ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰਾਂ ਰਾਹੀਂ ਅੱਜ ਮਣੀਮਹੇਸ਼ ਰੂਟ 'ਤੇ ਫਸੇ 524 ਸ਼ਰਧਾਲੂਆਂ ਨੂੰ ਕੱਢਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰਾਂ ਰਾਹੀਂ ਤਿੰਨ ਲਾਸ਼ਾਂ ਵੀ ਲਿਆਂਦੀਆਂ ਗਈਆਂ।ਪਿਛਲੇ ਮਹੀਨੇ ਭਾਰੀ ਮੀਂਹ ਤੋਂ ਬਾਅਦ ਚੰਬਾ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ, ਖਾਸ ਕਰਕੇ ਭਰਮੌਰ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਫਸੇ ਹੋਏ ਹਨ, ਜਿੱਥੇ ਕਈ ਜ਼ਮੀਨ ਖਿਸਕਣ ਅਤੇ ਅਚਾਨਕ ਹੜ੍ਹਾਂ ਤੋਂ ਬਾਅਦ ਸੜਕ ਸੰਪਰਕ ਟੁੱਟ ਗਿਆ ਹੈ।ਇੱਕ ਬਿਆਨ ਮੁਤਾਬਕ, “ਅੱਜ, ਏਅਰ ਫੋਰਸ ਚਿਨੂਕ ਹੈਲੀਕਾਪਟਰ ਦੀਆਂ 12 ਉਡਾਨਾਂ ਵਿੱਚ ਭਰਮੌਰ ਤੋਂ 524 ਯਾਤਰੀਆਂ ਨੂੰ ਏਅਰਲਿਫਟ ਕੀਤਾ ਗਿਆ। ਭਰਮੌਰ ਤੋਂ ਚੰਬਾ ਤੱਕ ਤਿੰਨ ਲਾਸ਼ਾਂ ਵੀ ਲਿਆਂਦੀਆਂ ਗਈਆਂ।’’ਇਸ ਵਿੱਚ ਕਿਹਾ ਗਿਆ ਹੈ ਕਿ ਵੀਰਵਾਰ ਤੋਂ ਹੁਣ ਤੱਕ ਭਰਮੌਰ ਤੋਂ ਚੰਬਾ ਤੱਕ ਕੁੱਲ 1,166 ਸ਼ਰਧਾਲੂਆਂ ਨੂੰ ਏਅਰਲਿਫਟ ਕੀਤਾ ਗਿਆ ਹੈ।ਸਰਕਾਰ ਦੇ ਅਨੁਸਾਰ, 15 ਅਗਸਤ ਨੂੰ ਮਣੀਮਹੇਸ਼ ਯਾਤਰਾ ਸ਼ੁਰੂ ਹੋਣ ਤੋਂ ਬਾਅਦ 17 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਮਣੀਮਹੇਸ਼ ਝੀਲ ਕੈਲਾਸ਼ ਪਹਾੜ ਦੇ ਪੈਰਾਂ ਵਿੱਚ 13,000 ਫੁੱਟ ਦੀ ਉਚਾਈ ’ਤੇ ਸਥਿਤ ਹੈ।ਹਿਮਾਚਲ ਪ੍ਰਦੇਸ਼ ਅਗਸਤ ਤੋਂ ਕਈ ਖੇਤਰਾਂ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਤੋਂ ਬਾਅਦ ਹੜ੍ਹਾਂ ਨਾਲ ਜੂਝ ਰਿਹਾ ਹੈ।ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੰਡੀ ਅਤੇ ਕੁੱਲੂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ ਅਤੇ ਪ੍ਰਭਾਵਿਤ ਪਰਿਵਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਰਾਜ ਨੇ 3,000 ਕਰੋੜ ਰੁਪਏ ਦਾ ਰਾਹਤ ਅਤੇ ਪੁਨਰ ਨਿਰਮਾਣ ਪ੍ਰਾਜੈਕਟ ਤਿਆਰ ਕੀਤਾ ਹੈ ਅਤੇ ਵਿਸ਼ਵ ਬੈਂਕ ਤੋਂ ਮਦਦ ਮੰਗੀ ਜਾਵੇਗੀ।ਸੁੱਖੂ ਨੇ ਵਸ਼ਿਸ਼ਠ ਚੌਕ ਅਤੇ ਮਨਾਲੀ, ਬਹੰਗ ਅਤੇ ਪੁਰਾਣੀ ਮਨਾਲੀ ਖੇਤਰਾਂ ਵਿੱਚ ਨੁਕਸਾਨੀਆਂ ਗਈਆਂ ਜਾਇਦਾਦਾਂ ਦਾ ਨਿਰੀਖਣ ਕੀਤਾ। ਉਨ੍ਹਾਂ ਕੁੱਲੂ ਦੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਅਖਾੜਾ ਬਾਜ਼ਾਰ ਖੇਤਰ ਦਾ ਵੀ ਦੌਰਾ ਕੀਤਾ ਜਿੱਥੇ ਘਰ ਡਿੱਗਣ ਨਾਲ ਕੁਝ ਮੌਤਾਂ ਹੋਈਆਂ।