ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਖੇਤਰ ਵਿਚਲੇ ਦੋ ਪਿੰਡਾਂ ’ਚ ਢਿੱਗਾਂ ਡਿੱਗਣ ਕਾਰਨ ਪੰਜ ਘਰਾਂ ਦਾ ਨੁਕਸਾਨ ਹੋ ਗਿਆ, ਜਦਕਿ ਦੋ ਵਿਅਕਤੀ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਸ਼ੀਲ ਪਰੋਗ ਤੇ ਥਾਲਾ ਪਿੰਡ ’ਚ ਵਾਪਰੀਆਂ ਹਨ। ਉਨ੍ਹਾਂ ਦੱਸਿਆ ਕਿ ਚੰਬਾ ਜ਼ਿਲ੍ਹੇ ’ਚ ਮਣੀਮਹੇਸ਼ ਦੀ ਯਾਤਰਾ ’ਤੇ ਗਏ ਸ਼ਰਧਾਲੂ ਫਸੇ ਹੋਏ ਹਨ। ਇਨ੍ਹਾਂ ’ਚੋਂ ਜ਼ਿਆਦਾ ਸ਼ਰਧਾਲੂ ਭਰਮੌਰ ’ਚ ਫਸੇ ਹੋਏ ਹਨ ਜਿਨ੍ਹਾਂ ਨੂੰ ਸੁਰੱਖਿਅਤ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹਾਂ ਕਾਰਨ ਚੰਡੀਗੜ੍ਹ-ਮਨਾਲੀ ਮੁੱਖ ਮਾਰਗ ਸਣੇ ਸੂਬੇ ਦੀਆਂ 560 ਤੋਂ ਵੱਧ ਸੜਕਾਂ ਆਵਾਜਾਈ ਲਈ ਬੰਦ ਪਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ 963 ਬਿਜਲੀ ਟਰਾਂਸਫਾਰਮਰ ਤੇ 223 ਜਲ ਸਪਲਾਈ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ। ਇਸੇ ਦੌਰਾਨ ਮੌਸਮ ਵਿਭਾਗ ਨੇ ਭਲਕੇ ਚੰਬਾ, ਕਾਂਗੜਾ ਤੇ ਕੁੱਲੂ ’ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ।
ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ ਹੁਣ ਤੱਕ 3,040 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਅਤੇ 20 ਜੂਨ ਤੋਂ 30 ਅਗਸਤ ਦਰਮਿਆਨ ਮੀਂਹ ਕਾਰਨ ਵਾਪਰੀਆਂ ਘਟਨਾਵਾਂ ’ਚ ਘੱਟੋ ਘੱਟ 320 ਵਿਅਕਤੀਆਂ ਦੀ ਮੌਤ ਹੋਈ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਚੰਬਾ ’ਚ ਢਿੱਗਾਂ ਡਿੱਗਣ ਕਾਰਨ ਪ੍ਰਭਾਵਿਤ ਭਰਮੌਰ ਤੇ ਕਾਂਗੜਾ ਜ਼ਿਲ੍ਹੇ ਦੇ ਇੰਦੌਰਾ ਤੇ ਫਤਹਿਪੁਰ ਖੇਤਰਾਂ ਦਾ ਹਵਾਈ ਸਰਵੇਖਣ ਵੀ ਕੀਤਾ ਹੈ। ਇਸੇ ਦੌਰਾਨ ਪੁਲੀਸ ਨੇ ਦੱਸਿਆ ਕਿ ਮੰਡੀ-ਕੁੱਲੂ ਮਾਰਗ ’ਤੇ ਹਨੋਗੀ ਮਾਤਾ ਮੰਦਰ ਨੇੜੇ ਢਿੱਗਾਂ ਡਿੱਗਣ ਤੋਂ ਬਾਅਦ ਚੰਡੀਗੜ੍ਹ-ਮਨਾਲੀ ਕੌਮੀ ਮਾਰਗ ਮੁੜ ਤੋਂ ਬੰਦ ਹੋ ਗਿਆ ਹੈ ਜਿਸ ਕਾਰਨ ਦੋਵੇਂ ਪਾਸੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ ਹਨ। ਮਸ਼ੀਨਾਂ ਲਾਈਆਂ ਗਈਆਂ ਹਨ ਅਤੇ ਸੜਕ ਸਾਫ ਕਰਨ ਦਾ ਕੰਮ ਜਾਰੀ ਹੈ। ਇਸੇ ਵਿਚਾਲੇ ਮਨਾਲੀ ਸ਼ਹਿਰ ’ਚ ਹਾਲਾਤ ਅਜੇ ਵੀ ਨਹੀਂ ਸੁਧਰੇ ਹਨ। ਇੱਥੇ ਪਿਛਲੇ ਪੰਜ ਦਿਨਾਂ ਤੋਂ ਭਾਰੀ ਤਬਾਹੀ ਮਚੀ ਹੋਈ ਹੈ।
ਸੂਬੇ ’ਚ 2023 ਨਾਲੋਂ ਵੱਧ ਤਬਾਹੀ ਹੋਈ: ਸੁੱਖੂ
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਕਾਰਨ ਭਾਰੀ ਮੀਂਹ ਪੈਣ ਦੇ ਬਾਵਜੂਦ ਜਾਨੀ ਨੁਕਸਾਨ ’ਚ 2023 ਮੁਕਾਬਲੇ ਕਮੀ ਆਈ ਹੈ ਜਦਕਿ ਇਸ ਸਾਲ ਤਬਾਹੀ ਦਾ ਪੱਧਰ ਕਾਫੀ ਵੱਧ ਹੈ। ਚੰਬਾ ਤੇ ਕਾਂਗੜਾ ਜ਼ਿਲ੍ਹਿਆਂ ਦੇ ਆਫ਼ਤ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ’ਚ ਦੋ ਸਾਲ ਪਹਿਲਾਂ ਆਏ ਹੜ੍ਹ ਮੁਕਾਬਲੇ ਸੜਕ, ਬਿਜਲੀ, ਜਲ ਸਪਲਾਈ ਤੇ ਸੰਚਾਰ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਉਨ੍ਹਾਂ ਮੀਡੀਆ ਨੂੰ ਕਿਹਾ, ‘ਇਸ ਸਾਲ ਪੂਰਾ ਸੂਬਾ ਲਗਾਤਾਰ ਮੀਂਹ, ਢਿੱਗਾਂ ਡਿੱਗਣ ਤੇ ਬੱਦਲ ਫਟਣ ਕਾਰਨ ਹੋਈ ਤਬਾਹੀ ਤੋਂ ਪ੍ਰਭਾਵਿਤ ਹੋਇਆ ਹੈ।