Himachal Pradesh: ਬਰਫ਼ਬਾਰੀ ਦੀ ਮਾਰ ਹੇਠ ਆਏ ਦੂਰ-ਦੁਰਾਡੇ ਇਲਾਕਿਆਂ ਵਿਚ ਸਾਲਾਨਾ ਪ੍ਰੀਖਿਆਵਾਂ 8 ਮਾਰਚ ਤੱਕ ਮੁਲਤਵੀ
ਧਰਮਸ਼ਾਲਾ(ਹਿਮਾਚਲ ਪ੍ਰਦੇਸ਼), 3 ਮਾਰਚ
HP School Board ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਨੇ ਸੱਜਰੀ ਬਰਫ਼ਬਾਰੀ ਦੀ ਮਾਰ ਹੇਠ ਆਏ ਚੰਬਾ ਤੇ ਲਾਹੌਲ ਸਪਿਤੀ ਜ਼ਿਲ੍ਹਿਆਂ ਦੇ ਦੂਰ ਦੁਰਾਡੇ ਇਲਾਕਿਆਂ ਵਿਚ 4 ਮਾਰਚ ਤੋਂ ਸ਼ੁਰੂ ਹੋ ਰਹੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਤੇ ਬਰਫ਼ਬਾਰੀ ਕਰਕੇ ਲਾਹੌਲ ਸਪਿਤੀ ਤੇ ਚੰਬਾ ਜ਼ਿਲ੍ਹੇ ਦੇ ਪਾਂਗੀ ਵਿਚ ਸੜਕਾਂ ਤੇ ਹੋਰ ਰਸਤਿਆਂ ਨੂੰ ਵੱਡਾ ਨੁਕਸਾਨ ਪੁੱਜਾ ਹੈ ਜਿਸ ਕਰਕੇ ਕਈ ਰੂਟਾਂ ਨੂੰ ਬੰਦ ਕਰਨਾ ਪਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਨਤੀਜੇ ਵਜੋਂ ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਦੀਆਂ 8ਵੀਂ, 9ਵੀਂ 10ਵੀਂ, 11ਵੀਂ ਤੇ 12ਵੀਂ ਜਮਾਤ ਲਈ ਪ੍ਰਸ਼ਨ ਪੱਤਰ ਤੇ ਹੋਰ ਪ੍ਰੀਖਿਆ ਸਮੱਗਰੀ ਦੂਰ ਦੁਰਾਡੇ ਖੇਤਰਾਂ ਵਿਚ ਭੇਜਣਾ ਮੁਸ਼ਕਲ ਹੋ ਗਿਆ ਹੈ। ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਸਕੂਲ ਬੋਰਡ ਨੇ ਭਲਕੇ 4 ਮਾਰਚ ਤੋਂ ਸ਼ੁਰੂ ਹੋ ਰਹੀਆਂ ਪ੍ਰੀਖਿਆਵਾਂ ਇਨ੍ਹਾਂ ਇਲਾਕਿਆਂ ਵਿਚ 8 ਮਾਰਚ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਰਾਜ ਦੇ ਹੋਰਨਾਂ ਹਿੱਸਿਆਂ ਵਿਚ ਬੋਰਡ ਪ੍ਰੀਖਿਆਵਾਂ ਪਹਿਲਾਂ ਮਿੱਥੇ ਮੁਤਾਬਕ 4 ਮਾਰਚ ਨੂੰ ਹੋਣਗੀਆਂ। ਇਸ ਸਾਲ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿਚ ਕਰੀਬ 1.95 ਲੱਖ ਵਿਦਿਆਰਥੀ ਬੈਠਣਗੇ। ਪਿਛਲੇ ਸਾਲ ਦੇ ਮੁਕਾਬਲੇ ਐਤਕੀਂ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵੀ 2250 ਤੋਂ ਵਧਾ ਕੇ 2300 ਕੀਤੀ ਗਈ ਹੈ। -ਪੀਟੀਆਈ