ਹਿਮਾਚਲ ਪ੍ਰਦੇਸ਼: ਕੌਮੀ ਰਾਜਮਾਰਗ-3 ਸਣੇ 208 ਸੜਕਾਂ ਬੰਦ
ਸ਼ਿਮਲਾ/ਜੰਮੂ, 10 ਜੁਲਾਈ
ਹਿਮਾਚਲ ਪ੍ਰਦੇਸ਼ ’ਚ ਪਿਛਲੇ ਕੁਝ ਦਿਨਾਂ ਦੌਰਾਨ ਪਏ ਭਾਰੀ ਮੀਂਹ ਕਾਰਨ ਕੌਮੀ ਰਾਜਮਾਰਗ-3 ’ਤੇ ਮੰਡੀ-ਧਰਮਪੁਰ ਸੜਕ ਸਮੇਤ 208 ਸੜਕਾਂ ਆਵਾਜਾਈ ਲਈ ਬੰਦ ਹਨ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਕੌਮੀ ਰਾਜਮਾਰਗ-3 ਪੰਜਾਬ ਦੇ ਅਟਾਰੀ ਨੂੰ ਲੱਦਾਖ ਦੇ ਲੇਹ ਨਾਲ ਜੋੜਦਾ ਹੈ। ਦੂਜੇ ਪਾਸੇ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਭਾਰੀ ਮੀਂਹ ਮਗਰੋਂ ਢਿੱਗਾਂ ਡਿੱਗਣ ਕਾਰਨ ਇੱਕ ਲੜਕੀ ਦੀ ਮੌਤ ਹੋ ਗਈ ਹੈ।
ਮੰਡੀ ’ਚ 30 ਜੂਨ ਤੇ ਪਹਿਲੀ ਜੁਲਾਈ ਦਰਮਿਆਨੀ ਰਾਤ ਨੂੰ ਬੱਦਲ ਫਟਣ, ਅਚਾਨਕ ਹੜ੍ਹ ਆਉਣ ਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ’ਚ 15 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਨ੍ਹਾਂ ਘਟਨਾਵਾਂ ਕਾਰਨ ਮੰਡੀ ’ਚ 134 ਸੜਕਾਂ ਬੰਦ ਹੋ ਗਈਆਂ ਜਦਕਿ 11 ਟਰਾਂਸਫਾਰਮਰ ਨੁਕਸਾਨੇ ਗਏ ਅਤੇ 204 ਜਲ ਸਪਲਾਈ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ। ਸਿਰਮੌਰ ਤੇ ਬਿਲਾਸਪੁਰ ਜ਼ਿਲ੍ਹਿਆਂ ’ਚ ਕੁਝ ਥਾਵਾਂ ’ਤੇ ਭਾਰੀ ਮੀਂਹ ਪਿਆ ਹੈ। ਸੂਬੇ ’ਚ ਸਭ ਤੋਂ ਵੱਧ 168.5 ਐੱਮਐੱਮ ਮੀਂਹ ਧੌਲਾਕੂੰਆਂ ’ਚ ਦਰਜ ਕੀਤਾ ਗਿਆ ਜਦਕਿ ਬਿਲਾਸਪੁਰ ’ਚ 120.4 ਐੱਮਐੱਮ ਮੀਂਹ ਪਿਆ। ਸੂਬੇ ਦੇ ਕਈ ਹਿੱਸਿਆਂ ’ਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਹੈ।
ਮੌਸਮ ਵਿਭਾਗ ਦੇ ਸਥਾਨਕ ਕੇਂਦਰ ਨੇ ਐਤਵਾਰ ਤੋਂ ਬੁੱਧਵਾਰ ਤੱਕ ਸੂਬੇ ਦੀਆਂ ਕੁਝ ਥਾਵਾਂ ’ਤੇ ਭਾਰੀ ਮੀਂਹ ਦਾ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਵਿਭਾਗ ਨੇ ਚੰਬਾ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ ਤੇ ਸਿਰਮੌਰ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ’ਚ ਹੜ੍ਹ ਦੀ ਚਿਤਾਵਨੀ ਵੀ ਦਿੱਤੀ ਹੈ। ਹਿਮਾਚਲ ’ਚ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਵਿੱਚ ਹੁਣ ਤੱਕ 85 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਇੱਕ ਪਹਾੜੀ ਇਲਾਕੇ ’ਚ ਅੱਜ ਮੀਂਹ ਕਾਰਨ ਢਿੱਗਾਂ ਡਿੱਗਣ ਦੀ ਘਟਨਾ ’ਚ ਇੱਕ ਲੜਕੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ 12 ਸਾਲਾ ਆਫੀਆ ਕੌਸਰ ਵਜੋਂ ਹੋਈ ਹੈ। -ਪੀਟੀਆਈ
ਆਫ਼ਤ ਪ੍ਰਭਾਵਿਤ ਛੇ ਰਾਜਾਂ ਨੂੰ 1,066 ਕਰੋੜ ਰੁਪਏ ਜਾਰੀ: ਸ਼ਾਹ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਕੇਂਦਰ ਨੇ ਹੜ੍ਹ ਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਤੋਂ ਪ੍ਰਭਾਵਿਤ ਅਸਾਮ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਕੇਰਲ ਤੇ ਉੱਤਰਾਖੰਡ ਲਈ 1,066.80 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਹੜ੍ਹ, ਢਿੱਗਾਂ ਡਿੱਗਣ ਤੇ ਬੱਦਲ ਫਟਣ ਜਿਹੀਆਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰ ਰਹੇ ਰਾਜਾਂ ਨਾਲ ਦ੍ਰਿੜ੍ਹਤਾ ਨਾਲ ਖੜ੍ਹੀ ਹੈ।