DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਿੰਡਨਬਰਗ: ਪੰਜਾਬ ਕਾਂਗਰਸ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਸੇਬੀ ਮੁਖੀ ਨੂੰ ਹਟਾਉਣ ਤੇ ਅਡਾਨੀ ਘੁਟਾਲੇ ਦੀ ਜਾਂਚ ਲਈ ਜੇਪੀਸੀ ਬਣਾਉਣ ਦੀ ਕੀਤੀ ਮੰਗ
  • fb
  • twitter
  • whatsapp
  • whatsapp
featured-img featured-img
ਪੰਜਾਬ ਕਾਂਗਰਸ ਦੇ ਆਗੂ ਚੰਡੀਗੜ੍ਹ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ।
Advertisement

* ਰਾਜ ਭਵਨ ਵੱਲ ਮਾਰਚ ਕਰਦੇ ਪਾਰਟੀ ਵਰਕਰਾਂ ਨਾਲ ਖਿੱਚ-ਧੂਹ

* ਪੁਲੀਸ ਨੇ ਪ੍ਰਧਾਨ ਵੜਿੰਗ ਸਣੇ ਕਈ ਪਾਰਟੀ ਵਰਕਰ ਹਿਰਾਸਤ ’ਚ ਲਏ

Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 22 ਅਗਸਤ

ਅਮਰੀਕੀ ਸ਼ਾਰਟ ਸੈੱਲਰ ਹਿੰਡਨਬਰਗ ਦੀ ਰਿਪੋਰਟ ਦੇ ਹਵਾਲੇ ਨਾਲ ‘ਸੇਬੀ’ ਮੁਖੀ ਮਾਧਵੀ ਪੁਰੀ ਬੁੱਚ ਦੇ ਅਸਤੀਫ਼ੇ ਤੇੇ ‘ਅਡਾਨੀ ਘੁਟਾਲੇ’ ਦੀ ‘ਜੇਪੀਸੀ’ ਜਾਂਚ ਦੀ ਮੰਗ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਅੱਜ ਇਥੇ ਸੈਕਟਰ-15 ਵਿਚ ਪੰਜਾਬ ਕਾਂਗਰਸ ਭਵਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸੀਆਂ ਨੇ ਪ੍ਰਦਰਸ਼ਨ ਕਰਦਿਆਂ ਪੰਜਾਬ ਰਾਜ ਭਵਨ ਵੱਲ ਪੈਦਲ ਮਾਰਚ ਦੀ ਕੋਸ਼ਿਸ਼ ਕੀਤੀ ਤਾਂ ਚੰਡੀਗੜ੍ਹ ਪੁਲੀਸ ਨੇ ਕੁਝ ਦੂਰੀ ’ਤੇ ਹੀ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਦੋਵਾਂ ਧਿਰਾਂ ’ਚ ਖਿੱਚ-ਧੂਹ ਹੋਈ ਤੇ ਪੁਲੀਸ ਨੇ ਰਾਜਾ ਵੜਿੰਗ ਸਣੇ ਸੈਂਕੜੇ ਕਾਂਗਰਸੀ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਹਾਲਾਂਕਿ ਇਨ੍ਹਾਂ ਨੂੰ ਸ਼ਾਮ ਸਮੇਂ ਛੱਡ ਦਿੱਤਾ ਗਿਆ। ਖਿੱਚ-ਧੂਹ ਦੌਰਾਨ ਕੁਝ ਕਾਂਗਰਸੀ ਆਗੂਆਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਹਨ।