Himachal Pradesh: ਹਿੰਸਾ ਤੋਂ ਬਾਅਦ ਪਾਉਂਟਾ ਸਾਹਿਬ ਇਲਾਕੇ ’ਚ ਮਨਾਹੀ ਦੇ ਹੁਕਮ ਆਇਦ
ਹਿੰਦੂ-ਮੁਸਲਿਮ ਜੋੜੇ ਦੇ ਭੱਜਣ ਕਾਰਨ ਦੋ ਸਮੂਹਾਂ ’ਚ ਹੋਈ ਲੜਾਈ
ਨਾਹਨ, 14 ਜੂਨ
ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲੇ ਦੇ ਪਾਉਂਟਾ ਸਾਹਿਬ ਇਲਾਕੇ ਦੇ ਚਾਰ ਪਿੰਡਾਂ ’ਚ ਪ੍ਰਸ਼ਾਸਨ ਵੱਲੋਂ ਇਕ ਦਿਨ ਪਹਿਲਾਂ ਹਿੰਦੂ-ਮੁਸਲਿਮ ਜੋੜੇ ਦੇ ਕਥਿਤ ਤੌਰ ’ਤੇ ਭੱਜ ਜਾਣ ਕਾਰਨ ਦੋ ਸਮੂਹਾਂ ਵਿਚਕਾਰ ਹੋਈ ਲੜਾਈ ਤੋਂ ਬਾਅਦ ਫਿਰਕੂ ਹਿੰਸਾ ਭੜਕਣ ਦੇ ਖਦਸ਼ੇ ਕਾਰਨ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਹਨ।
ਪਾਉਂਟਾ ਸਾਹਿਬ ਸ਼ਹਿਰ ਵਿੱਚ ਸਥਾਨਕ ਹਿੰਦੂ ਸੰਗਠਨਾਂ ਵੱਲੋਂ ਚਾਰ ਦਿਨਾਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ‘ਲਵ ਜਿਹਾਦ’ ਦਾ ਮਾਮਲਾ ਹੈ। ਸ਼ੁੱਕਰਵਾਰ ਨੂੰ ਹੋਈ ਹਿੰਸਾ ’ਚ ਹੋਈ ਪੱਥਰਬਾਜ਼ੀ ਕਾਰਨ ਪੁਲੀਸ ਮੁਲਾਜ਼ਮਾਂ ਸਮੇਤ 10 ਦੇ ਕਰੀਬ ਲੋਕ ਜ਼ਖਮੀ ਹੋਏ ਹਨ।
ਸਿਰਮੌਰ ਦੀ ਜ਼ਿਲਾ ਮੈਜਿਸਟ੍ਰੇਟ ਪ੍ਰਿਯੰਕਾ ਵਰਮਾ ਨੇ ਇਲਾਕੇ ’ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪਾਉਂਟਾ ਸਾਹਿਬ ਇਲਾਕੇ ਦੇ ਚਾਰ ਪਿੰਡਾਂ-ਕੀਰਤਪੁਰ, ਮਾਲੀਅਨ, ਫਤਿਹਪੁਰ ਤੇ ਮਿਸਰਵਾਲਾ ’ਚ 19 ਜੂਨ ਤੱਕ ਮਨਾਹੀ ਦੇ ਹੁਕਮ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਡੀਐਮ ਨੇ ਦੱਸਿਆ ਕਿ ਉਨ੍ਹਾਂ ਨੂੰ ਰਿਪੋਰਟ ਮਿਲੀ ਸੀ ਕਿ ਕੀਰਤਪੁਰ ਖੇਤਰ ’ਚ ਭੜਕੇ ਹੋਏ ਲੋਕਾਂ ਦੇ ਇਕੱਠੇ ਹੋਣ ਕਰ ਕੇ ਕਾਨੂੰਨ ਦੀ ਵਿਵਸਥਾ ਵਿਗੜ ਸਕਦੀ ਹੈ ਜਿਸ ਕਰ ਕੇ ਫਿਰਕੂ ਹਿੰਸਾ ਭੜਕ ਸਕਦੀ ਹੈ ਅਤੇ ਅਮਨ-ਸ਼ਾਂਤੀ ਭੰਗ ਹੋ ਸਕਦੀ ਹੈ।
ਮਨਾਹੀ ਦੇ ਹੁਕਮਾਂ ਦੇ ਅਨੁਸਾਰ, ਪੰਜ ਜਾਂ ਇਸ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ, ਖ਼ਤਰਨਾਕ ਹਥਿਆਰ ਲਿਜਾਣ, ਜਨਤਕ ਰੈਲੀ, ਜਲੂਸ ਜਾਂ ਭੁੱਖ ਹੜਤਾਲ ਕਰਨ, ਜਲਣਸ਼ੀਲ ਸਮੱਗਰੀ ਲਿਜਾਣ, ਪੱਥਰਬਾਜ਼ੀ ਕਰਨ ਜਾਂ ਇਤਰਾਜ਼ਯੋਗ ਸਮੱਗਰੀ ਲਿਜਾਣ, ਭੜਕਾਊ ਭਾਸ਼ਣ ਦੇਣ ’ਤੇ ਪੂਰੀ ਤਰਾਂ ਮਨਾਹੀ ਰਹੇਗੀ। -ਪੀਟੀਆਈ