DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਿਮਾਚਲ: ਬਿਲਾਸਪੁਰ ਨੇੜੇ ਬੱਦਲ ਫਟਿਆ

ਮਲਬੇ ਹੇਠ ਕਈ ਵਾਹਨ ਦਬੇ, ਫ਼ਸਲਾਂ ਨੂੰ ਵੀ ਨੁਕਸਾਨ; ਸੂਬੇ ਵਿੱਚ ਭਾਰੀ ਮੀਂਹ ਦੀ ਚਿਤਾਵਨੀ
  • fb
  • twitter
  • whatsapp
  • whatsapp
featured-img featured-img
ਬਿਲਾਸਪੁਰ ’ਚ ਬੱਦਲ ਫਟਣ ਕਾਰਨ ਸੜਕ ਉੱਤੇ ਡਿੱਗ ਮਲਬੇ ਵਿੱਚ ਫਸੇ ਹੋਏ ਵਾਹਨ।
Advertisement

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਅੱਜ ਤੜਕੇ ਬੱਦਲ ਫਟ ਗਿਆ, ਜਿਸ ਕਾਰਨ ਕਈ ਵਾਹਨ ਮਲਬੇ ਹੇਠ ਦੱਬ ਗਏ ਅਤੇ ਫ਼ਸਲਾਂ ਵੀ ਨੁਕਸਾਨੀਆਂ ਗਈਆਂ ਹਨ। ਇਹ ਘਟਨਾ ਤੜਕੇ ਲਗਪਗ ਤਿੰਨ ਵਜੇ ਨੈਣਾ ਦੇਵੀ ਵਿਧਾਨ ਸਭਾ ਹਲਕੇ ਦੇ ਨਾਮਹੋਲ ਖੇਤਰ ਦੇ ਗੁਤਰਾਹਨ ਪਿੰਡ ਵਿੱਚ ਵਾਪਰੀ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

ਇਸ ਪਿੰਡ ਦੇ ਵਸਨੀਕ ਕਸ਼ਮੀਰ ਸਿੰਘ ਨੇ ਦੱਸਿਆ ਕਿ ਬੱਦਲ ਫਟਣ ਮਗਰੋਂ ਪਾਣੀ ਨਾਲ ਆਇਆ ਮਲਬਾ ਖੇਤੀਯੋਗ ਜ਼ਮੀਨ ਵਿੱਚ ਵਿਛ ਗਿਆ ਅਤੇ ਫ਼ਸਲਾਂ ਵੀ ਨੁਕਸਾਨੀਆਂ ਗਈਆਂ। ਬਿਲਾਸਪੁਰ ਦੇ ਡਿਪਟੀ ਕਮਿਸ਼ਨਰ ਰਾਹੁਲ ਕੁਮਾਰ ਨੇ ਦੱਸਿਆ ਕਿ ਮਲਬੇ ਹੇਠ ਚਾਰ ਵਾਹਨ ਦਬ ਗਏ ਹਨ। ਉਨ੍ਹਾਂ ਕਿਹਾ ਕਿ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਰਿਪੋਰਟ ਮਿਲਣ ਮਗਰੋਂ ਰਾਹਤ ਮੁਹੱਈਆ ਕਰਵਾਈ ਜਾਵੇਗੀ।

Advertisement

ਘਟਨਾ ਦੀ ਸੂਚਨਾ ਮਿਲਦਿਆਂ ਹੀ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਲੋਕ ਨਿਰਮਾਣ ਵਿਭਾਗ ਨੇ ਆਵਾਜਾਈ ਬਹਾਲ ਕਰਨ ਲਈ ਮਲਬਾ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਚੰਬਾ ਜ਼ਿਲ੍ਹੇ ਦੇ ਭਟਿਆਤ ਵਿਧਾਨ ਸਭਾ ਖੇਤਰ ਦੇ ਮਮਲ ਅਤੇ ਕਮਲਾਰੀ ਪਿੰਡਾਂ ਵਿੱਚ ਪਾਣੀ ਅਤੇ ਮਲਬੇ ਨਾਲ ਘਰਾਂ ਨੂੰ ਨੁਕਸਾਨ ਹੋਣ ਦੀਆਂ ਰਿਪੋਰਟਾਂ ਹਨ। ਉਧਰ, ਸੂਬੇ ਦੀ ਰਾਜਧਾਨੀ ਸ਼ਿਮਲਾ ਵਿੱਚ ਅੱਜ ਸਵੇਰੇ ਪਈ ਧੁੰਦ ਕਾਰਨ ਦਿਸਣ ਹੱਦ ਕੁਝ ਮੀਟਰ ਤੱਕ ਰਹਿ ਗਈ ਅਤੇ ਸਕੂਲ ਸਮੇਂ ਦੌਰਾਨ ਵਾਹਨਾਂ ਵਿੱਚ ਆਉਣ-ਜਾਣ ਵਾਲੇ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਸਥਾਨਕ ਮੌਸਮ ਵਿਭਾਗ ਨੇ ਸ਼ਨਿਚਰਵਾਰ ਅਤੇ ਐਤਵਾਰ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਤੋਂ ਇਲਾਵਾ ਅਟਾਰੀ-ਲੇਹ ਰੋਡ (ਨੈਸ਼ਨਲ ਹਾਈਵੇ-3), ਔਤ-ਸੇਂਜ ਰੋਡ (ਐੱਨ ਐੱਚ-305) ਅਤੇ ਅੰਮ੍ਰਿਤਸਰ-ਭੁੱਟਾ ਰੋਡ (ਐੱਨ ਐੱਚ-503A) ਸਮੇਤ ਕੁੱਲ 577 ਸੜਕਾਂ ਅੱਜ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ। ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ (ਐੱਸ ਈ ਓ ਸੀ) ਅਨੁਸਾਰ ਹਾਲ ਦੇ ਹੜ੍ਹਾਂ ਅਤੇ ਢਿੱਗਾਂ ਡਿੱਗਣ ਕਾਰਨ ਸੂਬੇ ਵਿੱਚ ਲਗਪਗ 389 ਬਿਜਲੀ ਟਰਾਂਸਫਾਰਮਰਾਂ ਅਤੇ 333 ਜਲ ਸਪਲਾਈ ਸਕੀਮਾਂ ਠੱਪ ਹੋ ਗਈਆਂ ਹਨ।

Advertisement
×