ਹਿਮਾਚਲ: ਮੰਡੀ ਜ਼ਿਲ੍ਹੇ ’ਚ ਭਾਰੀ ਮੀਂਹ ਕਾਰਨ ਢਿੱਗਾਂ ਡਿੱਗੀਆਂ; ਅਚਾਨਕ ਹੜ੍ਹ ਕਾਰਨ 3 ਮੌਤਾਂ, 4 ਲਾਪਤਾ
ਅੱਜ ਤੜਕਸਾਰ ਮੰਡੀ ਜ਼ਿਲ੍ਹੇ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਅਤੇ ਇਸ ਦੌਰਾਨ ਢਿੱਗਾਂ ਡਿੱਗਣ ਅਤੇ ਹੜ੍ਹ ਨਾਲ ਭਾਰੀ ਤਬਾਹੀ ਹੋਈ ਹੈ। ਇਸ ਘਟਨਾ ਵਿੱਚ ਚਾਰ ਲੋਕ ਲਾਪਤਾ ਹੋ ਗਏ, ਜਦੋਂ ਕਿ ਦੋ ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਸ ਤੋਂ ਇਲਾਵਾ ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ।
ਸੁੰਦਰਨਗਰ ਸਬ-ਡਿਵੀਜ਼ਨ ਦੀ ਨਿਹਰੀ ਤਹਿਸੀਲ ਦੀ ਬੋਏ ਪੰਚਾਇਤ ਦੇ ਬਰਾਗਟਾ ਪਿੰਡ ਵਿੱਚ ਇੱਕ ਘਰ ’ਤੇ ਢਿੱਗਾਂ ਡਿੱਗਣ ਨਾਲ ਪਰਿਵਾਰ ਦੇ ਪੰਜ ਮੈਂਬਰ ਮਲਬੇ ਹੇਠਾਂ ਦੱਬ ਗਏ। ਇਸ ਦੌਰਾਨ ਪਿੰਡ ਵਾਸੀਆਂ ਤੁਰੰਤ ਬਚਾਅ ਕਾਰਜ ਸ਼ੁਰੂ ਕਰਦਿਆਂ ਗੰਭੀਰ ਜ਼ਖਮੀ ਹੋਏ ਦੋ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਸਥਾਨਕ ਲੋਕਾਂ, ਪੁਲੀਸ ਅਤੇ ਆਫ਼ਤ ਪ੍ਰਬੰਧਨ ਕਰਮਚਾਰੀਆਂ ਦੀ ਇੱਕ ਸਾਂਝੀ ਬਚਾਅ ਟੀਮ ਬਾਕੀ ਤਿੰਨ ਵਿਅਕਤੀਆਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਦੇ ਮਲਬੇ ਹੇਠਾਂ ਦਬੇ ਹੋਣ ਦਾ ਖਦਸ਼ਾ ਹੈ। ਲਗਾਤਾਰ ਮੀਂਹ ਅਤੇ ਮਿੱਟੀ ਦੀ ਅਸਥਿਰ ਸਥਿਤੀ ਕਾਰਨ ਬਚਾਅ ਕਾਰਜਾਂ ਵਿੱਚ ਰੁਕਾਵਟ ਆ ਰਹੀ ਹੈ।
Himachal witnessed the heaviest rain last night, it was truly scary. Prayers for everyone’s safety . Footage coming in from Dharampur Mandi, where multiple buses and shops were hit by floods, situation will be clearer as the day rises. pic.twitter.com/1dL0c0Ho3t
— Nikhil saini (@iNikhilsaini) September 16, 2025
ਇੱਕ ਹੋਰ ਘਟਨਾ ਵਿੱਚ ਬੀਤੀ ਦੇਰ ਰਾਤ ਧਰਮਪੁਰ ਬਾਜ਼ਾਰ ਖੇਤਰ ਵਿੱਚ ਅਚਾਨਕ ਹੜ੍ਹ ਆਉਣ ਕਾਰਨ ਮੁੱਖ ਬੱਸ ਅੱਡਾ ਅਤੇ ਆਸ-ਪਾਸ ਦੀਆਂ ਦੁਕਾਨਾਂ ਪਾਣੀ ’ਚ ਡੁੱਬ ਗਈਆਂ। ਹੜ੍ਹ ਦੇ ਪਾਣੀ ਨਾਲ ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਹੜ੍ਹ ਵਿੱਚ ਹਿਮਾਚਲ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (HRTC) ਦੀਆਂ ਕੁਝ ਬੱਸਾਂ ਅਤੇ ਇਲਾਕੇ ਵਿੱਚ ਖੜ੍ਹੇ ਹੋਰ ਵਾਹਨਾਂ ਵਹਿਣ ਗਏ।
