ਹਾਈ ਕੋਰਟ ਵੱਲੋਂ ਸੇਲੀਨਾ ਜੇਤਲੀ ਦੇ ਭਰਾ ਨੂੰ ਕਾਨੂੰਨੀ ਮਦਦ ਦਾ ਨਿਰਦੇਸ਼
ਵਿਦੇਸ਼ ਮੰਤਰਾਲੇ ਨੇ ਕੋੲੀ ਜਾਣਕਾਰੀ ਨਾ ਦਿੱਤੀ: ਅਦਾਕਾਰਾ
Celina Jaitlyਦਿੱਲੀ ਹਾਈ ਕੋਰਟ ਨੇ ਅੱਜ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅਦਾਕਾਰਾ ਸੇਲੀਨਾ ਜੇਤਲੀ ਦੇ ਭਰਾ ਨੂੰ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਵਿੱਚ ਕਾਨੂੰਨੀ ਸਹਾਇਤਾ ਦੇਣ ਲਈ ਕਦਮ ਚੁੱਕਣ। ਸੇਲੀਨਾ ਦੇ ਭਰਾ ਨੂੰ ਇੱਕ ਸਾਲ ਪਹਿਲਾਂ ਯੂ ਏ ਈ ਵਿੱਚ ਹਿਰਾਸਤ ’ਚ ਲਿਆ ਗਿਆ ਸੀ। ਅਦਾਲਤ ਨੇ ਇਹ ਨਿਰਦੇਸ਼ ਅਦਾਕਾਰਾ ਦੀ ਉਸ ਪਟੀਸ਼ਨ ’ਤੇ ਕੇਂਦਰ ਤੋਂ ਜਵਾਬ ਤਲਬ ਕਰਦਿਆਂ ਦਿੱਤਾ, ਜਿਸ ਵਿੱਚ ਉਸ ਨੇ ਆਪਣੇ ਭਰਾ ਲਈ ਕਾਨੂੰਨੀ ਨੁਮਾਇੰਦਗੀ ਦੀ ਅਪੀਲ ਕੀਤੀ ਹੈ। ਅਦਾਕਾਰਾ ਦੀ ਅਰਜ਼ੀ ’ਤੇ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਉਸ ਨੇ ਦਾਅਵਾ ਕੀਤਾ ਸੀ ਕਿ ਉਸਦਾ ਭਰਾ ਮੇਜਰ (ਸੇਵਾਮੁਕਤ) ਵਿਕਰਾਂਤ ਕੁਮਾਰ ਜੇਤਲੀ 2016 ਤੋਂ ਯੂਏਈ ਵਿੱਚ ਰਹਿ ਰਿਹਾ ਹੈ। ਉਸ ਨੇ ਕਿਹਾ ਕਿ ਉਹ ਇਕ ਗਰੁੱਪ ਵਿੱਚ ਨੌਕਰੀ ਕਰਦਾ ਸੀ। ਇੱਕ ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਕੇਂਦਰੀ ਵਿਦੇਸ਼ ਮੰਤਰਾਲਾ ਅਦਾਕਾਰ ਦੇ ਭਰਾ ਬਾਰੇ ਮੁੱਢਲੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਅਸਫਲ ਰਿਹਾ ਹੈ। ਇਸ ਤੋਂ ਬਾਅਦ ਜਸਟਿਸ ਸਚਿਨ ਦੱਤਾ ਨੇ ਸਰਕਾਰ ਨੂੰ ਸੁਣਵਾਈ ਦੀ ਅਗਲੀ ਤਰੀਕ 4 ਦਸੰਬਰ ਤੱਕ ਆਪਣਾ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ। -ਪੀਟੀਆਈ