ਰਾਜਾ ਵੜਿੰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿੱਚ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਅਸੰਵੇਦਨਸ਼ੀਲ ਦਿਖਾਈ ਦੇ ਰਹੇ ਹਨ। ਕੇਂਦਰ ਸਰਕਾਰ ਵੱਲੋਂ ਹਿੰਡਨਬਰਗ ਦੀ ਰਿਪੋਰਟ ਵਿੱਚ ‘ਸੇਬੀ’ ਚੇਅਰਪਰਸਨ ਵੱਲੋਂ ਅਡਾਨੀ ਸਮੂਹ ਨੂੰ ਆਰਥਿਕ ਲਾਭ ਪਹੁੰਚਾਉਣ ਬਾਰੇ ਵੱਡਾ ਘੁਟਾਲਾ ਜਨਤਕ ਹੋਣ ਦੇ ਬਾਵਜੂਦ ਜੇਪੀਸੀ ਜਾਂਚ ਤੋਂ ਹੱਥ ਪਿੱਛੇ ਖਿੱਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਚੋਣਾਂ ਵਿੱਚ ਵੱਡੀ ਅਸਫਲਤਾ ਤੋਂ ਬਾਅਦ ਸ਼ੇਅਰ ਮਾਰਕੀਟ ਦੇ ਨਿਵੇਸ਼ਕਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਚੋਣਾਂ ਦੇ ਐਗਜ਼ਿਟ ਪੋਲ ਸਾਹਮਣੇ ਆਉਣ ਦੇ ਬਾਵਜੂਦ ਲੋਕਾਂ ਨੂੰ ਝੂਠ ਬੋਲ ਕੇ ਗੁਮਰਾਹ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਿੰਡਨਬਰਗ ਰਿਸਰਚ ਨੇ ਮੌਰੀਸ਼ਸ ਵਿੱਚ ਵਿਨੋਦ ਅਡਾਨੀ ਦੀ ਮਲਕੀਅਤ ਵਾਲੀਆਂ 38 ਅਜਿਹੀਆਂ ਕੰਪਨੀਆਂ ਨੂੰ ਜਨਤਕ ਕੀਤਾ ਹੈ, ਜੋ ਕਿ ਯੂਏਈ, ਸਿੰਗਾਪੁਰ ਅਤੇ ਸਾਈਪ੍ਰਸ ਵਿੱਚ ਹੋਰਨਾਂ ਦੇ ਨਾਲ ਹਨ। ਇਨ੍ਹਾਂ ਕੰਪਨੀਆਂ ਦੀ ਵਰਤੋਂ ਭਾਰਤੀ ਬਾਜ਼ਾਰ ਵਿੱਚ ਵਿਕਾਸ ਦਰ ਨੂੰ ਗ਼ਲਤ ਢੰਗ ਨਾਲ ਪ੍ਰਾਜੈਕਟ ਕਰਨ ਅਤੇ ਦੇਸ਼ ਦੇ ਲੋਕਾਂ ਤੋਂ ਨਿਵੇਸ਼ ਆਕਰਸ਼ਿਤ ਕਰਕੇ ਸ਼ੇਅਰ ਬਾਜ਼ਾਰ ’ਚ ਹੇਰਾਫੇਰੀ ਕਰਨ ਲਈ ਕੀਤੀ ਜਾਂਦੀ ਹੈ। ਇਸ ਮੌਕੇ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਰਾਣਾ ਗੁਰਜੀਤ, ਮੁਹੰਮਦ ਸਦੀਕ, ਸੁਖਪਾਲ ਸਿੰਘ ਖਹਿਰਾ, ਹਰਦੇਵ ਸਿੰਘ ਲਾਡੀ, ਜਸਬੀਰ ਸਿੰਘ ਗਿੱਲ, ਸਿਮਰਜੀਤ ਸਿੰਘ ਬੈਂਸ, ਹਰਮਿੰਦਰ ਸਿੰਘ ਗਿੱਲ, ਬਲਬੀਰ ਸਿੰਘ ਸਿੱਧੂ, ਕੁਲਜੀਤ ਸਿੰਘ ਨਾਗਰਾ, ਗੁਰਕੀਰਤ ਸਿੰਘ ਕੋਟਲੀ, ਰਾਣਾ ਕੇਪੀ, ਹਰਪ੍ਰਤਾਪ ਸਿੰਘ ਅਜਨਾਲਾ, ਲਖਵੀਰ ਸਿੰਘ ਲੱਖਾ, ਕੁਲਦੀਪ ਸਿੰਘ ਵੈਦ, ਗੁਰਸ਼ਰਨ ਕੌਰ ਰੰਧਾਵਾ, ਮੋਹਿਤ ਮਹਿੰਦਰਾ ਅਤੇ ਈਸ਼ਰਪ੍ਰੀਤ ਸਿੰਘ ਸਿੱਧੂ ਆਦਿ ਹਾਜ਼ਰ ਸਨ।

