ਲੁਕਵੀਂ ਜੰਗ ਤੇ ਆਈਐੱਸਆਈਐੱਸ ਵੱਡੀਆਂ ਚੁਣੌਤੀਆਂ: ਐੱਨਆਈਏ ਮੁਖੀ
ਕੌਮੀ ਜਾਂਚ ਏਜੰਸੀ (NIA) ਦੇ ਡਾਇਰੈਕਟਰ ਜਨਰਲ ਸਦਾਨੰਦ ਦਾਤੇ ਨੇ ਕਿਹਾ ਕਿ ਪ੍ਰੌਕਸੀ ਯੁੱਧ (ਲੁਕਵੀਂ ਜੰਗ) ਅਤੇ ਆਈਐੱਸਆਈਐੱਸ ਭਾਰਤ ਲਈ ਵੱਡੀਆਂ ਚੁਣੌਤੀਆਂ ਹਨ। ਦਾਤੇੇ ਨੇ ਜ਼ੋਰ ਦੇ ਕੇ ਆਖਿਆ ਕਿ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਕੌਮੀ ਸੁਰੱਖਿਆ ਲਈ ਜ਼ਿੰਮੇਵਾਰ ਸੰਸਥਾਵਾਂ ਵਿਚ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਚਾਹੀਦਾ ਹੈ। ਉਹ ਸ਼ਨਿੱਚਰਵਾਰ ਨੂੰ ਪੁਣੇ ਵਿਚ ਇੱਕ ਸਮਾਗਮ ’ਚ ਸ਼ਾਮਲ ਹੋਣ ਲਈ ਆਏ ਸਨ ਜਿੱਥੇ ਉਨ੍ਹਾਂ ਨੇ ‘ਭਾਰਤ ਦੀ ਅੰਦਰੂਨੀ ਸੁਰੱਖਿਆ ਅਤੇ ਇਸ ਦੀਆਂ ਚੁਣੌਤੀਆਂ’ ਵਿਸ਼ੇ ਉੱਤੇ ਭਾਸ਼ਣ ਦਿੱਤਾ।
ਦੇਸ਼ ਦੀ ਪ੍ਰਮੁੱਖ ਅਤਿਵਾਦ ਵਿਰੋਧੀ ਜਾਂਚ ਏਜੰਸੀ ਦੇ ਮੁਖੀ ਨੇ ਕਿਹਾ ਕਿ ਜਿੱਥੇ ਨਕਸਲਵਾਦ, ਖਾਲਿਸਤਾਨੀ ਅਨਸਰ ਅਤੇ ਵੱਖਵਾਦ ਅੰਦਰੂਨੀ ਚੁਣੌਤੀਆਂ ਬਣੇ ਹੋਏ ਹਨ, ਉਥੇ ਪ੍ਰੌਕਸੀ ਯੁੱਧ ਅਤੇ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ਆਈਐਸਆਈਐਸ) ਜਿਹੇ ਅਤਿਵਾਦੀ ਸਮੂਹ ਦੇਸ਼ ਲਈ ਵੱਡਾ ਖ਼ਤਰਾ ਹਨ।
ਸੀਨੀਅਰ ਆਈਪੀਐੱਸ ਅਧਿਕਾਰੀ ਨੇ ਕਿਹਾ, ‘‘ਪਹਿਲਾ, ਕੁਝ ਦੇਸ਼ ਪ੍ਰੌਕਸੀ ਯੁੱਧਾਂ ਰਾਹੀਂ ਸਾਡੀ ਤਰੱਕੀ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਅਤੇ ਦੂਜਾ ਆਈਐਸਆਈਐਸ ਹੈ। ਜੇਕਰ ਅਸੀਂ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਲੋਕਤੰਤਰ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਜੇਕਰ ਅਸੀਂ ਚੁਣੌਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣਾ ਚਾਹੁੰਦੇ ਹਾਂ, ਤਾਂ ਕੌਮੀ ਸੁਰੱਖਿਆ ਲਈ ਜ਼ਿੰਮੇਵਾਰ ਸੰਸਥਾਵਾਂ ਅੰਦਰ ਭ੍ਰਿਸ਼ਟਾਚਾਰ ਵੀ ਖਤਮ ਹੋਣਾ ਚਾਹੀਦਾ ਹੈ।’’
ਐਨਆਈਏ ਮੁਖੀ ਨੇ ਕਿਹਾ ਕਿ ਭਾਰਤ ਨੂੰ ਕਈ ਅੰਦਰੂਨੀ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਵਿੱਚ ਅਤਿਵਾਦ, ਨਕਸਲਵਾਦ, ਖਾਲਿਸਤਾਨੀ ਅਨਸਰ, ਕਸ਼ਮੀਰ ਵਿੱਚ ਵੱਖਵਾਦ ਅਤੇ ਉੱਤਰ-ਪੂਰਬ ਵਿੱਚ ਬੰਗਲਾਦੇਸ਼ ਅਤੇ ਮਿਆਂਮਾਰ ਤੋਂ ਘੁਸਪੈਠ ਸ਼ਾਮਲ ਹਨ। ਉਨ੍ਹਾਂ ਕਿਹਾ, ‘‘ਹੁਣ ਤੱਕ, ਅਸੀਂ ਇਨ੍ਹਾਂ ਵਿੱਚੋਂ ਬਹੁਤ ਸਾਰੇ ਮੁੱਦਿਆਂ ’ਤੇ ਸਫਲਤਾਪੂਰਵਕ ਕਾਬੂ ਪਾ ਲਿਆ ਹੈ। ਸਾਡਾ ਸੰਵਿਧਾਨ ਅਤੇ ਲੋਕਤੰਤਰ, ਤੇ ਇੱਕ ਸੁਤੰਤਰ ਨਿਆਂਪਾਲਿਕਾ ਸਾਡੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਹਨ, ਕਿਉਂਕਿ ਇਸ ਨੇ ਸਾਨੂੰ ਸਫਲ ਹੋਣ ਦੇ ਯੋਗ ਬਣਾਇਆ ਹੈ।’’