ਹਿਮਾਚਲ ਪ੍ਰਦੇਸ਼ ਵਿੱਚ ਸਕੂਲ ਸਮੇਂ ਦੌਰਾਨ ਮੋਬਾਈਲ ਫੋਨ ’ਤੇ ਪੂਰੀ ਤਰ੍ਹਾਂ ਪਾਬੰਦੀ
ਹਿਮਾਚਲ ਪ੍ਰਦੇਸ਼ ਵਿੱਚ ਸਕੂਲੀ ਸਮੇਂ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਮੋਬਾਈਲ ਫੋਨ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।
ਸਕੂਲ ਸਿੱਖਿਆ ਦੇ ਡਾਇਰੈਕਟਰ ਅਸ਼ੀਸ਼ ਕੋਹਲੀ ਨੇ ਸਾਰੇ ਡਿਪਟੀ ਡਾਇਰੈਕਟਰਾਂ ਨੂੰ ਆਪਣੇ ਅਧਿਕਾਰ ਖੇਤਰ ਵਾਲੇ ਸਕੂਲਾਂ ਵਿੱਚ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਹੁਕਮਾਂ ਅਨੁਸਾਰ, ਵਿਦਿਆਰਥੀਆਂ ਨੂੰ ਸਕੂਲ ਵਿੱਚ ਮੋਬਾਈਲ ਫੋਨ ਲਿਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਅਧਿਆਪਕਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਕਲਾਸਰੂਮਾਂ ਵਿੱਚ ਪੜ੍ਹਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ।
ਹੁਕਮ ਵਿੱਚ ਲਿਖਿਆ ਗਿਆ, “ ਅਧਿਆਪਕਾਂ ਨੂੰ ਆਪਣੇ ਫ਼ੋਨ ਸਟਾਫ਼ ਰੂਮ ਵਿੱਚ ਜਾਂ ਸੀਸੀਟੀਵੀ ਨਿਗਰਾਨੀ ਹੇਠ ਨਿਰਧਾਰਤ ਸੁਰੱਖਿਅਤ ਥਾਵਾਂ ’ਤੇ ਰੱਖਣੇ ਚਾਹੀਦੇ ਹਨ। ਸਕੂਲਾਂ ਨੂੰ ਲੈਂਡਲਾਈਨ ਟੈਲੀਫੋਨ ਦੀ ਸਹੂਲਤ ਉਪਲਬਧ ਕਰਵਾਉਣ ਅਤੇ ਮਾਪਿਆਂ ਅਤੇ ਸਰਪ੍ਰਸਤਾਂ ਨਾਲ ਨੰਬਰ ਸਾਂਝਾ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਉਹ ਐਮਰਜੈਂਸੀ ਦੀ ਸਥਿਤੀ ਵਿੱਚ ਆਪਣੇ ਬੱਚਿਆਂ ਨਾਲ ਸੰਪਰਕ ਕਰ ਸਕਣ।”
ਆਸ਼ੀਸ਼ ਕੋਹਲੀ ਨੇ ਆਦੇਸ਼ ਵਿੱਚ ਕਿਹਾ,“ ਸਕੂਲਾਂ ਵਿੱਚ ਅਰਥਪੂਰਨ ਅਧਿਆਪਕ-ਵਿਦਿਆਰਥੀ ਆਪਸੀ ਤਾਲਮੇਲ ਅਤੇ ਬਿਹਤਰ ਅਕਾਦਮਿਕ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਮੋਬਾਈਲ ਫੋਨਾਂ ਦੀ ਵਰਤੋਂ ’ਤੇ ਪਾਬੰਦੀ ਲਗਾਈ ਗਈ ਹੈ। ਮੋਬਾਈਲ ਫੋਨ ਵਿਦਿਆਰਥੀਆਂ ਵਿੱਚ ਧਿਆਨ ਭਟਕਾਉਣ ਦਾ ਇੱਕ ਵੱਡਾ ਕਾਰਨ ਹਨ। ਇਨ੍ਹਾਂ ਗੈਜੇਟਸ ਦੀ ਵਰਤੋਂ ਲਗਾਤਾਰ ਸਿੱਖਣ ਦੀ ਪ੍ਰਕਿਰਿਆ ਵਿੱਚ ਵਿਘਨ ਪਾਉਂਦੀ ਹੈ ਅਤੇ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਗੈਰ-ਅਕਾਦਮਿਕ ਪ੍ਰਦਰਸ਼ਨ ’ਤੇ ਮਾੜਾ ਪ੍ਰਭਾਵ ਪਾਉਂਦੀ ਹੈ।”
ਸਕੂਲ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਨੋਟਿਸ ਬੋਰਡ ’ਤੇ ਮੋਬਾਈਲ ਫੋਨ ਪਾਬੰਦੀਆਂ ਸੰਬੰਧੀ ਸਪੱਸ਼ਟ ਨਿਰਦੇਸ਼ ਪ੍ਰਦਰਸ਼ਿਤ ਕਰਨ ਤਾਂ ਜੋ ਇੱਕ ਕੇਂਦ੍ਰਿਤ, ਉਤਪਾਦਕ ਅਤੇ ਸੁਰੱਖਿਅਤ ਸਿੱਖਣ ਵਾਤਾਵਰਣ ਨੂੰ ਯਕੀਨੀ ਬਣਾਇਆ ਜਾ ਸਕੇ।