ਹਿਮਾਚਲ ਪ੍ਰਦੇਸ਼ ਦੀ ਸੂਬਾ ਪੱਧਰੀ ਮੁੱਕੇਬਾਜ਼ ਕ੍ਰਿਤਿਕਾ 600 ਕਿਲੋਮੀਟਰ ਪੈਦਲ ਕਾਂਵੜ ਯਾਤਰਾ ਪੂਰੀ ਕਰਨ ਵਾਲੀ ਪਹਿਲੀ ਮਹਿਲਾ ਬਣ ਗਈ ਹੈ, ਜਿਸ ਨੇ ਗਊਮੁੱਖ ਤੋਂ ਗੰਗਾ ਜਲ ਲੈ ਕੇ ਆਪਣੇ ਗ੍ਰਹਿ ਕਸਬੇ ਤੱਕ ਸਫ਼ਰ ਕੀਤਾ।
ਮੰਡੀ ਜ਼ਿਲ੍ਹੇ ਦੀ ਡੇਰਡੂ ਪਿੰਡ ਦੀ 21 ਵਰ੍ਹਿਆਂ ਦੀ ਕ੍ਰਿਤਿਕਾ ਨੇ ਸਾਉਣ ਮਹੀਨੇ ’ਚ ਲਗਾਤਾਰ ਦੂਜੇ ਸਾਲ ਇਹ ਮੁਸ਼ਕਲ ਯਾਤਰਾ ਪੂਰੀ ਕੀਤੀ ਹੈ। ਪਿਛਲੇ ਸਾਲ ਉਸ ਨੇ ਹਰਿਦੁਆਰ ਤੋਂ ਹਿਮਾਚਲ ਪ੍ਰਦੇਸ਼ ਦੇ ਸੁੰਦਰਨਗਰ ਤੱਕ ਯਾਤਰਾ ਕੀਤੀ ਸੀ ਅਤੇ ਇਸ ਸਾਲ ਉਸ ਨੇ ਉੱਤਰਾਖੰਡ ’ਚ ਸਥਿਤ ਗਊਮੁੱਖ ਤੋਂ ਪੈਦਲ ਚੱਲ ਕੇ ਆਪਣੀ ਸ਼ਕਤੀ ਤੇ ਭਗਤੀ ਦੀ ਪਰਖ ਕੀਤੀ ਹੈ।
ਕ੍ਰਿਤਿਕਾ ਨੇ ਕਾਂਵੜ ’ਚ ਲਿਆਂਦਾ ਗੰਗਾਜਲ ਆਪਣੇ ਪਿੰਡ ਦੇ ਓਂਕਾਰੇਸ਼ਵਰ ਮੰਦਰ ’ਚ ਚੜ੍ਹਾ ਕੇ ਯਾਤਰਾ ਖਤਮ ਕੀਤੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੂਰਾ ਪਿੰਡ ਇਸ ਪਲ ਨੂੰ ਦੇਖਣ ਲਈ ਇਕੱਠਾ ਹੋਇਆ। ਕ੍ਰਿਤਿਕਾ ਨੇ ਕਿਹਾ ਕਿ ਉਸ ਦੇ ਪਿਤਾ ਰਾਜੇਂਦਰ ਕੁਮਾਰ ਤੇ ਹੋਰ ਪੁਰਸ਼ ਮੈਂਬਰ ਕਈ ਸਾਲਾਂ ਤੋਂ ਕਾਂਵੜ ਯਾਤਰਾ ਕਰਦੇ ਆ ਰਹੇ ਹਨ, ਜਿਨ੍ਹਾਂ ਤੋਂ ਉਸ ਨੂੰ ਪ੍ਰੇਰਨਾ ਮਿਲੀ। ਇਸ ਯਾਤਰਾ ’ਚ ਉਸ ਦੇ ਪਿਤਾ, ਚਾਚਾ ਤੇ ਹੋਰ ਪਿੰਡ ਵਾਸੀ ਵੀ ਨਾਲ ਸਨ। ਕ੍ਰਿਤਿਕਾ ਸੁੰਦਰਨਗਰ ਦੇ ਐੱਮਐੱਲਐੱਸਐੱਮ ਕਾਲਜ ’ਚ ਸਰੀਰਕ ਸਿੱਖਿਆ ਦੀ ਵਿਦਿਆਰਥਣ ਤੇ ਸੂਬਾ ਪੱਧਰੀ ਮੁੱਕੇਬਾਜ਼ ਹੈ।