ਹੜ੍ਹ ਦੀ ਘਟਨਾ ਵਿੱਚ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਖ਼ਬਰ ਹੈ। ਹੜ੍ਹ ਦਾ ਪਾਣੀ ਦੁਕਾਨਾਂ ਵਿੱਚ ਵੜਨ ਕਾਰਨ ਸਾਮਾਨ ਅਤੇ ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਪਹੁੰਚਿਆ ਹੈ। ਮੁੱਢਲੇ ਅਨੁਮਾਨ ਅਨੁਸਾਰ ਕਈ ਕਰੋੜਾਂ ਦਾ ਨੁਕਸਾਨ ਹੋਇਆ ਹੈ।
ਡਿਪਟੀ ਕਮਿਸ਼ਨਰ ਮੰਡੀ ਅਪੂਰਵ ਦੇਵਗਨ ਨੇ ਪੀਟੀਆਈ ਨੂੰ ਦੱਸਿਆ ਕਿ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ ਦੋ ਲੋਕਾਂ ਨੂੰ ਬਚਾ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਕਾਰਨ ਮੰਡੀ ਜ਼ਿਲ੍ਹੇ ਦੇ ਧਰਮਪੁਰ 'ਚ ਸੋਨ ਅਤੇ ਭਰਾਂਡ ਨਾਲਿਆਂ ’ਚ ਹੜ੍ਹ ਆ ਗਿਆ, ਜਿਸ ਕਾਰਨ ਇੱਕ ਬੱਸ ਅੱਡਾ, ਇੱਕ ਵਰਕਸ਼ਾਪ, ਪੰਪ ਹਾਊਸ, ਦੁਕਾਨਾਂ ਅਤੇ 20 ਤੋਂ ਵੱਧ ਬੱਸਾਂ ਨੁਕਸਾਨੀਆਂ ਗਈਆਂ।
ਧਰਮਪੁਰ ਦੇ ਉਪ-ਮੰਡਲ ਮੈਜਿਸਟਰੇਟ (SDM) ਜੋਗਿੰਦਰ ਪਤਿਆਲ ਨੇ ਇਸ ਤਬਾਹੀ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਲਾਪਤਾ ਦੱਸਿਆ ਗਿਆ ਹੈ ਅਤੇ ਬੱਸ ਅੱਡੇ ਦੇ ਇਲਾਕੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਧਰਮਪੁਰ ਤੋਂ ਭਾਜਪਾ ਆਗੂ ਰਜਤ ਠਾਕੁਰ ਨੇ ਵੀ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਇਸ ਤਬਾਹੀ ’ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ, “ਕੁਦਰਤ ਨੇ ਧਰਮਪੁਰ ਦੇ ਲੋਕਾਂ ਨੂੰ ਡੂੰਘੇ ਜ਼ਖਮ ਦਿੱਤੇ ਹਨ। ਅੰਦਾਜ਼ਨ ਨੁਕਸਾਨ ਕਰੋੜਾਂ ਵਿੱਚ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਲਈ ਤੁਰੰਤ ਸਹਾਇਤਾ ਦੀ ਲੋੜ ਹੈ।’’
ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਸਥਾਨਕ ਵਲੰਟੀਅਰਾਂ ਅਤੇ ਰਾਜ ਆਫ਼ਤ ਪ੍ਰਤੀਕਿਰਿਆ ਬਲ (SDRF) ਦੇ ਨਾਲ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਸਰਗਰਮੀ ਨਾਲ ਲੱਗੀਆਂ ਹੋਈਆਂ ਹਨ। ਨੁਕਸਾਨ ਦਾ ਪੂਰਾ ਮੁਲਾਂਕਣ ਹੋਣ ਤੋਂ ਬਾਅਦ ਰਾਜ ਸਰਕਾਰ ਵੱਲੋਂ ਮੁਆਵਜ਼ੇ ਅਤੇ ਮੁੜ ਵਸੇਬੇ ਦੇ ਉਪਾਵਾਂ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ।
ਇਸ ਦੌਰਾਨ, ਅਧਿਕਾਰੀਆਂ ਨੇ ਨੀਵੇਂ ਅਤੇ ਕਮਜ਼ੋਰ ਇਲਾਕਿਆਂ ਦੇ ਵਸਨੀਕਾਂ ਨੂੰ ਚੌਕਸ ਰਹਿਣ ਲਈ ਚੇਤਾਵਨੀ ਜਾਰੀ ਕੀਤੀ ਹੈ, ਕਿਉਂਕਿ ਮੌਸਮ ਦੇ ਅਨੁਮਾਨ ਅਨੁਸਾਰ ਅਗਲੇ ਕੁਝ ਘੰਟਿਆਂ ਵਿੱਚ ਇਸ ਖੇਤਰ ਵਿੱਚ ਲਗਾਤਾਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।