ਬੁੱਧਵਾਰ ਨੂੰ ਜ਼ਮੀਨ ਖਿਸਕਣ ਤੋਂ ਬਾਅਦ ਨੈਣਾ ਦੇਵੀ ਵਿਧਾਨ ਸਭਾ ਹਲਕੇ ਦੇ ਬਨਾਲੀ ਪਿੰਡ ਤੋਂ 14 ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਤਰੇੜਾਂ ਆਉਣ ਤੋਂ ਬਾਅਦ ਖਾਲੀ ਕਰਵਾਇਆ ਗਿਆ।ਰਾਜ ਐਮਰਜੈਂਸੀ ਆਪ੍ਰੇਸ਼ਨ ਸੈਂਟਰ (SEOC) ਨੇ ਕਿਹਾ ਕਿ ਰਾਜ ਵਿੱਚ ਕੁੱਲ 1,091 ਸੜਕਾਂ ਬੰਦ ਹਨ, ਜਿਨ੍ਹਾਂ ਵਿੱਚੋਂ 276 ਮੰਡੀ ਵਿੱਚ, 226 ਕੁੱਲੂ ਵਿੱਚ, 201 ਸ਼ਿਮਲਾ ਵਿੱਚ ਅਤੇ 166 ਚੰਬਾ ਜ਼ਿਲ੍ਹੇ ਵਿੱਚ ਬੰਦ ਹਨ।ਰਾਸ਼ਟਰੀ ਰਾਜਮਾਰਗ-3 (ਮੰਡੀ-ਧਰਮਪੁਰ ਸੜਕ), NH-5 (ਪੁਰਾਣੀ ਹਿੰਦੁਸਤਾਨ-ਤਿੱਬਤ ਸੜਕ), NH-305 (ਆਟ-ਸੈਂਜ ਸੜਕ) ਅਤੇ NH-505 (ਖਾਬ ਤੋਂ ਗ੍ਰਾਮਫੂ) ਬੰਦ ਕਰ ਦਿੱਤੇ ਗਏ ਸਨ।ਸ਼ਿਮਲਾ-ਕਾਲਕਾ ਟਰੈਕ ’ਤੇ ਚੱਲਣ ਵਾਲੀਆਂ ਰੇਲਗੱਡੀਆਂ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਸੀ, ਇੱਥੇ ਟਰੈਕ ’ਤੇ ਜ਼ਮੀਨ ਖਿਸਕ ਗਈ।ਸਥਾਨਕ ਮੌਸਮ ਵਿਭਾਗ ਨੇ ਸੋਮਵਾਰ ਨੂੰ ਊਨਾ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਅਤੇ ਮੰਗਲਵਾਰ ਨੂੰ ਬਿਲਾਪਸੂਰ, ਕਾਂਗੜਾ ਅਤੇ ਸੋਲਨ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ।ਹਿਮਾਚਲ ਵਿੱਚ 20 ਜੂਨ ਨੂੰ ਮੌਨਸੂਨ ਦੀ ਸ਼ੁਰੂਆਤ ਤੋਂ ਬਾਅਦ 95 ਅਚਾਨਕ ਹੜ੍ਹ, 45 ਬੱਦਲ ਫਟਣ ਅਤੇ 133 ਵੱਡੀਆਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ।ਮੌਨਸੂਨ ਸ਼ੁਰੂ ਹੋਣ ਤੋਂ ਬਾਅਦ ਮੀਂਹ ਨਾਲ ਸਬੰਧਤ ਘਟਨਾਵਾਂ ਅਤੇ ਸੜਕ ਹਾਦਸਿਆਂ ਵਿੱਚ ਘੱਟੋ-ਘੱਟ 360 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 47 ਲੋਕ ਲਾਪਤਾ ਹਨ।SEOC ਨੇ ਕਿਹਾ ਕਿ ਮੀਂਹ ਨੇ ਸੂਬੇ ਭਰ ਵਿੱਚ 2,838 ਪਾਵਰ ਟ੍ਰਾਂਸਫਾਰਮਰ ਅਤੇ 509 ਜਲ ਸਪਲਾਈ ਸਕੀਮਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ।ਅਧਿਕਾਰਤ ਅੰਕੜਿਆਂ ਅਨੁਸਾਰ ਇਸ ਮੌਨਸੂਨ ਵਿੱਚ ਸੂਬੇ ਨੂੰ ਹੁਣ ਤੱਕ 3,979 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।