂੰ ਸਵੀਕਾਰ ਕਰਦੇ ਹਾਂ। ਅਸੀਂ ਇਸ ਕਰ ਕੇ ਵੱਖ ਨਹੀਂ ਹਾਂ ਕਿਉਂਕਿ ਅਸੀਂ ਵਿਭਿੰਨ ਹਾਂ, ਇਹ ਧਰਮ ਏਹੀ ਸਾਨੂੰ ਸਿਖਾਉਂਦਾ ਹੈ।’’ ਆਰਐੱਸਐੱਸ ਮੁਖੀ ਨੇ ਨੇ ਕਿਹਾ ਕਿ ਇਹ ਇੱਕ ਸਰਬਵਿਆਪਕ ਧਰਮ ਹੈ, ਪਰ ਕਿਉਂਕਿ ਹਿੰਦੂਆਂ ਨੇ ਇਸ ਨੂੰ ਸਭ ਤੋਂ ਪਹਿਲਾਂ ਖੋਜਿਆ ਸੀ, ਇਸ ਲਈ ਇਸ ਨੂੰ ਹਿੰਦੂ ਧਰਮ ਕਿਹਾ ਜਾਣ ਲੱਗਿਆ। ਭਾਗਵਤ ਨੇ ਕਿਹਾ ਕਿ ਧਰਮ ਦਾ ਫ਼ਰਜ਼ ਸਿਰਫ਼ ਈਸ਼ਵਰ ਪ੍ਰਤੀ ਹੀ ਨਹੀਂ, ਸਗੋਂ ਸਮਾਜ ਪ੍ਰਤੀ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਇਤਿਹਾਸ ਦੱਸਦਾ ਹੈ ਕਿ ਧਰਮ ਲਈ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ, ‘‘ਧਰਮ ਲਈ ਬਹੁਤ ਸਾਰੇ ਸਿਰ ਕੱਟੇ ਗਏ, ਪਰ ਕਿਸੇ ਨੇ ਵੀ ਧਰਮ ਨਹੀਂ ਛੱਡਿਆ।’’