ਹਿਮਾਚਲ: ਕਿੰਨੌਰ ਕੈਲਾਸ਼ ਯਾਤਰਾ ਮੁਅੱਤਲ, 413 ਫਸੇ ਸ਼ਰਧਾਲੂਆਂ ਨੂੰ ਬਚਾਇਆ ਗਿਆ; 617 ਸੜਕਾਂ ਬੰਦ
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਯਾਤਰਾ ਦੇ ਰਸਤੇ ਨੂੰ ਨੁਕਸਾਨ ਪਹੁੰਚਣ ਤੋਂ ਬਾਅਦ ਕਿੰਨੌਰ ਕੈਲਾਸ਼ ਯਾਤਰਾ ਮੁਅੱਤਲ ਕਰ ਦਿੱਤੀ ਗਈ ਹੈ ਅਤੇ 413 ਫਸੇ ਸ਼ਰਧਾਲੂਆਂ ਨੂੰ ਬਚਾਇਆ ਗਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਨਦੀਆਂ/ਦਰਿਆਵਾਂ ਵਿੱਚ ਪਾਣੀ ਦਾ ਵਹਾਅ ਵਧਣ ਕਾਰਨ ਟਾਂਗਲਿੱਪੀ ਅਤੇ ਕਾਂਗਰੰਗ ਵਿਖੇ ਦੋ ਅਸਥਾਈ ਪੁਲ ਵਹਿ ਜਾਣ ਤੋਂ ਬਾਅਦ ਸ਼ਰਧਾਲੂ ਫਸ ਗਏ ਸਨ।
ਇੰਡੋ-ਤਿੱਬਤੀਅਨ ਬਾਰਡਰ ਪੁਲੀਸ (ITBP) ਨੇ X 'ਤੇ ਬਚਾਅ ਕਾਰਜਾਂ ਦੀਆਂ ਵੀਡੀਓਜ਼ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਸ਼ਰਧਾਲੂਆਂ ਨੂੰ ਨਦੀਆਂ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜ਼ਿਪਲਾਈਨ ਕਰਦੇ ਦਿਖਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਿੰਨੌਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਟਰੈਕਿੰਗ ਰੂਟ ’ਤੇ ਫਸੇ ਸ਼ਰਧਾਲੂਆਂ ਬਾਰੇ ਇੱਕ ਜਾਣਕਾਰੀ ਮਿਲੀ, ਜਿਸ ਉਪਰੰਤ ITBP ਅਤੇ ਕੌਮੀ ਐੱਨਡੀਆਰਐੱਫ ਨੇ ਬਚਾਅ ਕਾਰਜ ਸ਼ੁਰੂ ਕੀਤੇ।
ਕਿੰਨੌਰ ਜ਼ਿਲ੍ਹਾ ਪ੍ਰਸ਼ਾਸਨ ਨੇ ਮੀਂਹ ਕਾਰਨ ਯਾਤਰਾ ਦੇ ਰਸਤੇ ਵਿੱਚ ਭਾਰੀ ਨੁਕਸਾਨ ਹੋਣ ਤੋਂ ਬਾਅਦ ਕਿੰਨੌਰ ਕੈਲਾਸ਼ ਯਾਤਰਾ ਨੂੰ ਮੁਅੱਤਲ ਕਰ ਦਿੱਤਾ। ਅਧਿਕਾਰੀਆਂ ਅਨੁਸਾਰ ਜ਼ਿਆਦਾਤਰ ਟ੍ਰੈਕਿੰਗ ਰਸਤੇ ਜਾਂ ਤਾਂ ਖਤਰਨਾਕ ਤੌਰ ’ਤੇ ਤਿਲਕਣ ਵਾਲੇ ਹੋ ਗਏ ਹਨ ਜਾਂ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਹੋਏ ਹਨ।
