ਹਿਮਾਚਲ: ਤਿੰਨ ਕੌਮੀ ਸ਼ਾਹਰਾਹਾਂ ਸਣੇ 821 ਸੜਕਾਂ ਬੰਦ, ਬਿਜਲੀ-ਪਾਣੀ ਦੀ ਸਪਲਾਈ ਠੱਪ
ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਮੀਂਹ ਕਰ ਕੇ ਤਿੰਨ ਕੌਮੀ ਸ਼ਾਹਰਾਹਾਂ (NH) ਸਮੇਤ 821 ਸੜਕਾਂ ਬੰਦ ਹਨ ਜਦੋਂ ਕਿ ਘੱਟੋ-ਘੱਟ 1,236 ਵੰਡ ਟ੍ਰਾਂਸਫਾਰਮਰ ਬੰਦ ਹੋਣ ਕਰਕੇ ਬਿਜਲੀ ਸਪਲਾਈ ਵੀ ਠੱਪ ਹੈ। ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਮੁਤਾਬਕ ਚੰਬਾ ਵਿੱਚ 253 ਸੜਕਾਂ, ਮੰਡੀ ਵਿੱਚ ਕੌਮੀ ਸ਼ਾਹਰਾਹ ਤਿੰਨ ਸਣੇ 207, ਕੁੱਲੂ ਵਿੱਚ ਕੌਮੀ ਸ਼ਾਹਰਾਹ 305 ਸਮੇਤ 176, ਕਾਂਗੜਾ ਵਿੱਚ 61, ਸ਼ਿਮਲਾ ਵਿੱਚ 39, ਊਨਾ ਵਿੱਚ 22, ਸੋਲਨ ਅਤੇ ਸਿਰਮੌਰ ਵਿੱਚ 18-18, ਬਿਲਾਸਪੁਰ ਵਿੱਚ 13, ਲਾਹੌਲ ਅਤੇ ਸਪਿਤੀ ਵਿੱਚ 11, ਕਿਨੌਰ ਵਿੱਚ ਕੌਮੀ ਸ਼ਾਹਰਾਹ 5 ਅਤੇ ਹਮੀਰਪੁਰ ਵਿੱਚ ਇੱਕ ਸੜਕ ਵੀ ਬੰਦ ਹੈ, ਜਿਸ ਨਾਲ ਰਾਜ ਦੇ ਕਈ ਹਿੱਸਿਆਂ ਵਿੱਚ ਆਵਾਜਾਈ ਪ੍ਰਭਾਵਿਤ ਹੋਈ ਹੈ।
ਇਸੇ ਤਰ੍ਹਾਂ ਕੁੱਲ 1,236 ਵੰਡ ਟਰਾਂਸਫਾਰਮਰਾਂ ਵਿੱਚੋਂ ਕੁੱਲੂ ਵਿੱਚ 357, ਊਨਾ ਵਿੱਚ 330, ਚੰਬਾ ਵਿੱਚ 296, ਮੰਡੀ ਵਿੱਚ 117, ਸੋਲਨ ਵਿੱਚ 51, ਕਿਨੌਰ ਵਿੱਚ 11, ਲਾਹੌਲ ਅਤੇ ਸਪਿਤੀ ਵਿੱਚ ਨੌਂ, ਸ਼ਿਮਲਾ ਵਿੱਚ ਤਿੰਨ ਅਤੇ ਕਾਂਗੜਾ ਵਿੱਚ ਦੋ ਖ਼ਰਾਬ ਹਨ। ਇਸ ਤੋਂ ਇਲਾਵਾ ਕਾਂਗੜਾ ਵਿੱਚ 212, ਚੰਬਾ ਵਿੱਚ 77, ਮੰਡੀ ਵਿੱਚ 56, ਕੁੱਲੂ ਵਿੱਚ 39, ਸ਼ਿਮਲਾ ਵਿੱਚ 32 ਅਤੇ ਸੋਲਨ ਅਤੇ ਹਮੀਰਪੁਰ ਜ਼ਿਲ੍ਹਿਆਂ ਵਿੱਚ ਚਾਰ-ਚਾਰ ਸਮੇਤ 424 ਜਲ ਸਪਲਾਈ ਯੋਜਨਾਵਾਂ ਠੱਪ ਹਨ, ਜਿਸ ਨਾਲ ਰਾਜ ਦੇ ਕਈ ਖੇਤਰਾਂ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ।
ਅਗਲੇ ਕੁਝ ਘੰਟਿਆਂ ਤੱਕ ਸੂਬੇ ਭਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਕਿਉਂਕਿ ਰਾਜ ਦੇ ਮੌਸਮ ਵਿਭਾਗ ਨੇ ਚੰਬਾ, ਸਿਰਮੌਰ, ਸੋਲਨ ਅਤੇ ਬਿਲਾਸਪੁਰ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਨਤੀਜੇ ਵਜੋਂ ਇਨ੍ਹਾਂ ਜ਼ਿਲ੍ਹਿਆਂ ਦੇ ਕਮਜ਼ੋਰ ਖੇਤਰਾਂ ਵਿੱਚ ਜ਼ਮੀਨ ਖਿਸਕਣ ਦੇ ਨਾਲ-ਨਾਲ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਰਾਜਧਾਨੀ ਸ਼ਿਮਲਾ, ਨਾਲ ਲੱਗਦੇ ਖੇਤਰਾਂ ਅਤੇ ਰਾਜ ਦੇ ਬਾਕੀ ਖੇਤਰਾਂ ਲਈ ਸੰਤਰੀ ਮੌਸਮ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਅਗਲੇ ਕੁਝ ਘੰਟਿਆਂ ਵਿੱਚ ਦੂਰ-ਦੁਰਾਡੇ ਇਲਾਕਿਆਂ ਵਿੱਚ ਬਹੁਤ ਭਾਰੀ ਮੀਂਹ ਪੈ ਸਕਦਾ ਹੈ।
ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ ਸਭ ਤੋਂ ਵੱਧ 110 ਮਿਲੀਮੀਟਰ ਮੀਂਹ ਚੰਬਾ ਵਿੱਚ ਦਰਜ ਕੀਤਾ ਗਿਆ। ਇਸੇ ਤੋਂ ਬਾਅਦ ਧਰਮਸ਼ਾਲਾ (69.4 ਮਿਲੀਮੀਟਰ), ਸ਼ਿਮਲਾ (62 ਮਿਲੀਮੀਟਰ), ਨਾਹਨ (60.1 ਮਿਲੀਮੀਟਰ), ਪਾਲਮਪੁਰ (60 ਮਿਲੀਮੀਟਰ), ਕਾਂਗੜਾ (40.8 ਮਿਲੀਮੀਟਰ), ਨਾਰਕੰਡਾ (40 ਮਿਲੀਮੀਟਰ), ਮਨਾਲੀ (24 ਮਿਲੀਮੀਟਰ), ਚੰਬਾ ਸ਼ਹਿਰ (14 ਮਿਲੀਮੀਟਰ) ਅਤੇ ਭੁੰਤਰ (8.6 ਮਿਲੀਮੀਟਰ) ਦਾ ਨੰਬਰ ਆਉਂਦਾ ਹੈ।