ਦਿੱਲੀ, ਅਸਾਮ ਅਤੇ ਯੂਪੀ ਸਣੇ ਕਈ ਸੂਬਿਆਂ ’ਚ ਰੋਸ ਮੁਜ਼ਾਹਰੇ

ਮੁੰਬਈ ’ਚ ਹਿੰਡਨਬਰਗ ਮਾਮਲੇ ’ਚ ਰੋਸ ਮੁਜ਼ਾਹਰਾ ਕਰਦੇ ਕਾਂਗਰਸ ਵਰਕਰਾਂ ਨੂੰ ਹਿਰਾਸਤ ’ਚ ਲੈਂਦੀ ਹੋਈ ਪੁਲੀਸ। -ਫੋਟੋ: ਪੀਟੀਆਈ

ਨਵੀਂ ਦਿੱਲੀ/ ਹੈਦਰਾਬਾਦ/ਗੁਹਾਟੀ /ਅਹਿਮਦਾਬਾਦ/ਲਖਨਊ: ਅਮਰੀਕੀ ਸ਼ਾਰਟ ਸੈੱਲਰ ਹਿੰਡਨਬਰਗ ਦੀ ਰਿਪੋਰਟ ਦੇ ਹਵਾਲੇ ਨਾਲ ਸੇਬੀ ਮੁਖੀ ਮਾਧਵੀ ਪੁਰੀ ਬੁੱਚ ਦੇ ਅਸਤੀਫ਼ੇ ਅਤੇ ਅਡਾਨੀ ਮਸਲੇ ਦੀ ਜਾਂਚ ਬਾਰੇ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਕਾਇਮ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਕਾਂਗਰਸ ਵੱਲੋਂ ਅੱਜ ਦਿੱਲੀ, ਪੰਜਾਬ, ਗੁਜਰਾਤ, ਤਿਲੰਗਾਨਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਨੀਪਰ, ਮਹਾਰਾਸ਼ਟਰ, ਤੇ ਅਸਾਮ ਵਿਚ ਰੋਸ ਮੁਜ਼ਾਹਰੇ ਕੀਤੇ ਗਏ। ਦਿੱਲੀ ਦੇ ਜੰਤਰ-ਮੰਤਰ ਉੱਤੇ ਕੀਤੇ ਮੁਜ਼ਾਹਰੇ ਵਿਚ ਦਿੱਲੀ ਕਾਂਗਰਸ ਦੇ ਪ੍ਰਧਾਨ ਦੇਵੇਂਦਰ ਯਾਦਵ, ਸੀਨੀਅਰ ਆਗੂ ਸਚਿਨ ਪਾਇਲਟ, ਕਨ੍ਹੱਈਆ ਕੁਮਾਰ ਤੇ ਉਦਿਤ ਰਾਜ ਸਣੇ ਹੋਰ ਆਗੂ ਸ਼ਾਮਲ ਹੋਏ। ਪਾਇਲਟ ਨੇ ਕਿਹਾ ਕਿ ਪਾਰਟੀ ਨੇ ਇਸ ਪੂਰੇ ਮਾਮਲੇ ਦੀ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, ‘‘ਜੇ ਤੁਸੀਂ ਕੁਝ ਵੀ ਗ਼ਲਤ ਨਹੀਂ ਕੀਤਾ, ਤਾਂ ਫਿਰ ਤੁਸੀਂ ਜੇਪੀਸੀ ਕਿਉਂ ਨਹੀਂ ਬਣਾ ਰਹੇ? ਪੂਰੇ ਦੇਸ਼ ਨੂੰ ਇਹ ਗੱਲ ਸੁਣਨੀ ਤੇ ਸਮਝਣੀ ਚਾਹੀਦੀ ਹੈ ਕਿ ਕਾਂਗਰਸ ਜੇਪੀਸੀ ਜ਼ਰੀਏ ਸਿਰਫ਼ ਨਿਰਪੱਖ ਤੇ ਪਾਰਦਰਸ਼ੀ ਜਾਂਚ ਚਾਹੁੰਦੀ ਹੈ। ਹੈਦਰਾਬਾਦ ਵਿਚ ਕੀਤੇ ਰੋਸ ਮੁਜ਼ਾਹਰੇ ਵਿਚ ਤਿਲੰਗਾਨਾ ਦੇ ਮੁੱਖ ਮੰਤਰੀ ਤੇ ਸੂਬਾਈ ਕਾਂਗਰਸ ਪ੍ਰਧਾਨ ਏ.ਰੇਵੰਤ ਰੈੱਡੀ, ਕੈਬਨਿਟ ਮੰਤਰੀ ਤੇ ਪਾਰਟੀ ਦੇ ਵਿਧਾਇਕ ਸ਼ਾਮਲ ਹੋਏ। ਇਸ ਮੌਕੇ ਸੀਨੀਅਰ ਆਗੂ ਤੇ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਵੀ ਮੌਜੂਦ ਸਨ। ਕਾਂਗਰਸੀ ਵਰਕਰਾਂ ਨੇ ਗੁਨ ਪਾਰਕ ਤੋਂ ਈਡੀ ਦਫ਼ਤਰ ਤੱਕ ਰੈਲੀ ਕੱਢੀ ਤੇ ਮਗਰੋਂ ਈਡੀ ਦਫ਼ਤਰ ਅੱਗੇ ਧਰਨਾ ਦਿੱਤਾ। ਗੁਹਾਟੀ ਵਿਚ ਅਸਾਮ ਪ੍ਰਦੇਸ਼ ਕਾਂਗਰਸ ਕਮੇਟੀ ਨੇ ਈਡੀ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਸੇਬੀ ਮੁਖੀ ਮਾਧਵੀ ਬੁੱਚ ਦੇ ਅਸਤੀਫੇ ਤੇ ਜੇਪੀਸੀ ਜਾਂਚ ਦੀ ਮੰਗ ਕੀਤੀ। ਮਾਰਚ ਦੀ ਅਗਵਾਈ ਸੂਬਾਈ ਕਾਂਗਰਸ ਪ੍ਰਧਾਨ ਭੁਪੇਨ ਬੋਰ੍ਹਾ ਨੇ ਕੀਤੀ। ਅਹਿਮਦਾਬਾਦ ਵਿਚ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਤੇ ਪਾਰਟੀ ਤਰਜਮਾਨ ਅਲਕਾ ਲਾਂਬਾ ਨੇ ਮਾਧਵੀ ਬੁੱਚ ’ਤੇ ਸੇਬੀ ਪਾਲਿਸੀ ਦੀ ਉਲੰਘਣਾ ਦੇ ਦੋਸ਼ ਲਾਏ। -ਪੀਟੀਆਈ

Advertisement
×