ਇੱਕ ਅਧਿਕਾਰਤ ਹੁਕਮ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਪ੍ਰਤੀਕੂਲ ਹਾਲਤਾਂ ਦੇ ਮੱਦੇਨਜ਼ਰ, ਕਿੰਨੌਰ ਕੈਲਾਸ਼ ਯਾਤਰਾ ਨੂੰ ਅਗਲੇ ਨੋਟਿਸ ਤੱਕ ਅਸਥਾਈ ਤੌਰ ’ਤੇ ਮੁਅੱਤਲ ਕੀਤਾ ਜਾ ਰਿਹਾ ਹੈ। ਇਸ ਸਮੇਂ ਰਸਤੇ ਵਿਚ ਮੌਜੂਦ ਸ਼ਰਧਾਲੂਆਂ ਨੂੰ ਸੁਰੱਖਿਅਤ ਢੰਗ ਨਾਲ ਮਿਲਿੰਗ ਖਾਤਾ ਅਤੇ ਗੁਫਾ ਵਿਖੇ ਪਨਾਹ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ।
ਭਗਵਾਨ ਸ਼ਿਵ ਦਾ ਸਰਦੀਆਂ ਦਾ ਨਿਵਾਸ ਮੰਨਿਆ ਜਾਣ ਵਾਲਾ ਕਿੰਨੌਰ ਕੈਲਾਸ਼ 19,850 ਫੁੱਟ ਦੀ ਉਚਾਈ ’ਤੇ ਸਥਿਤ ਹੈ। ਇਹ ਯਾਤਰਾ 15 ਜੁਲਾਈ ਨੂੰ ਸ਼ੁਰੂ ਹੋਈ ਸੀ ਅਤੇ 30 ਅਗਸਤ ਨੂੰ ਸਮਾਪਤ ਹੋਵੇਗੀ।
ਮੀਂਹ ਕਾਰਨ ਸੂਬੇ ਦੇ ਚਾਰ ਕੌਮੀ ਸ਼ਾਹਰਾਹਾਂ ਸਮੇਤ 617 ਸੜਕਾਂ ਬੰਦ
ਭਾਰੀ ਮੀਂਹ ਨੇ ਰਾਜ ਦੇ ਹੋਰ ਹਿੱਸਿਆਂ ਵਿੱਚ ਵੀ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਚਾਰ ਕੌਮੀ ਰਾਜਮਾਰਗਾਂ ਸਮੇਤ 617 ਸੜਕਾਂ ਅਤੇ ਵਿੱਦਿਅਕ ਸੰਸਥਾਵਾਂ ਬੰਦ ਹੋ ਗਈਆਂ ਹਨ। ਮੌਸਮ ਵਿਗਿਆਨ ਕੇਂਦਰ ਅਨੁਸਾਰ ਮੰਗਲਵਾਰ ਰਾਤ ਤੋਂ ਕਸੌਲੀ ਵਿੱਚ 145 ਮਿਲੀਮੀਟਰ, ਧਰਮਪੁਰ 122.8 ਮਿਲੀਮੀਟਰ, ਗੋਹਰ 120 ਮਿਲੀਮੀਟਰ, ਮਲਰਾਓਂ 103.2 ਮਿਲੀਮੀਟਰ, ਬੱਗੀ 95.9 ਮਿਲੀਮੀਟਰ, ਨਗਰੋਟਾ ਸੂਰੀਆਂ 93.4 ਮਿਲੀਮੀਟਰ, ਨੈਣਾ ਦੇਵੀ 86.4 ਮਿਲੀਮੀਟਰ, ਸੁੰਦਰਨਗਰ 80.3 ਮਿਲੀਮੀਟਰ, ਕਾਂਗੜਾ 71.4 ਮਿਲੀਮੀਟਰ, ਬਿਲਾਸਪੁਰ 70.4 ਮਿਲੀਮੀਟਰ, ਧੌਲਾਕੂਆਂ 67 ਮਿਲੀਮੀਟਰ, ਮੰਡੀ 65.8 ਮਿਲੀਮੀਟਰ, ਸ਼ਿਮਲਾ 64.4 ਮਿਲੀਮੀਟਰ ਅਤੇ ਧਰਮਸ਼ਾਲਾ 64 ਮਿਲੀਮੀਟਰ ਮੀਂਹ ਪਿਆ ਹੈ।
