ਹਿਮਾਚਲ: ਢਿੱਗਾਂ ਡਿੱਗਣ ਕਾਰਨ ਤਿੰਨ ਕੌਮੀ ਮਾਰਗਾਂ ਸਣੇ 435 ਸੜਕਾਂ ਬੰਦ
ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਕਾਰਨ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਦੌਰਾਨ ਤਿੰਨ ਕੌਮੀ ਮਾਰਗਾਂ ਸਮੇਤ ਕੁੱਲ 435 ਸੜਕਾਂ ਬੰਦ ਹੋ ਗਈਆਂ। ਇਨ੍ਹਾਂ ਵਿੱਚੋਂ 260 ਸੜਕਾਂ ਆਫ਼ਤ ਪ੍ਰਭਾਵਿਤ ਮੰਡੀ ਜ਼ਿਲ੍ਹੇ ਨਾਲ ਸਬੰਧਤ ਹਨ। ਇਸ ਦੌਰਾਨ ਕੁੱਲੂ ਜ਼ਿਲ੍ਹੇ ਵਿੱਚ ਭਾਰੀ ਮੀਂਹ ਦੌਰਾਨ ਇੱਕ ਪਿਕਅੱਪ ਵਾਹਨ ’ਤੇ ਚੱਟਾਨ ਡਿੱਗਣ ਕਾਰਨ ਡਰਾਈਵਰ ਅਤੇ ਇੱਕ ਯਾਤਰੀ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇਹ ਹਾਦਸਾ ਸੋਮਵਾਰ ਨੂੰ ਲੁਹਰੀ ਜਾਜਰ ਸੜਕ ’ਤੇ ਕਾਨੀ ਨਾਲੇ ਨੇੜੇ ਉਸ ਸਮੇਂ ਵਾਪਰਿਆ ਜਦੋਂ ਡਰਾਈਵਰ ਡੇਅਰੀ ਕਿਸਾਨਾਂ ਤੋਂ ਦੁੱਧ ਖ਼ਰੀਦ ਕੇ ਪਿਕਅੱਪ ਰਾਹੀਂ ਪਰਤ ਰਿਹਾ ਸੀ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦੀ ਪਛਾਣ ਵਿਕਰਾਂਤ ਅਤੇ ਰਾਜੇਸ਼ ਵਜੋਂ ਹੋਈ ਹੈ। ਉਨ੍ਹਾਂ ਨੂੰ ਰਾਮਪੁਰ ਨੇੜੇ ਖਨੇਰੀ ਦੇ ਇੱਕ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ (ਐੱਸਈਓਸੀ) ਅਨੁਸਾਰ, ਹਿਮਾਚਲ ਵਿੱਚ 534 ਟਰਾਂਸਫਾਰਮਰ ਅਤੇ 197 ਜਲ ਸਪਲਾਈ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ। ਮੰਡੀ ਜ਼ਿਲ੍ਹੇ ਵਿੱਚ ਕੌਮੀ ਮਾਰਗ 21, ਮੰਡੀ-ਕੁੱਲੂ ਸੜਕ ਅਤੇ ਕੌਮੀ ਮਾਰਗ 154 (ਮੰਡੀ-ਪਠਾਨਕੋਟ) ਬੰਦ ਹਨ। ਕੌਮੀ ਮਾਰਗ 707 (ਹਟਕੋਟੀ ਤੋਂ ਪਾਉਂਟਾ ਸਾਹਿਬ) ਵੀ ਸਿਰਮੌਰ ਜ਼ਿਲ੍ਹੇ ਵਿੱਚ ਸ਼ਿਲੀਆ ਨੇੜੇ ਬੰਦ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਹਿਮਾਚਲ ਪ੍ਰਦੇਸ਼ ਵਿੱਚ 20 ਜੂਨ ਤੋਂ ਮੌਨਸੂਨ ਦੇ ਦਸਤਕ ਦੇਣ ਮਗਰੋਂ ਪੂਰੇ ਸੂਬੇ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 74 ਮੌਤ ਹੋ ਗਈਆਂ ਹਨ ਅਤੇ 34 ਲਾਪਤਾ ਹਨ। ਐੱਸਈਓਸੀ ਨੇ ਕਿਹਾ ਕਿ ਮੌਜੂਦਾ ਮੌਨਸੂਨ ਸੀਜ਼ਨ ਦੌਰਾਨ ਸੂਬੇ ਵਿੱਚ 36 ਵਾਰ ਅਚਾਨਕ ਹੜ੍ਹ, 23 ਵਾਰ ਬੱਦਲ ਫਟਣ ਅਤੇ 24 ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਨਾਲ ਲਗਪਗ 1,246 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।