ਰਾਜ ਐਮਰਜੈਂਸੀ ਓਪਰੇਸ਼ਨ ਸੈਂਟਰ (SEOC) ਨੇ ਕਿਹਾ ਕਿ ਚਾਰ ਕੌਮੀ ਰਾਜਮਾਰਗਾਂ ਸਮੇਤ 617 ਸੜਕਾਂ ਬੁੱਧਵਾਰ ਨੂੰ ਬੰਦ ਕਰ ਦਿੱਤੀਆਂ ਗਈਆਂ ਸਨ। ਇਨ੍ਹਾਂ ਵਿੱਚੋਂ 377 ਮੰਡੀ ਜ਼ਿਲ੍ਹੇ ਵਿੱਚ ਹਨ, ਜੋ ਹਾਲ ਹੀ ਵਿੱਚ ਬੱਦਲ ਫਟਣ, ਜ਼ਮੀਨ ਖਿਸਕਣ ਅਤੇ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ; ਅਤੇ 90 ਕੁੱਲੂ ਜ਼ਿਲ੍ਹੇ ਵਿੱਚ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਕੌਮੀ ਸ਼ਾਹਰਾਹ (NH 21), ਪੁਰਾਣਾ ਹਿੰਦੁਸਤਾਨ-ਤਿੱਬਤ ਰੋਡ (NH 05), ਮੰਡੀ-ਧਰਮਪੁਰ (NH 3) ਅਤੇ ਔਟ-ਸੈਂਜ ਸੜਕ (NH 305) ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ। ਸ਼ਿਮਲਾ-ਕਾਲਕਾ ਕੌਮੀ ਸ਼ਾਹਰਾਹ, ਜੋ ਸੋਲਨ ਜ਼ਿਲ੍ਹੇ ਦੇ ਕੋਟੀ ਨੇੜੇ ਚੱਕੀ ਮੋੜ ’ਤੇ ਬੰਦ ਸੀ, ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ।
ਸ਼ਿਮਲਾ ਜ਼ਿਲ੍ਹੇ ਦੇ ਸੁਨੀ, ਕੁਮਾਰਸੇਨ, ਚੋਪਾਲ, ਡੋਡਰਾ ਕਵਾਰ, ਜੁਬਲ, ਠਿਓਗ ਅਤੇ ਰਾਮਪੁਰ ਸਬ-ਡਿਵੀਜ਼ਨਾਂ, ਮੰਡੀ ਜ਼ਿਲ੍ਹੇ ਦੇ ਕਰਸੋਗ ਅਤੇ ਸੁੰਦਰਨਗਰ, ਕੁੱਲੂ ਜ਼ਿਲ੍ਹੇ ਦੇ ਨਿਰਮੰਡ ਅਤੇ ਸੋਲਨ ਜ਼ਿਲ੍ਹੇ ਦੇ ਕੁਝ ਸਬ-ਡਿਵੀਜ਼ਨਾਂ ਵਿੱਚ ਸਕੂਲਾਂ, ਕਾਲਜਾਂ ਅਤੇ ਆਂਗਣਵਾੜੀਆਂ ਸਣੇ ਵਿਦਿਅਕ ਸੰਸਥਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਸ਼ਿਮਲਾ ਸ਼ਹਿਰ ਦੇ ਕਈ ਸਕੂਲਾਂ ਨੇ ਛੁੱਟੀਆਂ ਦਾ ਐਲਾਨ ਕੀਤਾ ਜਾਂ ਆਨਲਾਈਨ ਕਲਾਸਾਂ ਵਿੱਚ ਤਬਦੀਲ ਹੋ ਗਏ। ਸ਼ਿਮਲਾ ਜਲ ਪ੍ਰਬੰਧਨ ਨਿਗਮ ਲਿਮਟਿਡ (SJPNL) ਦੇ ਅਧਿਕਾਰੀਆਂ ਨੇ ਸਰੋਤ ’ਤੇ ਉੱਚ ਗੰਧਲੇਪਣ ਕਾਰਨ ਅਗਲੇ ਦੋ-ਤਿੰਨ ਦਿਨਾਂ ਲਈ ਪਾਣੀ ਦੀ ਸਪਲਾਈ ਵਿੱਚ ਵਿਘਨ ਪੈਣ ਬਾਰੇ ਲੋਕਾਂ ਨੂੰ ਖ਼ਬਰਦਾਰ ਕੀਤਾ ਹੈ।